May 29, 2026 7:02 pm

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਾਨਤਾ ਪ੍ਰਾਪਤ ਸਿਖਿਆ ਨੂੰ ਸਮਰਪਿਤ ਕਾਲਜ
ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿਘ ‘ਖ਼ਾਲਸਾ ਕਾਲਜ’ ਪਟਿਆਲਾ ਪੰਜਾਬ ਦੀਆਂ ਉਚੇਰੀ ਸਿੱਖਿਆ ਵਾਲੀਆਂ ਵਿਦਿਅਕ ਸੰਸਥਾਵਾਂ ਵਿਚ ਮੋਹਰੀ ਸਥਾਨ ’ਤੇ ਆਉਣ ਵਾਲੀਆਂ ਸੰਸਥਾਵਾਂ ਵਿਚ ਸ਼ੁਮਾਰ ਹੈ। ਇਥੇ ਵਿਦਿਆਰਥੀਆਂ ਨੂੰ ਅਜਿਹੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਜੋ ਉਨ੍ਹਾਂ ਦੀ ਸਰਬਪੱਖੀ ਸ਼ਖ਼ਸੀਅਤ ਉਸਾਰੀ ਲਈ ਬਹੁਮੁੱਲਾ ਯੋਗਦਾਨ ਦਿੰਦੀ ਹੈ। ਇਹ ਸੰਸਥਾ ਵਿਦਿਆਰਥੀਆਂ ਦੇ ਸਿਰਜਨਾਤਮਕ ਤੇ ਅਕਾਦਮਿਕ ਹੁਨਰ ਨੂੰ ਤਲਾਸ਼ਣ ਤੇ ਤਰਾਸ਼ਣ ਦੇ ਲਈ ਹਮੇਸਾਂ ਯਤਨਸ਼ੀਲ ਰਹਿੰਦੀ ਹੈ। ਸੰਸਥਾ ਗਿਆਨ ਦੇ ਨਵੇਂ ਪਰਿਪੇਖਾਂ ਨੂੰ ਉਭਾਰਨ ਵਾਲੇ ਅਜਿਹੇ ਕੋਰਸ ਕਰਵਾ ਰਹੀ ਹੈ ਜੋ ਵਿਦਿਆਰਥੀਆਂ ਅੰਦਰ ਅਕਾਦਮਿਕ ਹੀ ਨਹੀਂ ਸਗੋਂ ਨੈਤਿਕ, ਸਭਿਆਚਾਰਕ, ਸਦਾਚਾਰਕ ਕਦਰਾਂ ਕੀਮਤਾਂ ਵੀ ਭਰਦੀ ਹੈ। ਇਹ ਸੰਸਥਾ ਆਪਣੇ ਟੀਚੇ ‘ਸੰਪੂਰਨਤਾ ਲਈ ਯਤਨ ਤੇ ਸਰਵੋਤਮਤਾ ਦੀ ਪ੍ਰਾਪਤੀ’ ਪ੍ਰਤੀ ਲਗਾਤਾਰ ਯਤਨਸ਼ੀਲ ਹੈ। ਸੰਸਥਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਰਾਸ਼ਟਰੀ ਪੱਧਰ ’ਤੇ ਸੰਸਥਾਵਾਂ ਦੀ ਦਰਜਾਬੰਦੀ ਕਰਨ ਵਾਲੀ ਕੌਂਸਲ ਨੈਕ ਵੱਲੋਂ ਕਾਲਜ ਨੂੰ ਅਕਾਦਮਿਕ, ਖੇਡਾਂ ਤੇ ਸਭਿਆਚਾਰਕ ਸਰਗਰਮੀਆਂ ਦੀਆਂ ਬੇਮਿਸਾਲ ਪ੍ਰਾਪਤੀਆਂ ਸਦਕਾ ‘ਏ ਗਰੇਡ’ ਪ੍ਰਦਾਨ ਕੀਤਾ ਗਿਆ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ 2016 ਵਿਚ ਕਾਲਜ ਨੂੰ ‘ਕਾਲਜ ਵਿਦ ਪੋਟੈਸ਼ੀਅਲ ਫ਼ਾਰ ਐਕਸੀਲੈਂਸ’ ਅਤੇ ‘ਆਟੋਨੌਮਸ ਸਟੇਟਸ’ ਦਾ ਦਰਜਾ ਦਿੱਤਾ ਗਿਆ ਹੈ। ਆਟੋਨੌਮਸ ਦਰਜਾ ਵਿਦਿਆਰਥੀਆਂ ਦੀ ਅਕਾਦਮਿਕ ਯੋਗਤਾ ਬਿਹਤਰ ਬਣਾਉਣਾ ਯਕੀਨੀ ਕਰਦਾ ਹੈ ਕਿਉਂਕਿ ਇਸ ਵਿਚ ਸਮੇਂ ਦੀ ਜ਼ਰੂਰਤ ਅਨੁਸਾਰ ਅਤੇ ਨਵੀਂ ਤਕਨਾਲੋਜੀ ਦੀ ਵਰਤੋਂ ਕਰਕੇ ਅਜਿਹੇ ਕੋਰਸ ਡਿਜਾਇਨ ਕੀਤੇ ਜਾਂਦੇ ਹਨ ਜੋ ਵਿਦਿਆਰਥੀਆਂ ਦੀ ਸਿਰਜਨਾਤਮਕ ਤੇ ਸਿੱਖਣ ਦੀ ਯੋਗਤਾ ਨੂੰ ਪ੍ਰਭਾਵੀ ਬਣਾਉਂਦੇ ਹਨ। ਕਾਲਜ ਕੋਲ ਸਵੈ ਪ੍ਰਬੰਧਨ ਦੀ ਸਹੂਲਤ ਹੋਣ ਸਦਕਾ ਸਿੱਖਿਆ ਦੀ ਗੁਣਵੱਤਾ ਵਿਚ ਭਰਪੂਰ ਵਾਧਾ ਹੋਵੇਗਾ ਤੇ ਇਸਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਹੋਣ ਕਰਕੇ ਨੰਬਰ ਬਿਊਰਾ ਕਾਰਡ ਤੇ ਡਿਗਰੀਆਂ ਯੂਨੀਵਰਸਿਟੀ ਵੱਲੋਂ ਹੀ ਦਿੱਤੀਆਂ ਜਾਣਗੀਆਂ।ਖ਼ਾਲਸਾ ਕਾਲਜ, ਪਟਿਆਲਾ ਦਾ ਆਰੰਭ ਪਦਮ ਸ੍ਰੀ ਡਾ. ਖੁਸ਼ਦੇਵਾ ਸਿੰਘ ਅਤੇ ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਦੇ ਅਣਥੱਕ ਯਤਨਾਂ ਸਦਕਾ 1960 ਈ. ਵਿਚ ਹੋਇਆ। ਇਸਦਾ ਆਰੰਭ ਗੁਰਦੁਆਰਾ ਦੂਖਨਿਵਾਰਨ ਸਾਹਿਬ ਦੇ ਪੰਜ ਕਮਰਿਆਂ ਵਿਚ 35 ਵਿਦਿਆਰਥੀਆਂ ਨਾਲ ਹੋਇਆ। ਕਾਲਜ ਨੂੰ ਮੌਜੂਦਾ ਸਥਾਨ ’ਤੇ 1973 ਈ. ਵਿਚ ਗੁਰਦੁਆਰਾ ਸਾਹਿਬ ਤੋਂ ਤਬਦੀਲ ਕਰ ਦਿੱਤਾ ਗਿਆ ਤੇ ਇਸ ਦੀ ਨੀਂਹ ਤਤਕਾਲੀਨ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਰੱਖੀ ਗਈ। 1991 ਵਿਚ ਇਹ ਕਾਲਜ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਆ ਗਿਆ। ਉਸ ਸਮੇਂ ਕਾਲਜ ਕੋਲ 18 ਕਲਾਸ ਰੂਮ ਤੇ ਤਿੰਨ ਸਾਇੰਸ ਪ੍ਰਯੋਗਸ਼ਾਲਾਵਾਂ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਯੋਗ ਸਰਪ੍ਰਸਤੀ ਅਧੀਨ ਕਾਲਜ ਲਗਾਤਾਰ ਵਿਕਾਸ ਦੀਆਂ ਸਿਖ਼ਰਾਂ ਛੂਹ ਰਿਹਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਜੋ ਕਿ ਸਿੱਖਿਆ ਨੂੰ ਸਮਰਪਿਤ ਤੇ ਦੂਰ ਅੰਦੇਸ਼ ਸ਼ਖ਼ਸੀਅਤ ਹਨ ਦੀ ਰਹਿਨੁਮਾਈ ਹੇਠ ਕਾਲਜ ਨਿੱਤ ਨਵੀਆਂ ਪੁਲਾਘਾਂ ਪੁੱਟ ਰਿਹਾ ਹੈ। ਪ੍ਰਧਾਨ ਸਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਵਿਦਿਅਕ ਸੰਸਥਾਵਾਂ ਵਿਚ ਸਿੱਖਿਆ ਦੇ ਵਿਕਾਸ ਅਤੇ ਪੰਜਾਬ ਦੀ ਅਮੀਰ ਸਭਿਆਚਾਰ ਵਿਰਾਸਤ ਦੀ ਸਾਂਭ ਸੰਭਾਲ ਲਈ ਸੁਯੋਗ ਅਗਵਾਈ ਵੀ ਪ੍ਰਦਾਨ ਕਰ ਰਹੇ ਹਨ। ਸ. ਸੁਰਜੀਤ ਸਿੰਘ ਰੱਖੜਾ ਬਤੌਰ ਆਨਰੇਰੀ ਸਕੱਤਰ ਬਹੁਤ ਹੀ ਸੁਹਿਰਦ ਢੰਗ ਨਾਲ ਕਾਲਜ ਦੇ ਮਾਰਗ ਦਰਸ਼ਕ ਵਜੋਂ ਆਪਣੀ ਸੇਵਾ ਨਿਭਾ ਰਹੇ ਹਨ। ਕਾਲਜ ਦਾ ਕੈਂਪਸ ਬਡੂੰਗਰ ਰੋਡ, ਪਟਿਆਲਾ ਦੀ 20.5 ਏਕੜ ਦੀ ਸ਼ਹਿਰੀ ਜਮੀਨ ਤੇ 18.5 ਏਕੜ ਧਬਲਾਨ ਪਿੰਡ ਦੀ ਜਮੀਨ ਦੇ ਸ਼ਾਂਤਮਈ ਰਮਣੀਕ ਚੌਗਿਰਦੇ ਵਿਚ ਬਣਿਆ ਹੋਇਆ ਹੈ। ਇਸ ਸਮੇਂ ਕਾਲਜ ਵਿਚ 6640 ਵਿਦਿਆਰਥੀ ਵੱਖ ਵੱਖ ਅਨੁਸਾਸ਼ਨਾਂ ਵਿਚ ਵਿੱਦਿਆ ਹਾਸਲ ਕਰ ਰਹੇ ਹਨ। ਵਿਦਿਆਰਥੀਆਂ ਦੀ ਰਹਿਨੁਮਾਈ ਲਈ 216 ਸਟਾਫ਼ ਮੈਂਬਰਾਂ ਦੀ ਟੀਮ ਕਾਰਜਸ਼ੀਲ ਹੈ। ਕਾਲਜ ਕੈਂਪਸ ਆਪਣੀਆਂ ਅਤਿ ਆਧੁਨਿਕ ਸਹੂਲਤਾਂ ਜਿਵੇਂ ਕਿ ਆਨ ਲਾਈਨ ਲਾਇਬ੍ਰੇਰੀ, ਸਮਾਰਟ ਕਲਾਸ ਰੂਮ, ਆਧੁਨਿਕ ਵਿਗਿਆਨਕ ਪ੍ਰਯੋਗਸ਼ਾਲਾਵਾਂ, ਨਵੀਂ ਤਕਨਾਲੋਜੀ ਵਾਲਾ ਜਿਮਨੇਜੀਅਮ ਹਾਲ, ਖੇਡ ਮੈਦਾਨ ਅਤੇ ਵਾਈ-ਫਾਈ ਦੀ ਸੁਵਿਧਾ ਕਰਕੇ ਆਪਣੀ ਵਿਸ਼ੇਸ਼ ਪਹਿਚਾਣ ਰੱਖਦਾ ਹੈ। ਕਾਲਜ ਵਿਚ ਛੇ ਮੰਜਿਲਾ ਭਾਈ ਦਇਆ ਸਿੰਘ ਬਲਾਕ ਆਫ਼ ਕਾਮਰਸ ਐਂਡ ਮੈਨੇਜਮੈਂਟ ਵਿਸ਼ੇਸ਼ ਖਿੱਚ ਦਾ ਕੇਂਦਰ ਹੈ ਜੋ ਕਿ ਹਰ ਆਧੁਨਿਕ ਸਹੂਲਤ ਨਾਲ ਭਰਪੂਰ ਹੈ।

Send this to a friend