May 30, 2026 3:12 am

ਵੋਟਰਾਂ ਦੀ ਜਾਣਕਾਰੀ ਦੀ ਸੁਰੱਖਿਆ ਜ਼ਰੂਰੀ; ਸਾਈਬਰ ਸੁਰੱਖਿਆ ਵਰਕਸ਼ਾਪ ‘ਚ ਆਧੁਨਿਕ ਤਕਨੀਕ ਨਾਲ ਲੈਸ ਹੋਣ ਦਾ ਹੋਕਾ

ਅੱਠ ਸੂਬਿਆਂ ਦੀ ਸਾਈਬਰ ਸੁਰੱਖਿਆ ਬਾਰੇ ਖੇਤਰੀ ਵਰਕਸ਼ਾਪ ਵਿੱਚ ਪੁੱਜਿਆ ਚੋਣ ਅਮਲਾ

ਚੰਡੀਗੜ੍ਹ – ਤੇਜ਼-ਤਰਾਰ ਸੂਚਨਾ ਤਕਨਾਲੌਜੀ ਦੇ ਅਜੋਕੇ ਯੁੱਗ ਵਿੱਚ ਵੋਟਰਾਂ ਦੀ ਜਾਣਕਾਰੀ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ ਅਤੇ ਚੋਣ ਅਮਲੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਈਬਰ ਅਪਰਾਧਾਂ ਵਿਰੁੱਧ ਲੜਨ ਲਈ ਆਧੁਨਿਕ ਤਕਨੀਕਾਂ ਨਾਲ ਲੈਸ ਹੋਵੇ। ਇਹ ਹੋਕਾ ਅੱਜ ਇਥੇ ਸਮਾਪਤ ਹੋਈ ਸਾਈਬਰ ਸੁਰੱਖਿਆ ਬਾਰੇ ਖੇਤਰੀ ਵਰਕਸ਼ਾਪ ਦੌਰਾਨ ਜੁੜੇ ਮਾਹਰਾਂ ਅਤੇ ਚੋਣ ਅਮਲੇ ਨੇ ਸਾਂਝੇ ਤੌਰ ‘ਤੇ ਦਿੱਤਾ।ਪੰਜਾਬ ਦੇ ਮੁੱਖ ਚੋਣ ਦਫ਼ਤਰ ਵੱਲੋਂ ਵੋਟਰਾਂ ਦੀ ਜਾਣਕਾਰੀ ਸਬੰਧੀ ਡਾਟਾ ਨੂੰ ਸੁਰੱਖਿਅਤ ਰੱਖਣ ਅਤੇ ਸੁਰੱਖਿਆ ਮਾਪਦੰਡਾਂ ਬਾਰੇ ਅਧਿਕਾਰੀਆਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਕਰਵਾਈ ਗਈ ਇਕ ਰੋਜ਼ਾ ਵਰਕਸ਼ਾਪ ਵਿੱਚ ਪੰਜਾਬ ਸਮੇਤ ਉੱਤਰੀ ਭਾਰਤ ਦੇ ਅੱਠ ਸੂਬਿਆਂ; ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਹਰਿਆਣਾ, ਉੱਤਰਾਖੰਡ, ਦਿੱਲੀ ਅਤੇ ਰਾਜਸਥਾਨ ਦੇ ਮੁੱਖ ਚੋਣ ਅਫ਼ਸਰ, ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਈ.ਆਰ.ਓਜ਼, ਏ.ਈ.ਆਰ.ਓਜ਼ ਅਤੇ ਤਕਨੀਕੀ ਵਿੰਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਭਾਗ ਲਿਆ। ਵਰਕਸ਼ਾਪ ਦੀ ਪ੍ਰਧਾਨਗੀ ਭਾਰਤੀ ਚੋਣ ਕਮਿਸ਼ਨਰ ਸ੍ਰੀ ਅਸ਼ੋਕ ਲਵਾਸਾ ਨੇ ਕੀਤੀ।ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸ੍ਰੀ ਲਵਾਸਾ ਨੇ ਕਿਹਾ ਕਿ ਚੋਣ ਕਮਿਸ਼ਨ ਲਈ ਜਿੰਨਾ ਅਹਿਮ ਦੇਸ਼ ਦੇ ਯੋਗ ਵੋਟਰਾਂ ਸਬੰਧੀ ਡਾਟਾ ਇਕੱਤਰ ਕਰਨਾ ਹੈ, ਉਨਾ ਹੀ ਜ਼ਰੂਰੀ ਇਕੱਤਰ ਡਾਟਾ ਨੂੰ ਸੁਰੱਖਿਅਤ ਰੱਖਣਾ ਵੀ ਹੈ। ਉਨ੍ਹਾਂ ਕਿਹਾ ਕਿ ਇਹ ਡਾਟਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੈ, ਇਸ ਲਈ ਸਾਡੀ ਸਭ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਨੂੰ ਹੈਕ ਜਾਂ ਚੋਰੀ ਹੋਣ ਤੋਂ ਬਚਾਉਣ ਲਈ ਨਵੀਨਤਮ ਤਕਨੀਕਾਂ ਤੋਂ ਜਾਣੂ ਹੋ ਕੇ ਇਸ ਦਿਸ਼ਾ ਵਿੱਚ ਕੰਮ ਕੀਤਾ ਜਾਵੇ।ਵਰਕਸ਼ਾਪ ਵਿੱਚ ਪਹੁੰਚੇ ਭਾਰਤੀ ਚੋਣ ਕਮਿਸ਼ਨਰ ਅਤੇ ਸਮੂਹ ਚੋਣ ਸਟਾਫ਼ ਦਾ ਸਵਾਗਤ ਕਰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਵਰਕਸ਼ਾਪ ਦੇ ਉਦੇਸ਼ ਉਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕੰਪਿਊਟਰ ਦੀ ਆਮਦ ਨੇ ਜਿੱਥੇ ਹਰ ਕੰਮ ਨੂੰ ਸੁਖਾਲਾ ਬਣਾਇਆ ਹੈ, ਉਥੇ ਨਾਲ ਹੀ ਕਈ ਆਧੁਨਿਕ ਕਿਸਮ ਦੇ ਖ਼ਤਰੇ ਵੀ ਪੈਦਾ ਕੀਤੇ ਹਨ, ਜਿਸ ਨੂੰ ਧਿਆਨ ਵਿੱਚ ਰੱਖ ਕੇ ਇਹ ਵਰਕਸ਼ਾਪ ਕਰਵਾਈ ਜਾ ਰਹੀ ਹੈ।ਵਰਕਸ਼ਾਪ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਮੁੱਖ ਸੂਚਨਾ ਸੁਰੱਖਿਆ ਅਧਿਕਾਰੀ (ਸੀ.ਆਈ.ਐਸ.ਓ), ਸੀ.ਡੈਕ, ਇੰਫ਼ੋਸੈਕ ਅਵੇਅਰਨੈਸ ਐਂਡ ਐਜੂਕੇਸ਼ਨ ਡਿਵੀਜ਼ਨ ਆਫ਼ ਮਾਇਟੀ ਭਾਰਤ ਸਰਕਾਰ, ਮਿਸ ਰੁਚੀ ਗੋਲਾ ਸਾਇੰਟਿਸਟ-ਡੀ ਕਾਰਟ-ਇਨ, ਸ੍ਰੀ ਸਈਦ ਹਸਨ ਮਹਿਮੂਦ ਸਾਇੰਟਿਸਟ-ਬੀ. ਐਨ.ਆਈ.ਸੀ. ਕਾਰਟ, ਸ੍ਰੀ ਰਾਹੁਲ ਕੁਮਾਰ ਪ੍ਰਾਜੈਕਟ ਇੰਜਨੀਅਰ ਸੀ.ਡੈਕ ਨੇ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸਾਈਬਰ ਹਮਲਿਆਂ ਤੋਂ ਡਾਟਾ ਸੁਰੱਖਿਅਤ ਰੱਖਣ ਦੇ ਤਰੀਕੇ ਦੱਸੇ। ਵਰਕਸ਼ਾਪ ਦੇ ਅਖ਼ੀਰ ਵਿੱਚ ਇਸ ਵਿਸ਼ੇ ‘ਤੇ ਸਮੂਹ ਪ੍ਰਤੀਭਾਗੀ ਸੂਬਿਆਂ ਦੇ ਮੁੱਖ ਚੋਣ ਅਧਿਕਾਰੀ ਅਤੇ ਦਿੱਲੀ ਤੋਂ ਆਏ ਮਾਹਰਾਂ ਦੀ ਪੈਨਲ ਡਿਸਕਸ਼ਨ ਵੀ ਹੋਈ।

Send this to a friend