ਰਿਵਾਲਸਰ, ਹਿਮਾਚਲ ਪ੍ਰਦੇਸ਼ ਵਿਖੇ ਸਥਿਤ ਇੱਕ ਛੋਟੀ ਜਿਹੀ ਬਹੁਤ ਸ਼ਾਂਤ ਜਗ੍ਹਾ ਹੈ। ਇਹ ਹਿਮਾਚਲ ਵਿੱਚ ਸੁੰਦਰ ਨਗਰ ਤੋਂ ਅੱਗੇ ਅਤੇ ਮੰਡੀ ਤੋਂ ਕੁਝ ਕਿਲੋਮੀਟਰ ਪਹਿਲਾਂ ਨੇਰ ਚੌਕ ਦਾ ਮੋੜ ਮੁੜ ਕੇ ਇਸ ਤੋਂ 19 ਕੁ ਕਿਲੋਮੀਟਰ ਦੂਰੀ ‘ਤੇ ਸਥਿਤ ਹੈ।ਰਿਵਾਲਸਰ ਦੇ ਉੱਚੇ ਪਰਬਤੀ ਇਲਾਕਿਆਂ ‘ਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਨਾਲ ਸੰਨ 1701 ਵਿੱਚ ਬੈਠਕ ਕੀਤੀ ਸੀ। ਇਸ ਬੈਠਕ ਦਾ ਮੁੱਖ ਉਦੇਸ਼ ਔਰੰਗਜ਼ੇਬ ਵੱਲੋਂ ਲੋਕਾਂ ਉੱਪਰ ਕੀਤੇ ਜਾ ਰਹੇ ਅੱਤਿਆਚਾਰ ਨੂੰ ਰੋਕਣਾ ਸੀ। ਗੁਰੂ ਸਾਹਿਬ ਇਸ ਜਗ੍ਹਾ ਤਕਰੀਬਨ ਇੱਕ ਮਹੀਨਾ ਰਹੇ।ਹੁਣ ਇਸ ਸਥਾਨ ‘ਤੇ ਬਹੁਤ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਇੱਥੇ ਦੂਰੋਂ-ਦੂਰੋਂ ਸੰਗਤਾਂ ਦਰਸ਼ਨਾਂ ਲਈ ਆਉਂਦੀਆਂ ਹਨ। ਮਨੀਕਰਨ ਸਾਹਿਬ ਜਾਣ ਵਾਲੀਆਂ ਸੰਗਤਾਂ ਵੀ ਕਈ ਵਾਰ ਰਸਤੇ ਵਿੱਚ ਇੱਥੇ ਇੱਕ ਦਿਨ ਦਰਸ਼ਨਾਂ ਲਈ ਰੁਕ ਜਾਂਦੀਆਂ ਹਨ। ਇਹ ਗੁਰਦੁਆਰਾ ਸ਼ਹਿਰ ਤੋਂ ਬਹੁਤ ਉਚਾਈ ‘ਤੇ ਹੋਣ ਕਾਰਨ ਇੱਥੋਂ ਰਿਵਾਲਸਰ ਸ਼ਹਿਰ ਦਾ ਨਜ਼ਾਰਾ ਬਹੁਤ ਦਿਲਚਸਪ ਜਾਪਦਾ ਹੈ। ਇਸ ਗੁਰਦੁਆਰੇ ਵਿੱਚ ਸਾਰਾ ਦਿਨ ਲੰਗਰ ਚੱਲਦਾ ਹੈ
। ਰਿਵਾਲਸਰ ਦੀ ਸੜਕ ਤੋਂ ਗੁਰਦੁਆਰੇ ਪਹੁੰਚਣ ਦੇ ਦੋ ਰਸਤੇ ਹਨ, ਇੱਕ ਪੌੜੀਆਂ ਅਤੇ ਦੂਜਾ ਸੜਕ ਰਾਹੀਂ। ਗੁਰਦੁਆਰੇ ਸਾਹਮਣੇ ਹੇਠਾਂ ਵੱਲ ਬਹੁਤ ਵੱਡੀ ਝੀਲ ਹੈ ਜਿਸ ਵਿੱਚ ਬਹੁਤ ਤਾਦਾਦ ਵਿੱਚ ਮੱਛੀਆਂ ਹਨ। ਪਰਵਾਸੀ ਪੰਛੀ ਵੀ ਇੱਥੇ ਆ ਕੇ ਇਸ ਝੀਲ ਦੀ ਸੁੰਦਰਤਾ ਨੂੰ ਵਧਾਉਂਦੇ ਹਨ। ਝੀਲ ਦੇ ਚਾਰੇ ਪਾਸੇ ਹਰਿਆਵਲ ਇਸ ਥਾਂ ਨੂੰ ਹੋਰ ਵੀ ਸੁੰਦਰਤਾ ਬਖ਼ਸ਼ਦੀ ਹੈ। ਗੁਰਦਆਰੇ ਦੇ ਇੱਕ ਪਾਸੇ ਦਾ ਅਗਲਾ ਹਿੱਸਾ ਹਿਮਾਚਲ ਸਰਕਾਰ ਨੇ ਜੰਗਲਾਂ ਲਈ ਰਾਖਵਾਂ ਰੱਖਿਆ ਹੋਇਆ ਹੈ। ਜੇ ਕੋਈ ਇਨ੍ਹਾਂ ਜੰਗਲੀ ਇਲਾਕਿਆਂ ਵਿੱਚੋਂ ਦੀ ਗੁਜ਼ਰ ਕੇ ਅੱਗੇ ਉਪਰ ਉਚਾਈ ਵੱਲ ਜਾਣਾ ਚਾਹੇ ਤਾਂ ਮਨਜ਼ੂਰੀ ਮਿਲ ਜਾਂਦੀ ਹੈ।
ਝੀਲ ਦੇ ਇੱਕ ਪਾਸੇ ਸ਼ਿਵ ਮੰਦਰ ਸਥਿਤ ਹੈ। ਮੰਦਰ ਬਾਜ਼ਾਰ ਦੇ ਵਿਚਕਾਰ ਹੈ। ਸ਼ਰਧਾਲੂ ਭਾਰੀ ਗਿਣਤੀ ਵਿੱਚ ਇੱਥੇ ਆ ਕੇ ਮੱਥਾ ਟੇਕਦੇ ਹਨ ਤੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਨੇੜਲੇ ਪਿੱਪਲ ਦੇ ਪੁਰਾਣੇ ਸੰਘਣੇ ਦਰੱਖਤ ਨੂੰ ਮੌਲੀ (ਲਾਲ ਧਾਗਾ) ਵੀ ਬੰਨ੍ਹਦੇ ਹਨ। ਹਨੂੰਮਾਨ ਮੰਦਰ ਇਸ ਦੇ ਬਿਲਕੁਲ ਨਾਲ ਸਥਿਤ ਹੈ। ਇੱਥੇ ਆਉਣ ਵਾਲੇ ਸਾਰੇ ਸ਼ਰਧਾਲੂ ਸਾਹਮਣੇ ਝੀਲ ਦੀਆਂ ਮੱਛੀਆਂ ਨੂੰ ਫੁਲੀਆਂ, ਆਟਾ, ਨਿਊਟਰੀ, ਛੋਟੇ ਬਿਸਕੁਟ ਜ਼ਰੂਰ ਪਾਉਂਦੇ ਹਨ। ਜੇ ਕੋਈ ਝੀਲ ਨੇੜੇ ਪਾਰਕ ਵਿੱਚ ਬੈਠ ਕੇ ਸਮਾਂ ਬਿਤਾਉਣਾ ਚਾਹੇ ਤਾਂ ਉਸ ਦਾ ਵੀ ਚੰਗਾ ਪ੍ਰਬੰਧ ਕੀਤਾ ਗਿਆ ਹੈ। ਕਈ ਤਿੱਬਤੀ ਲੋਕ ਇਸ ਝੀਲ ਵਿੱਚ ਪੈਸੇ ਸੁੱਟ ਕੇ ਪ੍ਰਾਰਥਨਾ ਕਰਦੇ ਵੀ ਨਜ਼ਰ ਆਉਂਦੇ ਹਨ। ਝੀਲ ਦੇ ਸਾਰੇ ਪਾਸੇ ਲੂੰਗਤੇ (ਰੰਗ-ਬਿਰੰਗੇ ਛੋਟੇ-ਛੋਟੇ ਝੰਡੇ ਨੁਮਾ ਕੱਪੜੇ) ਹਵਾ ਵਿੱਚ ਪਰਚਮ ਦੀ ਤਰ੍ਹਾਂ ਲਹਿਰਾਉਂਦੇ ਰਹਿੰਦੇ ਹਨ। ਉਨ੍ਹਾਂ ਉਪਰ ਤਿੱਬਤੀ ਭਾਸ਼ਾ ਵਿੱਚ ਦੇਵੀ ਦੇਵਤਿਆਂ ਦੀ ਉਸਤਤ ਲਿਖੀ ਹੁੰਦੀ ਹੈ। ਇੰਜ ਜਾਪਦਾ ਹੈ ਜਿਵੇਂ ਇਹ ਸੈਲਾਨੀਆਂ ਦਾ ਨਿੱਘਾ ਸਵਾਗਤ ਕਰਦੇ ਹੋਣ।
ਇਸ ਜਗ੍ਹਾ ਰਹਿਣ ਲਈ ਚੰਗੇ ਹੋਟਲ ਬਹੁਤ ਆਸਾਨੀ ਨਾਲ ਮਿਲ ਜਾਂਦੇ ਹਨ। ਹਿਮਾਚਲ ਟੂਰਿਜ਼ਮ ਦਾ ਇਸ ਥਾਂ ਬਹੁਤ ਪੁਰਾਣਾ ਅਤੇ ਆਧੁਨਿਕ ਹੋਟਲ ਹੈ। ਰਿਵਾਲਸਰ ਧਾਰਮਿਕ ਸਥਾਨ ਹੋਣ ਦੇ ਨਾਲ ਹੀ ਚੰਗੀ ਮਾਰਕੀਟ ਵਜੋਂ ਵੀ ਜਾਣਿਆ ਜਾਂਦਾ ਹੈ। ਘਰ ਦੇ ਮਹਿੰਗੀ ਤੋਂ ਮਹਿੰਗੀ ਸਜਾਵਟੀ ਸਾਮਾਨ ਤੋਂ ਲੈ ਕੇ ਲੋੜੀਂਦੀ ਛੋਟੀ ਤੋਂ ਛੋਟੀ ਵਸਤੂ ਇਸ ਥੋੜ੍ਹੇ ਜਿਹੇ ਇਲਾਕੇ ਵਿੱਚ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ। ਦੁਕਾਨਾਂ ਦੀ ਭਰਮਾਰ ਹੈ ਅਤੇ ਆਦਰ-ਸਤਿਕਾਰ ਨਾਲ ਬੋਲਣ ਵਾਲੇ ਦੁਕਾਨਦਾਰ। ਇੱਥੇ ਤਿੱਬਤੀ ਲੋਕ ਸਭ ਤੋਂ ਵੱਧ ਗਿਣਤੀ ਵਿੱਚ ਰਹਿੰਦੇ ਹਨ। ਇਸ ਜਗ੍ਹਾ ਬੁੱਧ ਧਰਮ ਦਾ ਫੈਲਾਅ ਹੋਰ ਸਭ ਧਰਮਾਂ ਤੋਂ ਵੱਧ ਹੈ। ਇੱਥੋਂ ਦੇ ਬਾਜ਼ਾਰ ਵਿੱਚ 90 ਫ਼ੀਸਦੀ ਦੁਕਾਨਾਂ ਤਿੱਬਤੀਆਂ ਦੀਆਂ ਹੀ ਹਨ। ਤਿੱਬਤੀ ਹੋਟਲਾਂ ਵਿੱਚ ਮੋਮੋ, ਥੂਪਾ, ਚਾਉਮੀਨ ਆਦਿ ਆਮ ਮਿਲਦੇ ਹਨ। ਰਿਵਾਲਸਰ ਦਾ ਸਭ ਤੋਂ ਵੱਡਾ ਆਕਰਸ਼ਣ ਇੱਥੇ ਬਣਿਆ ਲੋਟਸ ਬੁੱਧ ਮੰਦਰ ਹੈ। ਇੱਥੋਂ ਦੇ ਮੁੱਖ ਬਾਜ਼ਾਰ ਵਿੱਚੋਂ ਹੀ ਉੱਪਰ ਲੋਟਸ ਟੈਂਪਲ ਤਕ ਰਸਤਾ ਜਾਂਦਾ ਹੈ। ਥੋੜ੍ਹਾ ਰਸਤਾ ਅੱਗੇ ਲੰਘ ਕੇ ਸਿੱਧੀ ਟੱਕਰ ਦੀ ਚੜ੍ਹਾਈ ਹੈ। ਇਸ ਰਸਤੇ ਵਿੱਚ ਪੌੜੀਆਂ ਬਣੀਆਂ ਹੋਈਆਂ ਹਨ। ਉੱਪਰ ਇਸ ਇਮਾਰਤ ਤਕ ਪਹੁੰਚ ਕੇ ਇੰਜ ਲੱਗਦਾ ਹੈ ਜਿਵੇਂ ਤੁਸੀਂ ਕਿਸੀ ਵੱਖਰੀ ਦੁਨੀਆਂ ਵਿੱਚ ਪਹੁੰਚ ਗਏ ਹੋ। ਬਹੁਤ ਸਾਫ਼-ਸੁਥਰੀ ਤੇ ਰੰਗ-ਬਿਰੰਗੀ ਇਮਾਰਤ ਦੇਖ ਕੇ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਇਸ ਇਮਾਰਤ ਦੇ ਅੰਦਰ ਪੂਜਾ ਵਾਲੇ ਸਥਾਨ ‘ਤੇ ਬਹੁਤ ਵੱਡਾ ਹਾਲ ਹੈ ਜਿੱਥੇ ਮਹਾਤਮਾ ਬੁੱਧ ਦਾ ਬੁੱਤ ਲੱਗਿਆ ਹੋਇਆ ਹੈ। ਇਸ ਬੁੱਤ ਅੱਗੇ ਲੋਕ ਬਿਸਕੁਟਾਂ ਦੇ ਪੈਕਟ, ਕੇਕ, ਫੁੱਲ, ਫਲ, ਮੱਖਣ, ਪੈਸੇ ਆਦਿ ਚੜ੍ਹਾਉਂਦੇ ਹਨ। ਹਰ ਪਾਸੇ ਚਿੱਤਰਕਾਰੀ ਕੀਤੀ ਹੋਈ ਹੈ। ਕੋਈ ਵੀ ਇਸ ਥਾਂ ਦੀ ਤਸਵੀਰ ਅੰਦਰੋਂ ਨਹੀਂ ਖਿੱਚ ਸਕਦਾ। ਹਰ ਸਮੇਂ ਬਹੁਤ ਸਾਰੀਆਂ ਜੋਤਾਂ ਬਲਦੀਆਂ ਰਹਿੰਦੀਆਂ ਹਨ। ਇਹ ਥਾਂ ਵੀ ਰਿਵਾਲਸਰ ਤੋਂ ਕਾਫ਼ੀ ਉਚਾਈ ‘ਤੇ ਹੋਣ ਕਾਰਨ ਸ਼ਹਿਰ ਦੀ ਸੁੰਦਰਤਾ ਨੂੰ ਮਾਣਨ ਦਾ ਆਨੰਦ ਦਿੰਦੀ ਹੈ। ਸ਼ਹਿਰ ਤੋਂ ਦਸ ਕਿਲੋਮੀਟਰ ਹੋਰ ਸਿੱਧੀ ਉਚਾਈ ‘ਤੇ ਨੈਣਾ ਦੇਵੀ ਦਾ ਮੰਦਰ ਸਥਿਤ ਹੈ। ਸਿਖਰ ਪਹਾੜ ਦੀ ਚੋਟੀ ‘ਤੇ ਇਹ ਮੰਦਰ ਇੱਕ ਅਲੱਗ ਹੀ ਛਾਪ ਛੱਡਦਾ ਹੈ। ਆਸ-ਪਾਸ ਦੀਆਂ ਘਾਟੀਆਂ ਬਹੁਤ ਮਨਮੋਹਕ ਨਜ਼ਾਰਾ ਪੇਸ਼ ਕਰਦੀਆਂ ਹਨ। ਸਰਕਾਰੀ ਗੈਸਟ ਹਾਊਸ ਮੰਦਰ ਦੇ ਨਾਲ ਦੀ ਇਮਾਰਤ ਵਿੱਚ ਬਣਾਇਆ ਗਿਆ ਹੈ। ਰਿਵਾਲਸਰ ਤੋਂ ਨੈਣਾ ਦੇਵੀ ਮੰਦਰ ਦੇ ਰਸਤੇ ਵਿੱਚ ਦੋ ਹੋਰ ਥਾਵਾਂ ਇੱਥੋਂ ਦੇ ਆਕਰਸ਼ਣ ਨੂੰ ਹੋਰ ਵੀ ਵਧਾਉਂਦੀਆਂ ਹਨ। ਇੱਕ ਹੈ ਕੁੰਤੀ ਕੁੰਡ (ਤਲਾਅ)। ਇਹ ਤਲਾਅ ਬਹੁਤ ਵੱਡੀਆਂ-ਵੱਡੀਆਂ ਚੱਟਾਨਾਂ ਨਾਲ ਘਿਰਿਆ ਹੋਇਆ ਹੈ। ਇਹ ਤਲਾਅ ਮੁੱਖ ਸੜਕ ਤੋਂ ਕਾਫ਼ੀ ਨੀਵਾਂ ਹੈ। ਕੁੰਤੀ ਕੁੰਡ ਤੋਂ ਕੁਝ ਕੁ ਕਿਲੋਮੀਟਰ ਦੂਰੀ ‘ਤੇ ਅਰਜੁਨ ਗੁਫ਼ਾ ਹੈ। ਨੈਣਾ ਦੇਵੀ ਦੇ ਮੰਦਰ ਤੋਂ ਇਹ ਜਗ੍ਹਾ ਕੋਈ ਚਾਰ ਕੁ ਕਿਲੋਮੀਟਰ ਪਹਾੜੀ ਤੋਂ ਨੀਵੀਂ ਹੈ। ਇਸ ਗੁਫ਼ਾ ਦੀ ਦੇਖ-ਰੇਖ ਤਿੱਬਤੀ ਸ਼ਰਧਾਲੂ ਕਰਦੇ ਹਨ। ਕਿੰਨੀ ਅਦਭੁੱਤ ਗੱਲ ਹੈ ਕਿ ਹਿੰਦੂਆਂ ਦਾ ਇੰਨਾ ਵੱਡਾ ਇਤਿਹਾਸਕ ਸਥਾਨ ਤੇ ਇਸ ਦੀ ਸਾਂਭ-ਸੰਭਾਲ ਉੱਥੋਂ ਦੇ ਬੋਧੀ ਲੋਕ ਕਰ ਰਹੇ ਹਨ ਕਿਉਂਕਿ ਉਹ ਵੀ ਅਰਜੁਨ ਨੂੰ ਆਪਣਾ ਦੇਵਤਾ ਮੰਨਦੇ ਹਨ। ਇਹ ਧਾਰਮਿਕ ਭਾਈਚਾਰੇ ਦੀ ਚੰਗੀ ਮਿਸਾਲ ਹੈ। ਇਸ ਸਥਾਨ ‘ਤੇ ਪਹੁੰਚਣ ਲਈ ਤਕਰੀਬਨ ਸੌ ਕੁ ਪੌੜੀਆਂ ਚੜ੍ਹ ਕੇ ਅੱਗੇ ਗੁਫ਼ਾ ਆਉਂਦੀ ਹੈ। ਇਸ ਗੁਫ਼ਾ ਦਾ ਮੁੱਖ ਦੁਅਰਾ ਤਾਂ ਛੋਟਾ ਹੈ ਪਰ ਅੰਦਰੋਂ ਬਹੁਤ ਵੱਡੀ ਹੈ। ਗੁਫ਼ਾ ਅੰਦਰ ਦਲਾਈਲਾਮਾ ਦੀ ਤਸਵੀਰ, ਅਰਜੁਨ ਦਾ ਬਹੁਤ ਵੱਡੇ ਆਕਾਰ ਦਾ ਬੁੱਤ ਅਤੇ ਦੀਵੇ ਜਗਦੇ ਰਹਿੰਦੇ ਹਨ। ਸਾਰਾ ਪੂਜਾ-ਪਾਠ ਬੋਧੀ ਤਰੀਕੇ ਨਾਲ ਹੀ ਕੀਤਾ ਜਾਂਦਾ ਹੈ। ਇਸ ਗੁਫ਼ਾ ਦੀ ਛੱਤ ਉਹੀ ਪੁਰਾਣੀ ਪਰਬਤੀ ਹਿੱਸੇ ਦੀ ਬਣੀ ਹੀ ਰੱਖੀ ਗਈ ਹੈ। ਗੁਫ਼ਾ ਦਾ ਸਾਰਾ ਫਰਸ਼ ਪੱਥਰ ਦਾ ਹੈ।
-ਅੰਦਲੀਬ ਕੌਰ