ਮਲੋਟ 16 ਜੁਲਾਈ (ਹਰਦੀਪ ਸ਼ਿੰਘ ਖਾਲਸਾ ) ਥਾਣਾ ਸਦਰ ਮਲੋਟ ਪੁਲਿਸ ਬਰਗਰ ਦੇ ਪੈਸੇ ਮੰਗਣ ਤੇ ਦੁਕਾਨਦਾਰ ਨੂੰ ਜਾਨੋ ਮਾਰਨ ਦੇ ਇਰਾਦੇ ਨਾਲ ਫਾਇਰਿੰਗ ਕਰਨ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜਖਮੀ ਕਰਨ ਦੇ ਕਥਿਤ ਦੋਸ਼ ‘ਚ ਪੰਜ ਵਿਅਕਤੀਆਂ ਵਿਰੁੱਧ ਇਰਾਦਾ ਕਤਲ ਅਤੇ ਹੋਰ ਵੱਖ ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਘਟਨਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਫਰਾਰ ਹੋਏ ਵਿਅਕਤੀਆਂ ਨੂੰ ਕਾਬੂ ਕਰਨ ਲਈ ਪੁਲਿਸ ਸਰਗਰਮੀ ਨਾਲ ਭਾਲ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਲੋਟ ਨਿਵਾਸੀ ਰਮੇਸ਼ ਕੁਮਾਰ ਪੁੱਤਰ ਕਰਨਪਾਲ ਅਬੋਹਰ ਰੋਡ ਤੇ ਕੁਲਚੇ, ਬਰਗਰ ਆਦਿ ਦੀ ਦੁਕਾਨ ਚਲਾਉਂਦਾ ਹੈ, ਨੇ ਪੁਲਿਸ ਕੋਲ ਦਰਜ ਕਰਵਾਈ ਸ਼ਕਾਇਤ ਵਿਚ ਦੋਸ਼ ਲਾਇਆ ਕਿ ਬੀਤੇ ਦਿਨੀ ਪਿੰਡ ਮਲੋਟ ਦੇ ਹੀ ਰਹਿਣ ਵਾਲੇ ਅਜੇ ਕਰਨ ਪੁੱਤਰ ਗੁਰਮੀਤ ਸਿੰਘ, ਜਸਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ, ਗੁਰਪ੍ਰੀਤ ਪੁੱਤਰ ਅਜੈਬ ਸਿੰਘ, ਦੀਪਕ ਪੁੱਤਰ ਸ਼ੁਭਾਸ਼ ਆਪਣੇ ਇਕ ਹੋਰ ਨਾਮਲੂਮ ਦੋਸਤ ਨਾਲ ਉਸਦੀ ਦੁਕਾਨ ਤੇ ਆਏ ਤੇ ਉਸਨੂੰ ਬਰਗਰ ਬਣਾਉਣ ਲਈ ਕਿਹਾ ਬਰਗਰ ਖਾਣ ਤੋਂ ਬਾਅਦ ਇਹ ਲੋਕ ਬਿਨ੍ਹਾ ਪੈਸੇ ਦਿੱਤਿਆਂ ਜਾਣ ਲੱਗੇ ਤਾਂ ਉਸਨੇ ਇਹਨਾਂ ਨੂੰ ਰੋਕ ਕੇ ਪੈਸਿਆਂ ਦੀ ਮੰਗ ਕੀਤੀ ਪਰ ਇਹਨਾਂ ਨੇ ਪੈਸੇ ਦੇਣ ਦੀ ਬਜਾਏ ਕਿਹਾ ਕਿ ਉਹਨਾਂ ਨੇ ਤਾਂ ਅੱਜ ਤਾਈ ਕਿਸੇ ਨੂੰ ਪੈਸੇ ਦਿੱਤੇ ਹੀ ਨਹੀ ਫਿਰ ਤੈਨੂੰ ਕਿਵੇਂ ਪੈਸੇ ਦੇ ਦੇਈਏ। ਇਸੇ ਰੰਜਸ਼ ਨੂੰ ਲੈ ਕੇ ਉਕਤ ਵਿਅਕਤੀ ਰਾਤ 9:30 ਵਜੇ ਹਥਿਆਰਾਂ ਨਾਲ ਲੈਸ ਹੋ ਕੇ ਆਏ ਤੇ ਉਸਤੇ ਜਾਨੋ ਮਾਰ ਦੇਣ ਦੇ ਇਰਾਦੇ ਨਾਲ ਗੋਲੀ ਚਲਾ ਦਿੱਤੀ ਅਤੇ ਬਾਅਦ ਵਿਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ। ਹਮਲੇ ਵਿਚ ਜਖਮੀ ਹੋਏ ਰਮੇਸ਼ ਕੁਮਾਰ ਨੂੰ ਤਰੁੰਤ ਆਲਮਵਾਲਾ ਪ੍ਰਾਇਮਰੀ ਹੈਲਥ ਸੈਂਟਰ ‘ਚ ਭਰਤੀ ਕਰਵਾਇਆ ਗਿਆ। ਹਸਪਤਾਲ ‘ਚ ਜ਼ੇਰੇ ਇਲਾਜ਼ ਰਮੇਸ਼ ਕੁਮਾਰ ਦੀ ਸ਼ਕਾਇਤ ਤੇ ਕਾਰਵਾਈ ਕਰਦਿਆਂ ਥਾਣਾ ਸਦਰ ਪੁਲਿਸ ਨੇ ਉਕਤ ਕਥਿਤ ਦੋਸ਼ੀਆਂ ਵਿਰੁੱਧ ਮੁਕੱਦਮਾਂ ਨੰਬਰ 48 ਇਰਾਦਾ ਕਤਲ, ਆਰਮਜ਼ ਐਕਟ ਅਤੇ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸੁਰੂ ਕਰ ਦਿੱਤੀ ਹੈ।



