ਗੜ੍ਹਦੀਵਾਲਾ, 26 ਮਈ (ਅਟਵਾਲ)- ਗੜਦੀਵਾਲਾ ਦੇ ਪਿੰਡ ਧੁੱਗਾ ਕਲਾਂ ਵਿਖੇ ਐਸ ਸੀ ਭਾਈਚਾਰੇ ਦੇ ਗੁਰਦੁਆਰੇ ਅੰਦਰ ਦੋ ਧੜਿਆਂ ਵਲੋਂ ਗੁਰਦੁਆਰਾ ਕਮੇਟੀ ਨੂੰ ਲੈ ਕੇ ਬੀਤੇ ਦਿਨ ਸ਼ੁਰੂ ਹੋਈ ਤਕਰਾਰ ਅੱਜ ਹੱਥੋ ਪਾਈ ਤੱਕ ਅੱਪੜ ਗਈ। ਗੁਰਦੁਆਰਾ ਸਾਹਿਬ ਦੇ ਅੰਦਰ ਦੋਵੇਂ ਧਿਰਾਂ ਦੇ ਨੁਮਾਇੰਦੇ ਆਪਸ ਵਿੱਚ ਖਹਿਬੜ ਪਏ, ਜਿਸ ਕਾਰਨ ਪੁਰਾਣੀ ਕਮੇਟੀ ਦੇ ਇੱਕ ਔਰਤ ਸਮੇਤ ਦੋ ਜਣੇ ਜ਼ਖਮੀ ਹੋ ਗਏ। ਕਮੇਟੀ ਦੀ ਲੜਾਈ ਨੂੰ ਲੈ ਕੇ ਅੱਜ ਗੁਰਦੁਆਰਾ ਸਾਹਿਬ ਅੰਦਰ ਧੱਕਾਮੁੱਕੀ ਦੌਰਾਨ ਨਮੁਾਇੰਦਿਆਂ ਦੀਆਂ ਪੱਗਾਂ ਵੀ ਲੱਥੀਆਂ । ਇਹ ਤਕਰਾਰ ਉਸ ਵੇਲੇ ਵਧਿਆ, ਜਦੋਂ ਨਵੀਂ ਚੁਣੀ ਕਮੇਟੀ ਨੇ ਪਹਿਲਾਂ ਤੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਨਾਲ ਹੀ ਦੂਜੇ ਸ੍ਰੀ ਅਖੰਡ ਪਾਠ ਰੱਖੇ ਜਾਣ ਦਾ ਐਲਾਨ ਕਰ ਦਿੱਤਾ, ਜਿਸ ਤੋਂ ਤੈਸ਼ ਵਿੱਚ ਆਏ ਪੁਰਾਣੀ ਕਮੇਟੀ ਦੇ ਮੈਂਬਰਾਂ ਨੇ ਇਸ ਨੂੰ ਗਿਣੀ ਮਿੱਥੀ ਸਾਜਿਸ਼ ਤਹਿਤ ਗੁਰਦੁਆਰੇ ’ਤੇ ਕਬਜ਼ੇ ਦੀ ਕੋਸ਼ਿਸ਼ ਦੱਸਦਿਆਂ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਂਝ ਅੱਜ ਸਾਰੇ ਮਾਮਲੇ ਦਾ ਅੰਤ ਸਾਬਕਾ ਮੁੱਖ ਸੰਸਦੀ ਸਕੱਤਰ ਦੇਸ਼ ਰਾਜ ਸਿੰਘ ਧੁੱਗਾ ਤੇ ਪ੍ਰਸਾਸ਼ਨ ਦੇ ਦਖ਼ਲ ਨਾਲ ਦੋਹਾਂ ਧਿਰਾਂ ਦੀ ਅਗਵਾਈ ਵਾਲੀ ਨਵੀਂ ਕਮੇਟੀ ਚੁਣ ਲੈਣ ਨਾਲ ਸੁਖਾਵਾਂ ਨਿਬੜ ਗਿਆ। ਮਿਲੀ ਜਾਣਕਾਰੀ ਅਨੁਸਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਖ਼ਲ ਉਪਰੰਤ ਧੁੱਗਾ ਕਲਾਂ ਦੇ ਗੁਰਦੁਆਰਾ ਸਾਹਿਬ ਦੀ ਨਵੀਂ ਚੁਣੀ ਪ੍ਰਬੰਧਕ ਕਮੇਟੀ ਵਲੋਂ ਬੀਤੇ ਦਿਨ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ ਸਨ। ਸ੍ਰੀ ਅਖੰਡ ਪਾਠ ਸਾਹਿਬ ਦਾ ਅੱਜ ਭੋਗ ਪੈਣ ਉਪਰੰਤ ਨਵੀਂ ਕਮੇਟੀ ਨੇ ਮੁੜ ਸ੍ਰੀ ਅਖੰਡ ਪਾਠ ਰੱਖੇ ਜਾਣ ਦੀ ਅਨਾਉਂਸਮੈਂਟ ਕਰ ਦਿੱਤੀ। ਜਿਸ ਤੋਂ ਪੁਰਾਣੀ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਦੀ ਅਗਵਾਈ ਵਿੱਚ ਪੁਰਾਣੇ ਮੈਂਬਰਾਂ ਇਸ ਦਾ ਵਿਰੋਧ ਕਰਦਿਆਂ ਪੁਲਿਸ ਪ੍ਰਸਾਸ਼ਨ ਨੂੰ ਲਿਖਤੀ ਮੰਗ ਪੱਤਰ ਦੇ ਕੇ ਉਕਤ ਸ੍ਰੀ ਅਖੰਡ ਪਾਠ ਸਾਹਿਬ ਬੰਦ ਕਰਾਉਣ ਦੀ ਮੰਗ ਕੀਤੀ। ਮੌਕੇ ’ਤੇ ਜਦੋਂ ਸਾਬਕਾ ਮੁੱਖ ਸੰਸਦੀ ਸਕੱਤਰ ਦੇਸ਼ ਰਾਜ ਸਿੰਘ ਧੁੱਗਾ, ਨਾਇਬ ਤਹਿਸੀਲਦਾਰ ਮਨਜੀਤ ਸਿੰਘ ਤੇ ਐਸਐਚਓ ਜਸਕਮਲ ਸਿੰਘ ਸਹੋਤਾ ਵਲੋਂ ਦੋਹਾਂ ਧਿਰਾਂ ਦਾ ਰਾਜੀਨਾਮਾ ਕਰਾਉਣ ਲਈ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਸੀ ਤਾਂ ਅਚਾਨਕ ਗੁਰਦੁਆਰਾ ਸਾਹਿਬ ਅੰਦਰ ਦੋਹਾਂ ਕਮੇਟੀਆਂ ਦੇ ਆਗੂਆਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਇਸ ਝਗੜੇ ਵਿੱਚ ਪੁਰਾਣੀ ਕਮੇਟੀ ਦੇ ਮੈਂਬਰ ਸਮੇਤ ਇੱਕ ਔਰਤ ਜ਼ਖਮੀ ਹੋ ਗਈ। ਝਗੜੇ ਦੌਰਾਨ ਦੋਵੇਂ ਧਿਰਾਂ ਦੇ ਆਗੂਆਂ ਦੀਆਂ ਪੱਗਾਂ ਲੱਥੀਆਂ ਅਤੇ ਗਾਲੀ ਗਲੋਚ ਵੀ ਕੀਤੀ ਗਈ। ਇਸਦਾ ਪਤਾ ਲੱਗਦਿਆਂ ਹੀ ਪ੍ਰਸਾਸ਼ਨ ਨੇ ਦਖਲ ਦੇ ਕੇ ਮਹੌਲ ਸ਼ਾਂਤ ਕੀਤਾ ਅਤੇ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਲਈ ਪੁਲਿਸ ਤਾਇਨਾਤ ਕਰ ਦਿੱਤੀ। ਝਗੜਾ ਨਿਪਟਾਉਣ ਲਈ ਸਿਵਲ ਪ੍ਰਸਾਸਨ ਦੀ ਤਰਫੋਂ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਅਤੇ ਡੀ.ਐਸ.ਪੀ. ਸਿਟੀ ਹੁਸਿਆਰਪੁਰ ਸੁਖਵਿੰਦਰ ਸਿੰਘ, ਐਸ.ਐਚ.ਓ ਗੜ੍ਹਦੀਵਾਲਾ ਜਸਵੰਕਲ ਸਿੰਘ ਤੇ ਮੁੱਖ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ ਨੇ ਸਤਿਕਾਰ ਸਭਾ ਦੇ ਆਗੂਆਂ ਦੀ ਸ਼ਮੂਲੀਅਤ ਨਾਲ ਦੋਵੇਂ ਕਮੇਟੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਅਕਾਲ ਤਖਤ ਸਾਹਿਬ ਦੇ ਦਖਲ ਪਹਿਲਾਂ ਥਾਪੇ ਗਏ ਪ੍ਰਧਾਨ ਬਲਦੇਵ ਸਿੰਘ ਦੀ ਥਾਂ ਗੁਰਦੀਪ ਸਿੰਘ ਨੂੰ ਪ੍ਰਧਾਨ, ਪੁਰਾਣੀ ਕਮੇਟੀ ਦੇ ਪ੍ਰਧਾਨ ਕੈਪਟਨ ਹਰਬੰਸ ਸਿੰਘ ਨੂੰ ਮੀਤ ਪ੍ਰਧਾਨ ਤੇ ਰੇਸ਼ਮ ਸਿੰਘ ਨੂੰ ਜੁਆਇੰਟ ਸਕੱਤਰ ਬਣਾ ਕੇ ਪਹਿਲਾਂ ਬਣਾਈ 18 ਮੈਂਬਰੀ ਕਮੇਟੀ ਨੂੰ 3 ਮਹੀਨੇ ਲਈ ਬਹਾਲ ਰਖਣ ਦਾ ਫੈਸਲਾ ਕੀਤਾ ਗਿਆ। ਮਾਮਲਾ ਸ਼ਾਂਤ ਹੋਣ ਉਪਰੰਤ ਦੋਵੇਂ ਕਮੇਟੀਆਂ ਦੇ ਆਗੂਆਂ ਵਲੋਂ ਗੁਰਦੁਆਰਾ ਸਾਹਿਬ ਅੰਦਰ ਮੁੜ ਭੁੱਲ ਬਖ਼ਸਾਉਣ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਆਗੂ ਦਵਿੰਦਰ ਸਿੰਘ ਮੁਕੇਰੀਆਂ, ਭਾਈ ਸੰਦੀਪ ਸਿੰਘ ਖਾਲਸਾ ਟਾਂਡਾ, ਭਾਈ ਪਰਮਿੰਦਰ ਸਿੰਘ, ਭਾਈ ਰਛਪਾਲ ਸਿੰਘ, ਭਾਈ ਬੂਟਾ ਸਿੰਘ, ਭਾਈ ਹਰਜਿੰਦਰ ਸਿੰਘ ਪੰਡੋਰੀ ਅਟਵਾਲ, ਜਥੇਦਾਰ ਗੁਰਦੀਪ ਸਿੰਘ, ਭਾਈ ਹਰਦੀਪ ਸਿੰਘ, ਰਮਨਦੀਪ ਸਿੰਘ, ਗੁਰਦਿੱਤ ਸਿੰਘ, ਸੁਖਰਾਜ ਸਿੰਘ ਦੀ ਅਗਵਾਈ ਵਿੱਚ ਪੁੱਜੇ ਸਿੰਘਾਂ ਨੇ ਗੁਰਦੁਆਰਾ ਸਾਹਿਬ ਅੰਦਰ ਵਾਪਰੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਹੋਈ ਬੇਅਬਦੀ ਲਈ ਦੋਵੇਂ ਧਿਰਾਂ ਬਰਾਬਰ ਦੀਆਂ ਜ਼ਿੰਮੇਵਾਰ ਹਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਪੱਗਾਂ ਉਤਾਰਨੀਆਂ ਤੇ ਚੌਰ ਸਾਹਿਬ ਖੋਹਣ ਦੀ ਕੋਸ਼ਿਸ਼ ਕਰਨਾ ਸਿੱਖੀ ਸਿਧਾਤਾਂ ਵਿਰੁੱਧ ਹੈ। ਜਿਸਦਾ ਦੋਵੇਂ ਧਿਰਾਂ ਨੂੰ ਜਵਾਬ ਦੇਣਾ ਪਵੇਗਾ। ਇਸ ਮੌਕੇ ਸਥਿਤੀ ਦੀ ਗੰਭੀਰਤਾਂ ਨੂੰ ਦੇਖਦਿਆਂ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਮਨਜੀਤ ਸਿੰਘ, ਡੀ.ਐਸ.ਪੀ. ਸਿਟੀ ਸੁਖਵਿੰਦਰ ਸਿੰਘ, ਇੰਸਪੈਕਟਰ ਕਰਨੈਲ ਸਿੰਘ, ਇੰਸਪੈਕਟਰ ਨਰਿੰਦਰ ਕੁਮਾਰ, ਇੰਸਪੈਕਟਰ ਯਾਦਵਿੰਦਰ ਸਿੰਘ ਬੁਲੋਵਾਲ ਆਦਿ ਦੀ ਅਗਵਾਈ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
ਪਿੰਡ ਧੁੱਗਾ ਕਲਾਂ ਵਿਖੇ ਐਸਸੀ ਭਾਈਚਾਰੇ ਦੇ ਗੁਰਦੁਆਰੇ ਅੰਦਰ ਦੋ ਧੜਿਆਂ ਵੱਲੋਂ ਗੁਰਦੁਆਰਾ ਕਮੇਟੀ ਨੂੰ ਲੈ ਕੇ ਧੱਕਾਮੁੱਕੀ ਦੌਰਾਨ ਔਰਤ ਸਮੇਤ ਦੋ ਜ਼ਖਮੀ



