ਫੂਲ ਟਾਊਨ, 20 ਮਈ (ਮੱਖਣ ਸਿੰਘ ਬੁੱਟਰ)-ਪਿਛਲੇ ਸਮੇਂ ਹੋਈ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸੀਆਂ ਨੂੰ ਸਜਾਵਾਂ ਦਿਵਾਉਣ ਲਈ ਅਤੇ ਰੋਸ ਕਰ ਰਹੀਆਂ ਸੰਗਤਾਂ ਤੇ ਅੰਨੇਵਾਹ ਚਲਾਈਆਂ ਗਈਆਂ ਗੋਲੀਆਂ ਨਾਲ ਸ਼ਹੀਦ ਹੋਏ ਸਿੰਘਾਂ ਨੂੰ ਇਨਸਾਫ ਦਿਵਾਉਣ ਲਈ 1 ਜੂਨ ਨੂੰ ਬਰਗਾੜੀ ਵਿਖੇ ਹੋਣ ਵਾਲੇ ਪੰਥਕ ਇਕੱਠ ਵਿੱਚ ਪੁੱਜਣ ਤਾਂ ਜੋ ਬੇਅਦਬੀ ਕਰਨ ਵਾਲੇ ਕਥਿਤ ਦੋਸ਼ੀਆਂ ਅਤੇ ਸ਼ਹੀਦ ਸਿੰਘਾਂ ਨੂੰ ਇਨਸਾਫ ਦਿਵਾਉਣ ਲਈ ਇੱਕ ਪਲੇਟ ਫਾਰਮ ਤੇ ਇਕੱਠੇ ਹੋਣਾ ਜਰੂਰੀ ਹੈ।ਇੰਨਾਂ ਗੱਲਾਂ ਦਾ ਪ੍ਰਗਟਾਵਾ ਮੀਰੀ ਪੀਰੀ ਇੰਟਰਨੈਸ਼ਨਲ ਸੰਤ ਸਮਾਜ ਦੇ ਜਨਰਲ ਸਕੱਤਰ ਬਾਬਾ ਪ੍ਰਦੀਪ ਸਿੰਘ ਢੈਪਈ ਨੇ ਕੀਤਾ।ਪਿਛਲੀ ਅਕਾਲੀ-ਭਾਜਪਾ ਸਰਕਾਰ ਵੀ ਦੋਸੀਆਂ ਨੂੰ ਸਜਾਵਾਂ ਦਿਵਾਉਣ ਵਿੱਚ ਨਾ-ਕਾਮਯਾਬ ਰਹੀ।ਚੋਣਾਂ ਵੇਲੇ ਵੱਡੇ-ਵੱਡੇ ਵਾਅਦੇ ਕਰਨ ਵਾਲੀ ਕੈਪਟਨ ਸਰਕਾਰ ਨੇ ਵੀ ਇਸ ਵੱਲ ਉਕਾ ਧਿਆਨ ਹੀ ਨਹੀ ਦਿੱਤਾ ਜਿਸ ਕਾਰਨ ਸਿੱਖ ਸੰਗਤ ਵਿਚ ਭਾਰੀ ਰੋਸ ਦੀ ਲਹਿਰ ਹੈ।ਸੁੱਤੀ ਸਰਕਾਰ ਨੂੰ ਜਗਾਉਣ ਲਈ ਧਾਰਮਿਕ ਤੇ ਰਾਜਨੀਤਿਕ ਆਗੂ ਅਤੇ ਸਮੂਹ ਸਿੱਖ ਪੰਥਕ ਜਥੇਬੰਦੀਆਂ, ਪ੍ਰਚਾਰਕ ਪਾਰਟੀਬਾਜੀ ਤੋਂ ਉਪਰ ਉਠ ਕੇ ਹੋਣ ਵਾਲੇ ਪੰਥਕ ਇਕੱਠ ਵਿੱਚ ਪੁੱਜਣ।ਮੀਰੀ ਪੀਰੀ ਇੰਟਰਨੈਸ਼ਨਲ ਸੰਤ ਸਮਾਜ ਦੇ ਜਨਰਲ ਸਕੱਤਰ ਬਾਬਾ ਪ੍ਰਦੀਪ ਸਿੰਘ ਢੈਪਈ ਵਾਲਿਆਂ ਨੇ ਸਾਧ ਨਰਾਇਣ ਦਾਸ ਵੱਲੋਂ ਗੁਰੁ ਅਰਜਨ ਦੇਵ ਜੀ ਤੇ ਕਿੰਤੂ-ਪ੍ਰੰਤੂ ਕਰਕੇ ਭੱਦੀ ਸ਼ਬਦਾਵਲੀ ਬੋਲਣ ਦੀ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ। ਉਨਾਂ ਸਰਕਾਰ ਅਤੇ ਪ੍ਰਸਾਸ਼ਨ ਤੋ ਮੰਗ ਕੀਤੀ ਕਿ ਦੋਸ਼ੀ ਨੂੰ ਬਣਦੀ ਸਜਾਂ ਦਿੱਤੀ ਜਾਵੇ ਅਤੇ ਅਜਿਹੇ ਲੋਕ ਗਲਤ ਸ਼ਬਦਾਵਲੀ ਵਰਤਣ ਤੋ ਗੁਰੇਜ ਕਰਨ। ਇਸ ਮੌਕੇ ਪ੍ਰਧਾਨ ਬੂਟਾ ਸਿੰਘ, ਆਤਮਾ ਸਿੰਘ, ਚਮਕੌਰ ਸਿੰਘ ਨੰਬਰਦਾਰ, ਹਰਦੀਪ ਸਿੰਘ, ਚਮਕੌਰ ਸਿੰਘ ਦੰਦੀਵਾਲ, ਬਹਾਦਰ ਸਿੰਘ, ਸੁਰਜੀਤ ਸਿੰਘ, ਬੀਬੀ ਸੁਖਪ੍ਰੀਤ ਕੌਰ ਹਾਜ਼ਰ ਸਨ।
ਬਰਗਾੜੀ ਵਿਖੇ ਹੋਣ ਵਾਲੇ ਪੰਥਕ ਇਕੱਠ ਵਿੱਚ ਸੰਗਤਾਂ ਭਾਰੀ ਗਿਣਤੀ ’ਚ ਪੁੱਜਣ : ਬਾਬਾ ਪ੍ਰਦੀਪ ਸਿੰਘ ਢੈਪਈ



