ਚੰਡੀਗੜ੍ਹ, 12 ਜੂਨ (ਪੰਜਾਬ ਟਾਇਮਜ਼ ਬਿਊਰੋ)- ਕੇਂਦਰ ਸਰਕਾਰ ਵੱਲੋਂ ਪੇਂਡੂ ਖੇਤਰਾਂ ਨੂੰ ਪੀਣ ਵਾਲਾ ਪਾਣੀ ਸਪਲਾਈ ਕਰਨ ਵਾਲੀ ਸਕੀਮ ਨੈਸ਼ਨਲ ਰੂਰਲ ਡਰਿਕਿੰਗ ਵਾਟਰ ਪ੍ਰੋਗਰਾਮ (ਐਨ.ਆਰ.ਡੀ.ਡਬਲਿਊ. ਪ੍ਰੋਗਰਾਮ) ਦੇ ਨਿਯਮਾਂ ’ਚ ਵੱਡਾ ਫੇਰਬਦਲ ਕਰਨ ਲਈ ਖਾਕਾ ਤਿਆਰ ਕਰ ਲਿਆ ਗਿਆ ਹੈ ਜੇਕਰ ਇਹ ਸੋਧ ਕੀਤੀ ਜਾਂਦੀ ਹੈ ਤਾਂ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਚੱਲ ਰਹੀਆਂ ਸਕੀਮਾਂ ਨੂੰ ਅੱਧ ਵਿਚਾਲੇ ਰੋਕਣਾ ਪੈ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਇਸ ਲੋਕ ਵਿਰੋਧੀ ਪ੍ਰਸਤਾਵਿਤ ਕਦਮ ਦਾ ਵਿਰੋਧ ਕੀਤਾ ਜਾਵੇਗਾ। ਇਹ ਬਿਆਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਵੱਲੋਂ ਅੱਜ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਇਸ ਪ੍ਰਸਤਾਵਿਤ ਕਦਮ ’ਤੇ ਭਵਿੱਖਮਈ ਰਣਨੀਤੀ ਤਿਆਰ ਕਰਨ ਲਈ ਅੱਜ ਵਿਭਾਗ ਦੀ ਉਚ ਪੱਧਰੀ ਮੀਟਿੰਗ ਸੱਦੀ ਗਈ ਸੀ।