ਤਿੰਨ ਕਾਵਿ ਰਚਨਾਵਾਂ

(1)

ਮਰਦ ਪ੍ਰਧਾਨ ਇਸ ਦੁਨੀਆਂ ਅੰਦਰ,
ਔਰਤ ਤੇਰੀ ਇਹੀ ਕਹਾਣੀ ਹੈ।

ਜੰਮਦੀ ਨੂੰ ਮਿਲਣ ਬਦ-ਦੁਆਵਾਂ,
ਬੋਲਣ ਨੂੰ ਕਹਿੰਦੇ ਇਸ ਨੂੰ ਧੀ ਰਾਣੀ ਹੈ।

ਮਾਂ-ਬਾਪ ਦੀ ਇੱਜ਼ਤ ਵਧਾਵਣ ਖਾਤਰ ,
ਸਹਿੰਦੀ ਰਹਿੰਦੀ ਵੰਡ-ਕਾਣੀ ਹੈ।

ਕੌਣ ਅਪਣਾਉਂਦਾ ਦਿਲ ਤੋਂ ਇਸ ਨੂੰ,
ਹੋਵੇ ਫ਼ਿਰ ਭਾਵੇਂ ਧੀ,ਭੈਣ ਜਾਂ ਮਾਂ-ਰਾਣੀ ਹੈ।

ਆਣ ਜਵਾਨੀ ਜਦ ਪੈਰ ਹੈ ਧਰਦੀ,
ਲੋਕਾਂ ਦੀ ਅੱਖ ਬਣਦੀ ਮਸਤਾਨੀ ਹੈ।

ਹੈਵਾਨੀਅਤ ਨਾਲ ਭਰੀ ਇਸ ਦੁਨੀਆਂ ਅੰਦਰ,
ਮਰਦ ਆਖੇ ਔਰਤ ਤਾਂ ਵਹਿੰਦਾ ਪਾਣੀ ਹੈ।

ਲੱਖਾਂ ਦੁੱਖ ਸਹਿ ਕੇ ਵੀ ਜ਼ਿੰਮੇਵਾਰੀ ਨਿਭਾਉਣ ਵਾਲੀ,
ਬਣ ਜਾਂਦੀ ਦੂਜਿਆਂ ਦੇ ਹੱਥਾਂ ਦੀ ਘਾਣੀ ਹੈ।

ਭੋਲਾ ਬਚਪਨ ,ਰੰਗੀਨ ਜਵਾਨੀ,ਬੇਸਹਾਰਾ ਬੁਢਾਪਾ,
ਕਿੱਦਾਂ ਇਹ ਕੱਟਦੀ ,ਕੌਣ ਇਸ ਦਾ ਹਾਣੀ ਹੈ ?

ਰੋ-ਰੋ ਇਹ ਸਮਝਾਵੇ ਦੁਨੀਆਂ ਨੂੰ,
ਔਰਤ ਫ਼ਿਰ ਵੀ ਪਵਿੱਤਰ ਤੇ ਨਿਆਣੀ ਹੈ।

ਭੁੱਖੇ ਸ਼ੇਰਾਂ ਦੀ ਤਰ੍ਹਾਂ ਹਰ ਕੋਈ ਪੈਂਦਾ,
ਜਿਵੇਂ ਹਿਰਨਾ ਦੀ ਉਹ ਢਾਣੀ ਹੈ।

ਬਣ ਕੇ ਪਿਆਰ ਉਹ ਰਾਜ ਹੈ ਕਰਨਾ ਚਾਹੁੰਦੀ,
ਭਾਵੇਂ ਹੋਵੇ ਪਤਨੀ,ਪ੍ਰੇਮਿਕਾ ਜਾਂ ਮਹਾਰਾਣੀ ਹੈ ।

ਮਰਦਾਂ ਦੀ  ਇਸ ਦੁਨੀਆ ’ਚ, ਕੋਈ ਤਾਂ ਮਰਦ ਅਖਵਾਏ,
ਜੋ ਕਹੇ ਔਰਤ ਨੂੰ ਤੂੰ ਸਾਡੇ ਘਰ ਦੀ ਰਾਣੀ ਹੈਂ।

‘ਸਰਬ’ ਸਮਝਾਵੇ ਸਭ ਨੂੰ ਇੱਕੋ ਗੱਲ ,
ਔਰਤ ਫ਼ਿਰ ਵੀ,ਆਪਣੇ ਮਨ ਦੀ ਪਟਰਾਣੀ ਹੈ।

(2)

ਖਾਬਾਂ ਦੀ ਇਸ ਦੁਨੀਆਂ ਅੰਦਰ,
ਖਾਬ ਸਜਾਉਣਾ ਚੰਗਾ ਏ।

ਅਮਲੀ ਜ਼ਿੰਦਗੀ ਜੀਵਣ ਲਈ,
ਧਰਤੀ ‘ਤ ਰਹਿਣਾ ਚੰਗਾ ਏ।

ਵੱਡਿਆਂ ਦੀਆਂ ਨਸੀਹਤਾਂ ਉ¤ਤੇ ,
ਸਮਾਜਿਕ ਜੀਵਣ ਜਣਿਾ ਚੰਗਾ ਏ।

ਅਧਿਆਪਕ ਦਾ ਸਿਖਾਉਣਾ ਫ਼ਰਜ਼ ਹੈ ਉਸਦਾ,
ਵਿਦਿਆਰਥੀ ਦਾ ਕਹਿਣਾ ਮੰਨਣਾ ਚੰਗਾ ਏ।

ਰੱਬ ਦੀ ਸਾਜੀ ਇਸ ਧਰਤੀ ‘ਤੇ,
ਮਾਪਿਆਂ ਦਾ ਬੱਚਿਆਂ ਨੂੰ ਪਾਲਣਾ ਚੰਗਾ ਏ।

ਵੈਰ-ਵਿਰੋਧ ਮਿਟਾਵਣ ਖ਼ਾਤਰ,
ਸ਼ਾਂਤੀ ਦੇ ਰਾਹ ਚੱਲਣਾ ਚੰਗਾ ਏ ।

ਸੱਚ ਦੇ ਰਾਹ ‘ਤੇ ਚੱਲਣ ਲਈ,
ਖੁਦਦਾਰੀ ਵਿੱਚ ਰਹਿਣਾ ਚੰਗਾ ਏ।

ਇਨਸਾਨੀਅਤ ਜ਼ਿੰਦਾ ਰੱਖਣ ਲਈ,
ਆਪਸੀ ਪਿਆਰ ਵਧਾਉਣਾ ਚੰਗਾ ਏ।

ਦੂਜਿਆਂ ਨੂੰ ਸਬਕ ਸਿਖਾਵਣ ਨਾਲੋਂ,
ਆਪਣਾ-ਆਪ ਬਦਲਣਾ ਚੰਗਾ ਏ।

ਜੇ ਨਾ ਬਣ ਸਕੀਏ ਫ਼ਰਿਸ਼ਤੇ ਇਸ ਧਰਤੀ ਦੇ,
ਇਨਸਾਨ ਹੀ ਬਣ ਕੇ ਰਹਿਣਾ ਚੰਗਾ ਏ।

(3)
ਗਿਆਨ ਵਿਹੁਣੀ ਜ਼ਿੰਦਗੀ ਅੰਦਰ ,
ਆਪਾ-ਧਾਪੀ ਫ਼ੈਲੀ ਹੈ।

ਪੈਸੇ ਦੀ ਅੰਨ੍ਹੀ ਦੌੜ ਅੰਦਰ,
ਮਾਨਵਤਾ ਹੀ ਮੈਲੀ ਹੈ।

ਸਾਹਾਂ ਦੀ ਖੁਰਦੀ ਜਾਂਦੀ ਡਲੀ ਅੰਦਰ,
ਹਊਮੈਂ ਦਾ ਹਰ ਇਨਸਾਨ ਵੈਲੀ ਹੈ।

ਕਦਰਾਂ-ਕੀਮਤਾਂ ਵਾਲੇ ਸਮਾਜ ਅੰਦਰ,
ਹੁੰਦੀ ਰੋਜ਼ ਸੜਕਾਂ ਤੇ ਰੈਲੀ ਹੈ।

ਸਮਾਜ ਦੇ ਵੱਖ-ਵੱਖ ਧਰਮਾਂ ਅੰਦਰ,
ਅਧਰਮੀ ਭਰਦਾ ਨੋਟਾਂ ਦੀ ਥੈਲੀ ਹੈ।

ਵਿਦੇਸ਼ ਜਾਣ ਦਾ ਲਾਲਚ ਬੱਚਿਆਂ ਅੰਦਰ,
ਘਟਾਉਂਦਾ ਮਿਹਨਤ ਨਾਲ ਬਣਾਈ ਪੈਲ਼ੀ ਹੈ ।

‘ਸਰਬ’ ਫ਼ਿਰ ਵੀ ਕੁਦਰਤ ਦੀ ਪ੍ਰਵਿਰਤੀ ਅੰਦਰ,
ਖਰਕੇ ਸੱਚੇ ਕਰਮ ਬਣ ਜਾਣਾ ਜੈਲੀ ਹੈ ।

-ਸਰਬਜੀਤ ਕੌਰ ਚੰਡੀਗੜ੍ਹ
ਸੰਪਰਕ : 94634-46838

Send this to a friend