May 30, 2026 7:16 pm

ਸੰਤ ਕਵੀ ਤੇ ਆਧੁਨਿਕ ਪੰਜਾਬੀ ਸਾਹਿਤ ਦੇ ਉਸਰਈਏ- ਭਾਈ ਵੀਰ ਸਿੰਘ ਜੀ

ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਈ: ਨੂੰ ਪਿਤਾ ਡਾ. ਚਰਨ ਸਿੰਘ ਤੇ ਮਾਤਾ ਉਤਮ ਕੌਰ ਜੀ ਦੇ ਗ੍ਰਹਿ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੋਇਆ। ਆਪ ਆਪਣੇ ਛੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ। ਭਾਈ ਵੀਰ ਸਿੰਘ ਜੀ ਨੇ ਮੁੱਢਲੀ ਵਿਦਿਆਂ ਆਪਣੇ ਨਾਨਾ ਗਿਆਨੀ ਹਜ਼ਾਰਾ ਸਿੰਘ ਪਾਸੋਂ ਲਈ। ਫਿਰ ਚਰਚ ਹਾਈ ਸਕੂਲ ਅੰਮ੍ਰਿਤਸਰ ਵਿੱਚੋਂ ਦਸਵੀਂ ਪਾਸ ਕੀਤੀ। ਅਗਲੇਰੀ ਪੜ੍ਹਾਈ ਪੂਰੀ ਕਰਨ ਤੋਂ ਬਾਦ ਆਪ ਨੂੰ ਤਹਿਸੀਲਦਾਰ ਦੀ ਸਰਕਾਰੀ ਨੋਕਰੀ ਵੀ ਮਿਲਦੀ ਸੀ। ਵਜ਼ੀਰ ਹਿੰਦ ਪ੍ਰੈਸ ਵੀ ਸ਼ੁਰੂ ਕੀਤੀ। ਭਾਈ ਵੀਰ ਸਿੰਘ ਜੀ ਦਾ ਪਿਛੋਕੜ ਦੀਵਾਨ ਕੌੜਾ ਮੱਲ ਜੀ ਨਾਲ ਜਾ ਮਿਲਦਾ ਹੈ। ਦੀਵਾਨ ਕੌੜਾ ਮੱਲ ਜੀ ਇੱਕ ਐਸੀ ਸ਼ਖਸੀਅਤ ਸਨ ਜੋ ਮੁਲਤਾਨ ਦੇ ਹਾਕਮਾਂ ਕੋਲ ਦੀਵਾਨ ਹੁੰਦੇ ਹੋਇਆਂ ਵੀ ਸਿੱਖਾਂ ਦੀ ਔਖੇ ਵੇਲੇ ਮਦਦ ਕਰਦੇ ਸਨ। ਇਸ ਲਈ ਇਤਿਹਾਸ ਉਹਨਾਂ ਨੂੰ ‘ਮਿੱਠਾ ਮੱਲ’ ਕਹਿ ਕੇ ਵੀ ਯਾਦ ਕਰਦਾ ਹੈ। ਉਸ ਵੇਲੇ ਦੀ ਹਕੂਮਤ ਵੱਲੋਂ ਉਹਨਾਂ ਨੂੰ ‘ਮਹਾਰਾਜਾ ਬਹਾਦੁਰ’ ਦਾ ਖਿਤਾਬ ਵੀ ਦਿੱਤਾ ਗਿਆ ਸੀ। ਭਾਈ ਵੀਰ ਸਿੰਘ ਦੇ ਦਾਦਾ ਸੰਤ ਬਾਬਾ ਕਾਹਨ ਸਿੰਘ ਜੀ ਵੀ ਬੜੇ ਹੀ ਗੁਰਬਾਣੀ ਦੇ ਰਸੀਏ, ਸੰਤ ਸੁਭਾਅ ਤੇ ਨੇਕ ਦਿਲ ਇਨਸਾਨ ਸਨ।ਭਾਈ ਸਾਹਿਬ ਦੇ ਪਿਤਾ ਡਾ: ਚਰਨ ਸਿੰਘ ਬੜੇ ਉਚ ਵਿਚਾਰਾਂ ਵਾਲੇ ਵਿਦਵਾਨ ਸੱਜਣ ਸਨ। ਡਾ: ਚਰਨ ਸਿੰਘ ਹਿੰਦੀ, ਸੰਸਕ੍ਰਿਤ, ਫਾਰਸੀ, ਅੰਗਰੇਜ਼ੀ ਤੇ ਬ੍ਰਿਜ਼ ਭਾਸ਼ਾ ਦੇ ਉਚਕੋਟੀ ਦੇ ਕਵੀ ਸਨ।ਭਾਈ ਸਾਹਿਬ ਜੀ ਦੇ ਨਾਨਾ ਪੰਡਤ ਗਿਆਨੀ ਹਜ਼ਾਰਾ ਸਿੰਘ ਵੀ ਉਰਦੂ ਫਾਰਸੀ ਦੇ ਚੰਗੇ ਜਾਣਕਾਰ ਸਨ। ਇੰਨ੍ਹਾਂ ਨੇ ਉਰਦੂ ਫਾਰਸੀ ਦੀਆਂ ਕਿਤਾਬਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ।ਗੁਰ ਪਰਤਾਪ ਸੂਰਜ ਗ੍ਰੰਥ ਦਾ ਸੰਖੇਪ ਵੀ ਛਾਪਿਆ। ਭਾਈ ਵੀਰ ਸਿੰਘ ਜੀ ਦਾ ਪਿਛੋਕੜ ਤੇ ਉਹਨਾਂ ਦਾ ਆਲਾ-ਦੁਆਲਾ ਧਾਰਮਿਕ ਤੇ ਵਿਦਵਾਨ ਲੋਕਾਂ ਦਾ ਸੀ। ਬਚਪਨ ਸਮੇਂ ਭਾਈ ਵੀਰ ਸਿੰਘ ਜੀ ਨੂੰ ਲੋਰੀਆਂ ਵੀ ਗੁਰਬਾਣੀ ਦੇ ਸ਼ਬਦ ਪੜ੍ਹ ਕੇ ਦਿੱਤੀਆਂ ਜਾਂਦੀਆਂ ਸਨ।ਭਾਈ ਵੀਰ ਸਿੰਘ ਜੀ ਲਿੱਖਦੇ ਹਨ ਕਿ: ‘ਮੈਂ ਜੋ ਕੁੱਝ ਲਿੱਖਿਆ ਹੈ, ਉਹ ਜੋ ਕੁੱਝ ਮੈਂ ਸਤਗੁਰਾਂ ਦੀ ਮਹਾਨ ਪਵਿੱਤਰ ਬਾਣੀ ਤੋਂ ਸਮਝਿਆਂ ਹੈ ਸੱਚਾ ਤੇ ਸਿੱਧਾ ਰਸਤਾ ਜੀਵਨ ਪੱਧਰ ਦਾ ਉਸੇ ਨੂੰ ਦੁਖੀ ਜਗਤ ਲਈ ਪੇਸ਼ ਕਰਨ ਦਾ ਜਤਨ ਕਰਦਾ ਰਿਹਾ ਹਾਂ।3.’ ਭਾਈ ਵੀਰ ਸਿੰਘ ਜੀ ਨੇ ਆਪਣੇ ਨਾਨਾ ਗਿਆਨੀ ਹਜ਼ਾਰਾ ਸਿੰਘ ਜੀ ਤੋਂ ਬਹੁਤ ਸਿੱਖਿਆ। ਉਹਨਾਂ ਨਾਲ ਉਰਦੂ ਫਾਰਸੀ ਦੀਆਂ ਕਈ ਕਿਤਾਬਾਂ ਦੇ ਪੰਜਾਬੀ ਵਿੱਚ ਉਲੱਥੇ ਵੀ ਕੀਤੇ। ਕੁੱਝ ਉਲੱਥੇ ਇੱਕਲਿਆਂ ਵੀ ਕੀਤੇ।ਇੱਕ ਦਿਨ ਭਾਈ ਸਾਹਿਬ ਨੇ ਆਪਣੇ ਨਾਨਾ ਜੀ ਨੂੰ ਕਹਿ ਦਿੱਤਾ ਕਿ ‘ਤੁਸੀ ਲੋਕਾਂ ਦੀਆਂ ਰਚਨਾਵਾਂ ਦੇ ਉਲੱਥੇ ਕਰਦੇ ਹੋ, ਆਪਣੇ ਅੰਦਰੋਂ ਨਵੀਂ ਰਚਨਾ ਕਿਉਂ ਨਹੀ ਲਿੱਖਦੇ? ਤਾਂ ਉਹ ਕਹਿਣ ਲੱਗੇ ਕਿ ‘ਪੁੱਤਰਾਂ, ਮੈਂ ਤਾਂ ਨਹੀ ਲਿੱਖ ਸਕਿਆ, ਪਰ ਤੂੰ ਜ਼ਰੂਰ ਲਿਖੇਂਗਾ’। ਭਾਈ ਵੀਰ ਸਿੰਘ ਜੀ ਨੇ ਇਹ ਬਚਨ ਸੱਚ ਕਰ ਦਿਖਾਇਆ। ਭਾਈ ਸਾਹਿਬ ਨੇ ਸ਼ੁਰੂ ਵਿੱਚ ਨਿਰਗੁਣਿਆਰਾ ਵਿੱਚ ਲਿੱਖਣਾ ਸ਼ੁਰੂ ਕੀਤਾ। ਫਿਰ ‘ਖਾਲਸਾ ਟ੍ਰੈਕਟ ਸੁਸਾਇਟੀ’ ਦੀ ਸਥਾਪਨਾ ਕੀਤੀ।ਬਹੁਤ ਸਾਹਿਤ ਰਚਿਆ। ਕਈ ਕਿਤਾਬਾਂ ਸਿੱਖ ਜਗਤ ਦੀ ਝੋਲੀ ਪਾਈਆਂ।ਜਿੰਨ੍ਹਾਂ ਵਿੱਚ ਨਾਵਲ, ਗਲਪ, ਸਿੱਖ ਇਤਿਹਾਸ ਤੇ ਕਾਵਿ-ਸੰਗ੍ਰਹਿ ਪ੍ਰਮੁੱਖ ਹਨ।ਭਾਈ ਵੀਰ ਸਿੰਘ ਜੀ ਦੁਆਰਾ ਰਚਿਆ ਸਾਹਿਤ ਇਸ ਪ੍ਰਕਾਰ ਹੈ। ਸੁੰਦਰੀ-ਗਲਪ, ਬਿਜੈ ਸਿੰਘ-ਗਲਪ, ਸਤਵੰਤ ਕੌਰ-ਦੋ ਭਾਗ ਗਲਪ, ਸੱਤ ਔਖੀਆਂ ਰਾਤਾਂ-ਗਲਪ, ਬਾਬਾ ਨੌਧ ਸਿੰਘ-ਗਲਪ, ਰਾਣਾ ਭੰਬੋਰ-ਗਲਪ, ਦਿਲ ਤਰੰਗ-ਕਾਵਿ ਸੰਗ੍ਰਹਿ, ਤ੍ਰੇਲ ਤੁਪਕੇ- ਕਾਵਿ ਸੰਗ੍ਰਹਿ, ਲਹਿਰਾਂ ਦੇ ਹਾਰ-ਕਾਵਿ ਸੰਗ੍ਰਹਿ, ਮਟਕ ਹੁਲਾਰੇ-ਕਾਵਿ ਸੰਗ੍ਰਹਿ, ਬਿਜ਼ਲੀਆਂ ਦੇ ਹਾਰ-ਕਾਵਿ ਸੰਗ੍ਰਹਿ, ਪ੍ਰੀਤ ਵੀਣਾਂ-ਕਾਵਿ ਸੰਗ੍ਰਹਿ, ਮੇਰੇ ਸਾਂਈਆਂ ਜੀਉ-ਕਾਵਿ ਸੰਗ੍ਰਹਿ, ਸ੍ਰੀ ਕਲਗੀਧਰ ਚਮਤਕਾਰ, ਸ੍ਰੀ ਗੁਰੂ ਨਾਨਕ ਚਮਤਕਾਰ, ਭਾਈ ਝੰਡਾ ਜੀਉ, ਭਾਈ ਭੂਮੀਆਂ, ਕਲਯੁਗ ਦੀ ਸਾਖੀ, ਸੰਤ ਗਾਥਾ, ਸ੍ਰੀ ਅਸ਼ਟ ਗੁਰ ਚਮਤਕਾਰ ਭਾਗ-1, ਸ੍ਰੀ ਗੁਰ ਅਸ਼ਟ ਚਮਤਕਾਰ ਭਾਗ-2, ਗੁਰਸਿੱਖ ਵਾੜੀ, ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਗੁਰ ਬਾਲਮ ਸਾਖੀਆਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੁਰ ਬਾਲਮ ਸਾਖੀਆਂ, ਸਿੱਖਾਂ ਦੀ ਭਗਤਮਾਲਾ, ਪ੍ਰਾਚੀਨ ਪੰਥ ਪ੍ਰਕਾਸ਼, ਗੰਜ਼ਨਾਮਾ ਸਟੀਕ, ਸ੍ਰੀ ਗੁਰੂ ਗ੍ਰੰਥ ਕੋਸ਼, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਦੇਵੀ ਪੂਜਨ ਪੜਤਾਲ, ਪੰਜ ਗ੍ਰੰਥੀ ਸਟੀਕ, ਕਬਿੱਤ ਭਾਈ ਗੁਰਦਾਸ ਜੀ, ਵਾਰਾਂ ਭਾਈ ਗੁਰਦਾਸ ਜੀ, ਬੁਧ-ਜਨ, ਸਾਖੀ ਪੋਥੀ ਤੇ ਪੁਰਾਤਨ ਜਨਮ ਸਾਖੀ ਆਦਿ ਹੋਰ ਵੀ ਬਹੁਤ ਸਾਹਿਤ ਸਿੱਖ ਜਗਤ ਦੀ ਝੋਲੀ ਪਾਇਆਂ।ਡਾ: ਦੀਵਾਨ ਸਿੰਘ ਭਾਈ ਵੀਰ ਸਿੰਘ ਜੀ ਬਾਰੇ ਲਿੱਖਦਾ ਹੈ ਕਿ ‘ ਪੰਜਾਬੀ ਵਿੱਚ ਭਾਈ ਵੀਰ ਸਿੰਘ ਕੁਦਰਤ ਦੀ ਕਵਿਤਾ ਦਾ ਮੋਢੀ ਹੈ। ਉਸਦਾ ਕੁਦਰਤ ਨਾਲ ਅਥਾਹ ਪਿਆਰ ਹੈ। ਕੁਦਰਤ ਨੂੰ ਮਨੁੱਖੀ ਜੀਵਨ ਤੋਂ ਵੱਖਰਾ ਨਹੀ ਕੀਤਾ ਜਾ ਸਕਦਾ। ਮਨੁੱਖੀ ਜੀਵਨ ਲਈ ਇਹ ਇੱਕ ਪ੍ਰਭੂ ਦਾ ਰਚਿਆ ਹੋਇਆ ਬਾਹਰ ਮੁਖੀ ਪਿਛੋਕੜ ਹੈ। ਜਿਸ ਵਿੱਚ ਮਨੁੱਖੀ ਹਿਰਦੇ ਨੂੰ ਟੁੰਬਣ ਵਾਲੇ ਸਾਧਨ, ਸੁੰਦਰਤਾ, ਸੁਹਜ, ਰਸ, ਅਨੰਦ, ਸਰੂਰ, ਸੰਗਤਿ ਆਦਿ ਦਾ ਇੱਕ ਅਗੰਮੀ ਪ੍ਰਕਾਸ਼ ਹੈ। ਕੁਦਰਤ ਦਾ ਖੇੜਾ ਰੱਬ ਦੀ ਰੱਬਤਾ ਦਾ ਜਲਵਾ ਹੈ। ਕਵੀ ਦਾ ਅੰਦਰਲਾ ਰਹੱਸਵਾਦ ਇਸ ਵਿੱਚ ਵਿਸਮਾਦ ਜਨਕ ਸੁਨੇਹਾ ਲੱਭਦਾ ਹੈ।’ ਹਰਬੰਸ ਸਿੰਘ ਭਾਈ ਵੀਰ ਸਿੰਘ ਜੀ ਬਾਰੇ ਲਿੱਖਦੇ ਹਨ ਕਿ ਉਹਨਾਂ ਬਾਰੇ ਦੋ ਟੁੱਕ ਫੈਸਲਾ ਕਰਨਾ ਮੁਸ਼ਕਿਲ ਹੈ ਕਿ ਉਹ ਨਿਪੁੰਨ ਵਿਦਵਾਨ ਕਵੀ ਸਨ ਜਾਂ ਕਾਵਿ ਮਿਸ੍ਰਿਤ ਗਿਆਨ ਦੇ ਭਰਪੂਰ ਖਜ਼ਾਨੇ। ਉਹਨਾਂ ਨੇ ਕਾਵਿ ਰਚਨਾ ਅਤੇ ਗਿਆਨ ਭਰਪੂਰ ਰਚਨਾਵਾਂ ਦੀ ਸਿਰਜਨਾ ਉਸਨੇ ਉਮਰ ਭਰ ਕੀਤੀ। ਪੰਜਾਬੀ ਕਾਵਿ ਪਰੰਪਰਾ ਵਿੱਚ ਉਸਦੇ ਸਥਾਨ ਨੂੰ ਕੋਈ ਵੰਗਾਰ ਨਹੀ ਸਕਦਾ। ਉਹਨਾਂ ਦੀਆਂ ਕਵਿਤਾਵਾਂ ਦੇ ਕੁੱਝ ਨਮੂਨੇ ਉਹਨਾ ਦੀਆਂ ਕਿਤਾਬਾਂ ਵਿੱਚੋਂ ਹਨ: ‘ਬਿਜਲੀਆਂ ਦੇ ਹਾਰ’ ਕਿਤਾਬ ਵਿੱਚੋਂ ‘ਸਮਾਂ’ ਨਾਂਅ ਦੀ ਕਵਿਤਾ ਵਿੱਚ ਉਹ ਦੱਸਦੇ ਹਨ ਕਿ;
ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ,
ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ,
ਕਿਵੇਂ ਨ ਸਕੀ ਰੋਕ ਅਟਕ ਜੋ ਪਾਏ ਭੰਨੀ,
ਤ੍ਰਿਖੇ ਅਪਣੇ ਵੇਗ ਗਿਆ ਟਪ ਬੰਨੇ ਬੰਨੀ,
‘ਮਟਕ ਹੁਲਾਰੇ’ ਨਾਂਅ ਦੀ ਕਿਤਾਬ ਵਿੱਚ ‘ਚਸ਼ਮ’ ਉਤਰ ਦੇ ਰਿਹਾ ਹੈ :
ਸੀਨੇ ਖਿੱਚ ਜਿੰਨ੍ਹਾਂ ਨੇ ਖਾਧੀ ੳ ਕਰ ਅਰਾਮ ਨਹੀ ਬਹਿੰਦੇ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ ੳ ਦਿਨੇ ਰਾਤ ਪਏ ਵਹਿਦੇ।
ਇਕੋ ਲਗਨ ਲਗੀ ਲਈ ਜਾਂਦੀ ਹੈ ਟੋਰ ਅਨੰਤ ਉਨ੍ਹਾਂ ਦੀ।
ਵਸਲੋਂ ਉਰੇ ਮੁਕਾਮ ਨ ਕੋਈ ਸੋ ਚਾਲ ਪਏ ਨਿਤ ਰਹਿੰਦੇ।
‘ਸਾਹਿਤਕ-ਕਲੀਆਂ’ ਨਾਂਅ ਦੀ ਕਿਤਾਬ ਵਿੱਚੋਂ ‘ਆਤਮਾਂ’ ਨਾ ਦੀ ਕਵਿਤਾ ਇਉਂ ਹੈ:
ਪਹਿਲੀ ਕਰਾਮਾਤ ਇ ਦੇਹੀ, ਦੇਹ ਆਤਮਾ ਪਹਿਲਾ।
ਦੂਜੀ ਕਰਾਮਾਤ ਇਹ ਦਿਲ ਹੈ, ਦੂਆ ਆਤਮਾ ਅਹਿਲਾ।
ਤੀਆ ਆਤਮਾ ਆਪਾ ਤੇਰਾ, ਚੌਥਾ ਲੁਕਿਆ ਉਹਲੇ।
ਇਸਦੇ ਆਪੇ ਦੇ ਹੈ ਪਰ ਇਹੋ, ਹਰਿ ਰੰਗ ਚਮਕੇ ਲਹਿਲ੍ਹਾ।
‘ਸਿੱਕਾਂ ਸੱਧਰਾਂ’ ਨਾਂਅ ਦੀ ਕਿਤਾਬ ਵਿੱਚ ‘ਤੁਹਾਡੀ ਸੁਗੰਧੀ’ ਨਾਂਅ ਦੀ ਕਵਿਤਾ
ਮੇਰੇ ਸਾਈਆਂ ਜੀਉ!
ਮੈਨੂੰ ਪਤਾ ਨਹੀ
ਤੁਸੀ ਕਿਸ ਰੂਪ ਰੰਗ ਵਿਚ ਹੋ,
ਪਰ ਮੈਨੂੰ
ਕਦੇ-ਕਦੇ
ਅਪਣੇ ਆਤਮਾ ਦੀਆਂ
ਡੂੰਘਾਈਆਂ ਵਿੱਚੋਂ
ਤੁਹਾਡੀ ਸੁਗੰਧੀ
ਆ ਜਾਂਦੀ ਹੈ,
ਕਾਸ਼!
ਤੁਹਾਡੇ ਮੇਰੇ ਵਿਚਾਲੇ
ਕੋਈ ਨਾ ਆਵੇ।
ਭਾਈ ਸਾਹਿਬ ਨੂੰ ਸੰਨ 1955 ਵਿੱਚ ਸਾਹਿਤਕ ਅਕੈਡਮੀ ਐਵਾਰਡ ਤੇ ਸੰਨ 1956 ਵਿੱਚ ‘ਪਦਮ ਵਿਭੂਸ਼ਣ’ ਦੇ ਕੇ ਸਮਾਨਿਆ ਗਿਆ। ਭਾਈ ਵੀਰ ਸਿੰਘ ਜੀ ਦੀ ਉਮਰ ਵਡੇਰੀ ਹੋ ਗਈ ਸੀ। ਹੁਣ ਸਰੀਰ ਕਮਜ਼ੋਰ ਰਹਿਣ ਲੱਗਿਆ ਸੀ। ਬੁਖਾਰ ਚੜਿਆ ਰਹਿੰਦਾ ਸੀ। ਅੰਤ 10 ਜੂਨ ਸੰਨ 1957 ਈ: ਨੂੰ 84 ਸਾਲ 6 ਮਹੀਨੇ ਤੇ 5 ਦਿਨ ਦੀ ਧੁਰੋਂ ਬਖਸ਼ੀ ਆਯੂ ਭੋਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।

Send this to a friend