ਦੋਹਾਂ ਰਾਸ਼ਟਰ ਮੁਖੀਆਂ ਵੱਲੋਂ ਕੁਝ ਸੈਕਿੰਡ ਗੱਲਬਾਤ
ਬੀਜਿੰਗ/ਨਵੀਂ ਦਿਲੀ, 10 ਜੂਨ- ਭਾਰਤ ਅਤੇ ਪਾਕਿਸਤਾਨ ਨੇ ਪਹਿਲੀ ਵਾਰੀ ਪੂਰਨ ਮੈਂਬਰ ਦੇ ਤੌਰ ’ਤੇ ਸ਼ੰਘਾਈ ਸਹਿਯੋਗ ਸੰਗਠਨ (ਸ਼3ੌ) ਸ਼ਿਖਰ ਸੰਮੇਲਨ ਵਿਚ ਹਿਸਾ ਲਿਆ।ਚੀਨ ਦੇ ਕਿੰਗਦਾਓ ਵਿਚ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਸ੍ਰੀ ਮੋਦੀ ਨੇ ਸੰਮੇਲਨ ਦੇ ਸੈਸ਼ਨ ਨੂੰ ਸੰਬੋਧਿਤ ਕੀਤਾ ਅਤੇ ਅੱਤਵਾਦ ਦਾ ਮੁਦਾ ਵੀ ਉਠਾਇਆ। ਇਸ ਦੌਰਾਨ ਐਸ.ਸੀ.ਓ. ਮੈਂਬਰ ਦੇਸ਼ਾਂ ਵਿਚਕਾਰ ਸਮਝੌਤਿਆਂ ’ਤੇ ਦਸਤਖਤ ਹੋਏ।ਜਿਸ ਮਗਰੋਂ ਮੰਚ ’ਤੇ ਮੀਡੀਆ ਬ੍ਰੀਫਿੰਗ ਤੋਂ ਬਾਅਦ ਐਸ. ਸੀ. ਓ. ਦੇ ਮੰਚ ’ਤੇ ਜਦੋਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮਿਲ ਰਹੇ ਸਨ, ਉਸੇ ਦੌਰਾਨ ਉਥੇ ਪਾਕਿਸਤਾਨ ਦੀ ਨੁਮਾਇੰਦਗੀ ਕਰ ਰਹੇ ਪਾਕਿ ਸਦਰ ਜਨਾਬ ਮਮਨੂਨ ਹੁਸੈਨ ਪਹੁੰਚ ਗਏ।ਜਨਾਬ ਹੁਸੈਨ ਨੇ ਸ੍ਰੀ ਮੋਦੀ ਕੋਲ ਪਹੁੰਚਦੇ ਹੀ ਉਨ੍ਹਾਂ ਵਲ ਹਥ ਵਧਾਇਆ।ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਇਸ ਪਹਿਲ ਨੂੰ ਪੂਰਾ ਸਨਮਾਨ ਦਿੰਦੇ ਹੋਏ ਆਪਣਾ ਹਥ ਅਗੇ ਵਧਾਇਆ ਅਤੇ ਉਨ੍ਹਾਂ ਦਾ ਸਵਾਗਤ ਸਵੀਕਾਰ ਕੀਤਾ। ਇੰਨਾ ਹੀ ਨਹੀਂ ਸ੍ਰੀ ਮੋਦੀ ਨੇ ਮਮਨੂਨ ਹੁਸੈਨ ਨਾਲ ਕੁਝ ਸੈਕੰਡ ਗੱਲਬਾਤ ਵੀ ਕੀਤੀ। ਹਾਲਾਂਕਿ ਇਹ ਗਲਬਾਤ ਥੋੜ੍ਹੇ ਸਮੇਂ ਦੀ ਹੀ ਸੀ।ਇਸ ਵਿਚ ਸ੍ਰੀ ਮੋਦੀ ਪਾਕਿਸਤਾਨ ਦੇ ਸਦਰ ਮਮਨੂਨ ਹੁਸੈਨ ਨੂੰ ਕੁਝ ਕਹਿੰਦੇ ਹੋਏ ਨਜ਼ਰ ਆ ਰਹੇ ਹਨ।ਜਦਕਿ ਮਮਨੂਨ ਹੁਸੈਨ ਦੇ ਚਿਹਰੇ ’ਤੇ ਹਲਕੀ ਮੁਸਕਾਨ ਦਿਖਾਈ ਦੇ ਰਹੀ ਹੈ। ਇਸ ਮਗਰੋਂ ਸ੍ਰੀ ਮੋਦੀ ਅਗੇ ਵੱਧ ਜਾਂਦੇ ਹਨ ਅਤੇ ਮਮਨੂਨ ਹੁਸੈਨ ਸ੍ਰੀ ਮੋਦੀ ਦੀ ਪਿਠ ’ਤੇ ਹਥ ਰਖ ਕੇ ਅਗੇ ਵਧ ਜਾਂਦੇ ਹਨ।ਫਿਰ ਮਮਨੂਨ ਹੁਸੈਨ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਦੂਜੇ ਨੇਤਾਵਾਂ ਨਾਲ ਮੁਲਾਕਾਤ ਕਰਨ ਲਗ ਪੈਂਦੇ ਹਨ। ਇਸ ਘਟਨਾ ਨੂੰ ਸਿਆਸੀ ਹਲਕਿਆਂ ਵਿੱਚ ਕਾਫੀ ਤਵੱਜੋ ਦਿੱਤੀ ਜਾ ਰਹੀ ਹੈ। ਪਾਕਿਸਤਾਨ ਅਤੇ ਭਾਰਤ ਦਰਮਿਆਨ ਤਣਾਅ ਵਾਲੇ ਰਿਸ਼ਤਿਆਂ ਦੇ ਚਲਦੇ ਇਸ ਸੰਖੇਪ ਮੁਲਾਕਾਤ ਦਾ ਵੱਡਾ ਅਰਥ ਹੈ।