ਸ਼ਾਹਕੋਟ, 24 ਮਈ (ਸੁਰਿੰਦਰ ਸਿੰਘ ਖਾਲਸਾ)- ਅੱਜ ਇੱਥੇ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ,ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅਤੇ ਸ੍ਰੀ ਹੰਸ ਰਾਜ ਹੰਸ ਨੇ ਸਾਂਝੀ ਕਾਨਫਰੰਸ ਕਰਕੇ ਹਲਕੇ ਦਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਨਾਇਬ ਸਿੰਘ ਕੋਹਾੜ ਨੂੰ ਵੋਟਾਂ ਪਾ ਕੇ ਕਾਂਗਰਸ ਸਰਕਾਰ ਦੀ ਸਵਾ ਸਾਲ ਦੀ ਮਾੜੀ ਕਾਰਗੁਜ਼ਾਰੀ ਦਾ ਜੁਆਬ ਦੇਣ। ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਬਾਅਦ ਸਤਾ ‘ਚ ਆਉਣ ਵੇਲੇ ਤੋਂ ਲੈ ਕੇ ਕਾਂਗਰਸ ਪਾਰਟੀ ਲੋਕਾਂ ਦਾ ਨੁਕਸਾਨ ਕਰ ਰਹੀ ਹੈ। ਪੰਜਾਬ ਵਿਚ ਦਲਿਤ ਲੋਕਾਂ ਲਈ ਅਕਾਲੀ ਭਾਜਪਾ ਸਰਕਾਰ ਵਲੋਂ ਚਲਾਈਆਂ ਗਈਆ ਸਕੀਮਾਂ ਬੰਦ ਕਰਕੇ ਦਲਿਤਾਂ ਨਾਲ ਧੋਖਾ ਕੀਤਾ ਗਿਆ ਹੈ। ਜਿਨ੍ਹਾਂ ਸਕੂਲਾਂ ਵਿਚ ਦਲਿਤਾਂ ਦੇ ਬੱਚੇ ਪੜਦੇ ਹਨ ਉਨ੍ਹਾਂ ਦੀ ਕੋਈ ਸਾਰ ਨਹੀ ਲਈ ਜਾ ਰਹੀ। ਕਈ ਸਰਕਾਰੀ ਸਕੂਲ ਅਜਿਹੇ ਹਨ ਜਿਨ੍ਹਾਂ ਦਾ ਨਤੀਜਾ ਜ਼ੀਰੋ ਫੀਸਦੀ ਹੈ । ਦਲਿਤਾਂ ਦੇ ਬੱਚਿਆਂ ਨੂੰ ਯੂਨੀਵਰਸਿਟੀਆਂ ਵਿਚ ਦਾਖਲਾ ਨਹੀ ਮਿਲ ਰਿਹਾ । ਇਸ ਸਾਰੇ ਵਰਤਾਰੇ ਨਾਲ ਦਲਿਤਾਂ ਦੀ ਆਉਣ ਵਾਲੀ ਪੀੜੀ ਬੁਰੀ ਤਰ੍ਹਾਂ ਪ੍ਰਭਾਵਤ ਹੋਵੇਗੀ। ਅਟਵਾਲ ਨੇ ਕਿਹਾ ਕਿ ਆਮ ਤੌਰ ’ਤੇ ਇਹ ਧਾਰਨਾ ਬਣੀ ਹੋਈ ਹੈ ਕਿ ਜ਼ਿਮਨੀ ਚੋਣ ਸਤਾ ਧਾਰੀ ਧਿਰ ਨੇ ਜਿੱਤਣੀ ਹੁੰਦੀ ਹੈ। ਇਸ ਦੇ ਉਲਟ ਅਕਾਲੀ ਦਲ ਨੇ ਵਿਰੋਧੀ ਧਿਰ ਵਿਚ ਹੁੰਦਿਆਂ ਅਜਨਾਲਾ ਅਤੇ ਗਿੱਦੜਬਾਹਾ ਦੀ ਜ਼ਿਮਨੀ ਚੋਣ ਜਿੱਤ ਕੇ ਇਤਿਹਾਸ ਰਚਿਆ ਸੀ। ਸ਼ਾਹਕੋਟ ਤੋਂ ਵੀ ਅਕਾਲੀ ਦਲ ਸ਼ਾਨਦਾਰ ਢੰਗ ਨਾਲ ਚੋਣ ਜਿੱਤ ਕੇ 2019 ਦੀਆਂ ਪਾਰਲੀਮੈਂਟ ਚੋਣਾਂ ਲਈ ਰਾਹ ਪੱਧਰਾ ਕਰੇਗਾ। ਸਾਬਕਾ ਪਾਰਲੀਮਾਨੀ ਸਕੱਤਰ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਅਕਾਲੀ ਦਲ ਭਾਜਪਾ ਦੇ ਦਸ ਸਾਲਾ ਕਾਰਜਕਾਲ ਦੌਰਾਨ ਕੀਤੇ ਕੰਮ ਅਤੇ ਕਾਂਗਰਸ ਦੀ ਸਵਾ ਸਾਲ ਦੀ ਕਾਰਗੁਜ਼ਾਰੀ ਨੂੰ ਦੇ ਕੇ ਵੋਟਾਂ ਪਾਈਆ ਜਾਣ। ਚੋਣਾਂ ਦੌਰਾਨ ਜਿਨੇ ਵੀ ਵਾਅਦੇ ਕਾਂਗਰਸ ਨੇ ਕੀਤੇ ਸਨ ਉਨ੍ਹਾਂ ਚੋ ਕੋਈ ਵੀ ਪੂਰਾ ਨਹੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਗੱਪੀਆ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆ ਨਜ਼ਰਾਂ ਵੋਟਾਂ ਦੀ ਕੋਈ ਕੀਮਤ ਨਹੀ ਹੈ। ਇਸੇ ਕਰਕੇ ਮੁੱਖ ਮੰਤਰੀ ਪਹਾੜਾਂ ਦੀਆਂ ਠੰਢੀਆ ਹਵਾਵਾਂ ਦੇ ਨਜ਼ਾਰੇ ਲੈ ਰਿਹਾ ਹੈ। ਭਾਜਪਾ ਦੇ ਉੱਪ ਪ੍ਰਧਾਨ ਪਦਮ ਸ੍ਰੀ ਹੰਸ ਰਾਜ ਹੰਸ ਨੇ ਆਪਣੀ ਗੱਲ, ‘ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ,ਚੁਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ..,’ ਕਹਿ ਕੇ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਦੇਸ ਦੀ ਅਜਾਦੀ ਤੋਂ ਬਾਅਦ ਸਭ ਤੋ ਵਧ ਸਮਾਂ ਕਾਂਗਰਸ ਨੇ ਰਾਜ ਕੀਤਾ ਹੈ। ਇਸ ਦੌਰਾਨ ਗਰੀਬਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਗਈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪਹਿਲੇ ਕਵੀ ਮਹਾਂ ਰਿਸ਼ੀ ਵਾਲਮੀਕ ਦਾ ਲੋਕਾਂ ਨੇ ਚੇਤਾ ਭੁਲਾ ਰੱਖਿਆ ਸੀ ਪਰ ਸ.ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੀ ਖੂਬਸੂਰਤ ਯਾਦਗਾਰ ਬਣਾ ਕੇ ਭਾਈਚਾਰੇ ਦੇ ਮਨ ਜਿੱਤ ਲਏ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸ਼ਹਿ ਤੇ 1984 ਵਿਚ ਹੋਏ ਦੰਗਿਆ ਨੂੰ ਕੋਈ ਨਹੀ ਭੁੱਲ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀਆ ਦੇ ਕੰਮ ਬੋਲਦੇ ਹਨ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾ ਭੀਮ ਰਾਓ ਅੰਬੇਡਕਰ ਦੀਆਂ ਪੰਜ ਯਾਦਗਾਰਾ ਉਸਾਰ ਕੇ ਦਲਿਤ ਪੱਖੀ ਹੋਣ ਦਾ ਸਬੂਤ ਦਿੱਤਾ ਹੈ। ਕੁਝ ਪੱਤਰਕਾਰਾਂ ਵਲੋਂ ਆਟਾ ਦਾਲ ਸਕੀਮ ਦੀ ਸਾਰਥਿਕਤਾ ਅਤੇ ਦਲਿਤ ਬੱਚਿਆ ਦੀ ਪੜਾਈ ਸਬੰਧੀ ਪੁੱਛੇ ਗਏ ਸਵਾਲਾਂ ਦਾ ਜੁਆਬ ਦਲਿਤ ਆਗੂ ਤਸੱਲੀ ਬਖਸ਼ ਜੁਆਬ ਨਹੀ ਦੇ ਸਕੇ।
ਅਕਾਲੀ-ਭਾਜਪਾ ਗੱਠਜੋੜ ਦੇ ਦਲਿਤ ਆਗੂਆਂ ਵੱਲੋਂ ਨਾਇਬ ਸਿੰਘ ਕੋਹਾੜ ਨੂੰ ਜਿਤਾਉਣ ਦੀ ਅਪੀਲ



