May 26, 2026 9:57 am

ਬਾਬਾ ਪ੍ਰਦੀਪ ਸਿੰਘ ਜੀ ਚਾਂਦਪੁਰਾ ਦੀ ਅਗਵਾਈ ਵਿੱਚ ਬਰਗਾੜੀ ਤੱਕ ਮੋਟਰਸਾਇਕਲ ਮਾਰਚ

ਬਰੇਟਾ, 11 ਜੂਨ (ਜੈਲ ਕੌਰ ਖਾਲਸਾ)- ਸ੍ਰੀ ਗੁਰੁੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਵਿੱਚ ਵਾਪਰੇ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦੇ ਲਈ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਬਰਗਾੜੀ ਵਿਖੇ ਵਿੱਢੇ ਹੋਏ ਸੰਘਰਸ਼ ਨੂੰ ਸਮਰਥਨ ਦੇਣ ਦੇ ਲਈ ਇੱਕ ਵਿਸ਼ਾਲ ਮੋਟਰਸਾਇਕਲ ਮਾਰਚ ਬਰੇਟਾ ਇਲਾਕੇ ਤੋਂ ਬਰਗਾੜੀ ਤੱਕ ਸ਼ੁਰੂ ਕੀਤਾ। ਬਾਬਾ ਪ੍ਰਦੀਪ ਸਿੰਘ ਜੀ ਚਾਂਦਪੁਰਾ ਪ੍ਰਮੱਖ ਆਗੂ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਨੇ ਕਿਹਾ ਕਿ ਸਿੱਖ ਕੌਮ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਮੰਗਾਂ ਸਬੰਧੀ ਯਤਨ ਕਰ ਰਹੀ ਹੈ ਲੇਕਿਨ ਸਮੇਂ ਦੀਆਂ ਸਰਕਾਰਾਂ ਨੇ ਇਨਸਾਫ ਨਹੀਂ ਦਿੱਤਾ।ਬਾਪੂ ਸੂਰਤ ਸਿੰਘ ਦਾ ਸੰਘਰਸ਼ ਸਮੇਂ ਦੀਆਂ ਸਰਕਾਰਾਂ ਵੱਲੋਂ ਬਿੱਲਕੁਲ ਅੱਖੋਂ ਪਰੋਖੇ ਕੀਤਾ ਗਿਆ ਹੈ ਅਤੇ ਭਾਈ ਗੁਰਬਖਸ਼ ਸਿੰਘ ਵੀ ਸੰਘਰਸ਼ ਨੂੰ ਸਿਖਰ ਤੇ ਪਹੁੰਚਾਉਂਦਿਆਂ ਆਪਣੀ ਜਾਨ ਕੁਰਬਾਨ ਕਰ ਗਏ ਸਨ ਲੇਕਿਨ ਸਰਕਾਰ ਨੇ ਚੁੱਪ ਹੀ ਧਾਰੀ ਰੱਖੀ ਹੈ, ਇਸ ਲਈ ਜਰੂਰੀ ਹੈ ਕਿ ਕੌਮ ਮਿਲਕੇ ਸੰਘਰਸ਼ ਕਰੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖ ਪੰਥ ਅਤੇ ਇਲਾਕੇ ਦੇ ਮਹਾਨ ਪ੍ਰਚਾਰਕ ਬਾਬਾ ਪ੍ਰਦੀਪ ਸਿੰਘ ਜੀ ਚਾਂਦਪੁਰਾ ਪ੍ਰਮੱਖ ਆਗੂ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਨੇ ਦੱਸਿਆ ਕਿ ਜਥੇਦਾਰ ਸਾਹਿਬ ਵੱਲੋਂ ਪਾਵਨ ਸਰੂਪ ਚੋਰੀ ਕਰਨ ਵਾਲਿਆਂ ਦੀ ਗ੍ਰਿਫਤਾਰੀ, ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ ਤੇ ਬੈਠੀ ਸੰਗਤ ਤੇ ਕਹਿਰ ਢਾਹੁਣ ਵਾਲੇ ਤੇ 2 ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਪੁਲਸ ਮੁਲਾਜਮਾਂ ਤੇ ਅਫਸਰਾਂ ਨੂੰ ਸਜਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਹ ਮੋਰਚਾ ਆਰੰਭਿਆ ਹੈ ਅਤੇ ਸਮੁੱਚੀ ਕੌਮ ਦਾ ਫਰਜ ਬਣਦਾ ਹੈ ਕਿ ਉਹ ਇਸ ਸਬੰਧੀ ਸੰਘਰਸ਼ ਦਾ ਸਾਥ ਦੇਵੇ। ਇਸ ਸ਼੍ਰੌਮਣੀ ਅਕਾਲੀ ਦਲ (ਅ) ਦੇ ਬਲਾਕ ਪ੍ਰਧਾਨ ਜਥੇਦਾਰ ਗੁਰਮੇਲ ਸਿੰਘ ਖੁਡਾਲ, ਗੁਰਮੀਤ ਸਿੰਘ ਖੁਡਾਲ, ਦੀਪ ਸਿੰਘ ਜਾਖਲ ਤੋਂ ਇਲਾਵਾ ਹੋਰ ਵੀ ਪੰਥਕ ਨੌਜਵਾਨ ਆਗੂ ਹਾਜ਼ਰ ਸਨ।

Send this to a friend