ਮੌੜ ਮੰਡੀ, 18 ਜੂਨ (ਰੇਸ਼ਮ ਸਿੰਘ ਕੁੱਬੇ)- ਬੀਤੇ ਦਿਨੀਂ ਪਈ ਜੂਨ ਦੀ ਪਹਿਲੀ ਬਾਰਸ਼ ਨੇ ਜਿਥੇ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਲਿਆਂਦੀ ਉਥੇ ਹੀ ਕਈਆਂ ਨੂੰ ਆਫ਼ਤਾਂ ਦਾ ਸਾਹਮਣਾਂ ਵੀ ਕਰਨਾ ਪਿਆ। ਇਸ ਬਾਰਸ਼ ਦੌਰਾਨ ਕਿਸਾਨ ਰੋਹੀ ਸਿੰਘ ਦਾ ਕਮਰਾ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਉਕਤ ਰੋਹੀ ਸਿੰਘ ਨੇ ਆਪਣੇ ਤਿੰਨ ਕਮਰੇ ਪਾਏ ਹੋਏ ਸਨ ਜਿਸ ਵਿਚੋਂ ਕਿ ਮੌਸਮ ਦੀ ਪਹਿਲੀ ਬਾਰਸ਼ ਨਾਲ ਹੀ ਇਕ ਕਮਰੇ ਦੀ ਛੱਤ ਡਿੱਗਣ ਨਾਲ ਕਮਰੇ ਵਿਚ ਪਿਆ ਘਰ ਦਾ ਸਮਾਨ, ਮੋਟਰਸਾਇਕਲ, ਰਸੋਈ ਦਾ ਸਮਾਨ ਸਾਰਾ ਮਲਬੇ ਹੇਠ ਦਬਣ ਕਾਰਨ ਖਰਾਬ ਹੋ ਗਿਆ। ਇਸ ਸਬੰਧੀ ਰੋਹੀ ਸਿੰਘ ਨੇ ਦੱਸਿਆ ਕਿ ਅਸੀਂ ਸਾਰਾ ਪਰਿਵਾਰ ਪਿੰਡੋਂ ਥੋੜਾ ਦੂਰੀ ਤੇ ਰਹਿੰਦੇ ਹੋਣ ਕਾਰਨ ਗੁਰੂਘਰ ਵਿਚ ਹੁੰਦੀ ਅਨਾਉਂਸਮੈਂਟ ਸੁਣ ਰਹੇ ਸੀ ਕਿ ਅਚਾਨਕ ਹੀ ਵੱਡਾ ਖੜਾਕ ਹੋਇਆ ਤੇ ਜਦ ਅਸੀਂ ਦੇਖਿਆ ਤਾਂ ਸਾਡਾ ਕਮਰਾ ਡਿੱਗਾ ਹੋਇਆ ਸੀ। ਅਨਾਉਂਸਮੈਂਟ ਸੁਨਣ ਲਈ ਹੀ ਅਸੀਂ ਘਰ ਦੇ ਵਿਹੜੇ ਵਿਚ ਆ ਖੜੇ ਹੋਏ ਨਹੀਂ ਤਾਂ ਹੋ ਸਕਦਾ ਹੈ ਸਾਡੇ ਪਰਿਵਾਰ ਦਾ ਕੋਈ ਮੈਂਬਰ ਅੰਦਰ ਵੀ ਹੁੰਦਾ ਤੇ ਇਸ ਕਮਰੇ ਦੇ ਮਲਬੇ ਵਿਚ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਇਸ ਕਮਰੇ ਦੀ ਛੱਤ ਡਿੱਗਣ ਨਾਲ ਦੂਸਰੇ ਦੋਨੋਂ ਕਮਰਿਆਂ ਦੀਆਂ ਛੱਤਾਂ ਵੀ ਨੁਕਸਾਨੀਆਂ ਗਈਆਂ ਤੇ ਤਰੇੜਾਂ ਆ ਗਈਆਂ ਤੇ ਵਰਤਣ ਯੋਗ ਨਹੀਂ ਹਨ। ਜਿਸ ਦੇ ਡਰੋਂ ਪਰਿਵਾਰ ਨੇ ਖੁੱਲੇ ਅਸਮਾਨ ਥੱਲੇ ਹੀ ਰਾਤ ਕੱਟੀ ਤੇ ਸਵੇਰੇ ਟੰਬੇ ਗੱਡਕੇ ਉਪਰ ਕਾਗਜ਼ ਪਾ ਕੇ ਤਿੰਨਾਂ ਕਮਰਿਆਂ ਦਾ ਸਮਾਨ ਵੇਹੜੇ ਵਿਚ ਪਾਈ ਝੁੰਬੀ ਵਿਚ ਰੱਖਿਆ ਗਿਆ। ਪੀੜ੍ਹਤ ਪਰਿਵਾਰ ਨੇ ਪ੍ਰਸਾਸ਼ਨ ਤੇ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ।
ਪਹਿਲੀ ਬਾਰਸ਼ ਨੇ ਕਿਸਾਨ ਰੋਹੀ ਸਿੰਘ ਦਾ ਆਸਰਾ ਢਾਹਿਆ



