ਸਫ਼ਲ ਬੁਲਾਰਾ, ਸਫ਼ਲ ਵਿਅਕਤੀ, ਸਫ਼ਲ ਜ਼ਿੰਦਗੀ

ਡਾ: ਹਰਜਿੰਦਰ ਵਾਲੀਆ
ਸੰਪਰਕ : 98723-14380

‘‘ਹਿੰਦੁਸਤਾਨ ਦੀ ਕਹਾਣੀ ਦਾ ਨਾਮ ਭਗਤ ਸਿੰਘ, ਦੇਸ਼ ਦੀ ਜਵਾਨੀ ਦਾ ਨਾਮ ਹੈ ਭਗਤ ਸਿੰਘ, ਦਰਿਆਵਾਂ ਦੀ ਰਵਾਨਾ ਦਾ ਨਾਮ ਹੈ ਭਗਤ ਸਿੰਘ। ਜੱਸ ਤੇ ਜਿੰਦਗਾਨੀ ਦਾ ਨਾਮ ਹੈ ਭਗਤ ਸਿੰਘ। ਤੁਸੀਂ ਭਗਤ ਸਿੰਘ ਦੇ ਵਾਰਸ ਹੋ। ਤੁਸੀਂ ਹੀ ਇਸ ਦੇਸ਼ ਦੀ ਢਾਰਸ ਹੋ। ਤੁਹਾਡੇ ਤੇ ਦੇਸ਼ ਨੂੰ ਬਹੁਤ ਉਮੀਦਾਂ ਨੇ‘‘। ਇਸ ਕਿਸਮ ਦੀ ਇਬਾਰਤ ਵਾਲੀ ਤਕਰੀਰ ਸਰੋਤਿਆਂ ਦੇ ਦਿਲ ਅੰਦਰ ਤੱਕ ਛੂਹ ਜਾਂਦੀ ਹੈ। ਆਪਣੇ ਸ਼ਬਦਾਂ ਵਿੱਚ ਜਾਨ ਪਾਓ। ਖੂਬਸੂਰਤ, ਮਿੱਠੇ, ਸਾਹਿਤਕ ਅਤੇ ਕਾਵਿਮਈ ਸ਼ਬਦ ਬੋਲੋ ਅਤੇ ਸ਼ਬਦਾਂ ਦਾ ਜਾਦੂ ਦੇਖੋ। ਕਾਵਿਮਈ ਸ਼ੈਲੀ ਵਿੱਚ ਦਿੱਤਾ ਹੋਇਆ ਭਾਸ਼ਣ ਲੰਮੇ ਸਮੇਂ ਤੱਕ ਸਰੋਤਿਆਂ ਦੇ ਯਾਦ ਰਹਿੰਦਾ ਹੈ। ਇਸ ਤਰ੍ਹਾਂ ਦੀ ਸ਼ੈਲੀ ਵਿਕਸਤ ਕਰਨ ਲਈ ਵਕਤੇ ਨੂੰ ਖਾਸ ਮਿਹਨਤ ਦੀ ਲੋੜ ਹੁੰਦੀ ਹੈ। ਸ਼ਬਦਾਂ ਦਾ ਭੰਡਾਰ ਇੱਕੱਠਾ ਕਰਨ ਲਈ ਸਾਹਿਤ ਦੀਆਂ ਪੁਸਤਕਾਂ ਦਾ ਅਧਿਐਨ ਜ਼ਰੂਰੀ  ਹੈ। ਸ਼ਾਇਰੀ ਦੀਆਂ ਕਿਤਾਬਾਂ ਵਿੱਚੋਂ ਬਹੁਤ ਕੁਝ ਮਿਲ ਜਾਂਦਾ ਹੈ, ਜੋ ਤੁਹਾਡੇ ਭਾਸ਼ਣ ਦਾ ਹਿੱਸਾ
ਬਣ ਸਕਦਾ ਹੈ। ਤੁਸੀਂ ਆਪਣੇ ਪੰਜਾਬ ਦੀ ਸਿਫ਼ਤ ਕਰਦੇ ਕਰਦੇ ਅਗਰ ਮੁਹੰਮਦ ਇੱਕਬਾਲ ਦੀ ਸ਼ਾਇਰੀ ਦਾ ਹਵਾਲਾ ਦਿਓਗੇ ਤਾਂ ਤੁਹਾਡਾ ਪ੍ਰਭਾਵ ਚਿਰਸਥਾਈ ਹੋਵੇਗਾ।

ਯੂਨਾਨ ਓ ਮਿਸਰ ਵ ਰੋਮਾ ਮਿਟ ਗਏ ਜਹਾਂ ਸੇ
ਅਬ ਤਕ ਮਗਰ ਹੈ ਨਾਮੋ-ਨਿਸ਼ਾ ਹਮਾਰਾ
ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹੈ ਜਹਾਂ ਸੇ
ਸਦੀਓਂ ਰਹਾਂ ਹੈ ਦੁਸ਼ਮਨ ਦੌਰੇ ਜੁਮਾਂ ਹਮਾਰਾ।
ਜੇਕਰ ਤੁਸੀਂ ਅੱਜਕਲ੍ਹ ਦੇ ਮੁਕਾਬਲੇ ਦੀ ਯੁੱਗ ਦੀ ਗੱਲ ਕਰਦੇ ਹੋਏ ਅੱਜ ਦੇ ਇਨਸਾਨ ਦੀ ਫ਼ਿਤਰਤ ਦੀ ਗੱਲ ਕਰੋਗੇ ਤਾਂ ਆਹ ਸ਼ੇਅਰ ਬਹੁਤ ਕੰਮ ਆਵੇਗਾ।
ਬੱਸ, ਯਹੀ ਦੌੜ ਹੈ, ਇਸ ਦੌਰ ਕੇ ਇਨਸਾਨੋਂ ਮੇਂ
ਤੇਰੀ ਦੀਵਾਰ ਸੇ ਊਚੀ, ਮੇਰੀ ਦੀਵਾਰ ਬਨੇ।
ਦੂਜੇ ਪਾਸੇ ਜੇਕਰ ਕੋਈ ਕਿਸੇ ਕਾਰਨ ਦੌਲਤ ਤੋਂ ਹੱਥ ਧੋ ਬਹਿੰਦਾ ਹੈ, ਗਰੀਬੀ ਦੀ ਜਿੱਲਤ ਵਿੱਚ ਧੱਕਿਆ ਜਾਂਦਾ ਹੈ, ਉਸਦੇ ਜਜ਼ਬਾਤਾਂ ਦੀ ਤਰਜ਼ਮਾਨੀ ਕਰ ਰਿਹਾ ਇਹ ਸ਼ੇਅਰ ਹੋ ਸਕਦਾ ਹੈ:
ਦੀਵਾਰ ਕਿਆ ਗਿਰੀ ਮੇਰੇ ਕੱਚੇ ਮਕਾਨ ਕੀ
ਲੋਗੋਂ ਮੇ ਮੇਰੇ ਜ਼ਿਹਨ ਮੇਂ ਰਸਤੇ ਬਨਾ ਲੀਏ
ਕਾਵਿਮਈ ਸ਼ੈਲੀ ਨਾਲ ਭਾਸ਼ਣ ਕਰਨ ਦੀ ਕਲਾ ਕਮਾਲ ਦੀ ਕਲਾ ਹੈ। ਜਦੋਂ ਇਸ ਸ਼ੈਲੀ ਦੀ ਵਰਤੋਂ ਨਾਲ ਆਵਾਜ਼ ਦੇ ਉਤਰਾਅ ਚੜ੍ਹਾਅ ਅਤੇ ਵਿਰਾਮ ਦਾ ਉਪਯੋਗ ਕੀਤਾ ਜਾਂਦਾ ਹੈ ਤਾਂ ਇਸ ਨੂੰ ਚਾਰ ਚੰਨ ਲੱਗ ਜਾਂਦੇ ਹਨ। ਅਜਿਹੇ ਭਾਸ਼ਣ ਸਰੋਤਿਆਂ ਦੇ ਮਨਾਂ ਤੇ ਚਿਰ ਸਥਾਈ ਤੇ ਉਕਰਨ ਦੀ ਸਮਰੱਥਾ ਰੱਖਦੇ ਹਨ।
ਸ਼ਬਦਾਂ ਵਿੱਚ ਜਾਨ ਪਾਓ
ਚੰਗਾ ਵਕਤਾ ਬਣਨ ਦਾ ਇੱਕ ਰਹੱਸ ਹੈ ਕਿ ਸ਼ਬਦਾਂ ਵਿੱਚ ਜਾਨ ਪਾਓ। ਭਾਸ਼ਣ ਕਰਦੇ ਕਰਦੇ ਕਿਸੇ ਸ਼ਬਦ ਉਤੇ ਦੇ ਕੇ ਜ਼ੋਰ ਦਿਓ। ਜਦੋਂ ਅਚਾਨਕ ਕਿਸੇ ਖਾਸ ਨੁਕਤੇ ਨੂੰ ਸਪਸ਼ਟ ਕਰਨ ਲਈ ਕਿਸੇ ਸ਼ਬਦ ਤੇ ਦਬਾਅ ਪਾਇਆ ਜਾਂਦਾ ਹੈ ਜਾਂ ਕਿਸੇ ਸ਼ਬਦ ਨੂੰ ਹੌਲੀ ਬੋਲਿਆ ਜਾਂਦਾ ਹੈ ਤਾਂ ਭਾਸ਼ਣ ਨੀਰਸ ਨਹੀਂ ਰਹਿੰਦਾ। ਕਈ ਵਾਰ ਵੇਖਿਆ ਗਿਆ ਹੈ ਕਿ ਵਕਤਾ ਇੱਕੋ ਤਰ੍ਹਾਂ ਦੀ ਆਵਾਜ਼ ਵਿੱਚ ਬੋਲਦਾ ਰਹਿੰਦਾ ਹੈ ਜੋ ਸਰੋਤਿਆਂ ਨੂੰ ਅਕਾ ਦਿੰਦਾ ਹੈ। ਇਸ ਤਕਨੀਕ ਬਾਰੇ ਡਾ. ਉਜਵਲ ਪਾਟਨੀ ਲਿਖਦੇ ਹਨ ਕਿ ਇਸ ਤਰ੍ਹਾਂ ਦਾ ਪ੍ਰਭਾਵ ਪਾਉਣ ਲਈ ਤਪੀ ਤਕਨੀਕ ਦੇ ਇਸਤੇਮਾਲ ਕਰੋ।
1. ਕਿਸੇ ਖਾਸ ਸ਼ਬਦ ਤੇ ਜ਼ੋਰ ਦੇਣ ਤੋਂ ਪਹਿਲਾਂ ਥੋੜ੍ਹਾ ਰੁਕੋ, ਥੋੜ੍ਹਾ ਠਹਿਰੋ, ਥੋੜ੍ਹਾ ਵਿਰਾਮ ਦਿਓ।
2. ਦੂਜੇ ਨੰਬਰ ਤੇ ਉਸ ਸ਼ਬਦ ਤੇ ਦਬਾਅ ਬਣਾਓ।
3. ਆਪਣੇ ਚਿਹਰੇ ਦੇ ਹਾਵ ਭਾਵ ਦੀ ਮਦਦ ਨਾਲ ਆਪਣੇ ਵਿੱਚਾਰਾਂ ਨੂੰ ਸਰੋਤਿਆਂ ਨੂੰ ਦਿਓ। ਉਹਨਾਂ ਨੂੰ ਪ੍ਰੇਰਿਤ ਕਰੋ ਕਿ ਉਹ ਵਿੱਚਾਰਾਂ ਨੂੰ ਗ੍ਰਹਿਣ ਕਰ ਲੈਣ। ਹੇਠ ਲਿਖੀ ਉਦਾਹਰਣ ਨਾਲ ਸਪਸ਼ਟ ਹੋ ਜਾਂਦਾ ਹੈ ਕਿ ਵਿਰਾਮ ਕਿਸ ਤਰ੍ਹਾਂ ਸ਼ਬਦਾਂ ਅਤੇ ਵਾਕਾਂ ਦੇ ਅਰਥ ਬਦਲ ਦਿੰਦਾ ਹੈ:
ਰੁਕੋ, ਮਤ ਜਾਓ
ਰੁਕੋ ਮਤ, ਜਾਓ
ਬੁਲਾਰਾ ਅਤੇ ਠਹਿਰਾਓ
ਜਿਹਨਾਂ ਨੇ ਕਦੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਬੋਲਦੇ ਹੋਏ ਸੁਣਿਆ ਹੈ, ਉਹ ਰਹਾਓ ਜਾਂ ਵਿਰਾਮ ਦੀ ਕਲਾ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਅਟਲ ਬਿਹਾਰੀ ਵਾਜਪਾਈ ਆਪਣੇ ਭਾਸ਼ਣ ਦੇ ਦੌਰਾਨ ਇਸ ਵਿਧੀ ਦਾ ਬਹੁਤ ਉਪਯੋਗ ਕਰਦੇ ਰਹੇ ਹਨ। ਭਾਸ਼ਣ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਵਿਰਾਮ ਦਾ ਸਹੀ ਇਯਤੇਮਾਲ ਕਰਨਾ ਆਉਣਾ ਚਾਹੀਦਾ ਹੈ। ਕਈ ਵਕਤਾ ਸਿਖਾਂਦਰੂਆਂ ਵਾਂਗ ਪੂਰੀ ਗਤੀ ਨਾਲ ਆਪਣੀ ਗੱਲ ਕਹਿ ਜਾਂਦੇ ਹਨ ਪਰ ਸੁਣਨ ਵਾਲਿਆਂ ਤੇ ਉਹਨਾਂ ਦੇ ਕੋਈ ਪ੍ਰਭਾਵ ਨਹੀਂ ਪੈਂਦਾ। ਖੂਬਸੂਰਤ ਸ਼ਾਇਰੀ ਵੀ ਬਿਨਾਂ ਵਿਰਾਮ ਦੇ ਬੇਜ਼ਾਨ ਹੋ ਜਾਂਦੀ ਹੈ। ਜਿਵੇਂ ਲਿਖਦੇ ਸਮੇਂ ਅਸੀਂ ਮਹੱਤਵਪੂਰਨ ਵਾਕ ਦੇ ਥੱਲੇ ਇੱਕ ਲਾਈਨ ਖਿੱਚ ਦਿੰਦੇ ਹਾਂ ਜਾਂ ਕੰਪਿਊਟਰ ਤੇ ਕੰਮ ਕਰਦੇ ਹੋਏ ਫ਼ੋਂਟ ਗੂੜ੍ਹਾ ਕਰ ਦਿੰਦੇ ਹਾਂ, ਇਸ ਤਰ੍ਹਾਂ ਬੋਲਦੇ ਹੋਏ ਵਿਰਾਮ ਦੀ ਵਿਧੀ, ਆਵਾਜ਼ ਦੇ ਉਤਰਾਅ ਚੜ੍ਹਾਅ ਅਤੇ ਸ਼ਬਦਾਂ ਦੇ ਦਬਾਅ ਨੂੰ ਬਣਾ ਕੇ ਮਹੱਤਵਪੂਰਨ ਨੁਕਤਿਆਂ ਨੂੰ ਸਮਝਾ ਸਕਦੇ ਹਾਂ। ਆਮ ਤੌਰ ਤੇ ਭਾਸ਼ਣ ਦੌਰਾਨ ਰਹਾਓ ਪੰਜ ਕੁ ਸੈਕਿੰਡ ਦਾ ਹੁੰਦਾ ਹੈ ਜਾਂ ਫ਼ਿਰ ਜ਼ਿਆਦਾ ਮਹੱਤਵਪੂਰਨ ਨੁਕਤੇ ਨੂੰ ਸਮਝਾਉਣ ਹਿਤ 5 ਤੋਂ 10 ਸੈਕਿੰਡ ਰੁਕਿਆ ਜਾ ਸਕਦਾ ਹੈ। ਜਦੋਂ ਵਕਤਾ ਕੋਈ ਚੁਟਕਲਾ ਆਦਿ ਸੁਣਾ ਕੇ ਸਰੋਤਿਆਂ ਨੂੰ ਹਸਾਉਂਦਾ ਹੈ, ਉਸ ਵੇਲੇ ਠਹਿਰਾਓ 20 ਸੈਕਿੰਡ ਤੱਕ ਦਾ ਹੋ ਸਕਦਾ ਹੈ।
ਸ਼ਬਦਾਂ ਨਾਲ ਚਿੱਤਰ ਬਣਾਉਣ ਦੀ ਕਲਾ
ਭਾਸ਼ਣ ਦੌਰਾਨ ਸ਼ਬਦਾਂ ਨਾਲ ਚਿੱਤਰ ਬਣਾਉਣ ਦੀ ਕਲਾ ਵਿੱਚ ਮਾਹਿਰ ਵਕਤੇ ਸਰੋਤਿਆਂ ਨੂੰ ਮੰਤਰ ਮੰਗੁਧ ਕਰ ਲੈਂਦੇ ਹਨ।
ਪੰਜ ਫ਼ਰਵਰੀ 1762-ਕੁੱਪ ਰਹੀੜੇ ਦਾ ਮੈਦਾਨ ਸੁਲਤਾਨ-ਉਲ-ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਂਡ ਵਿੱਚ ਸਿੱਖ ਫ਼ੌਜਾਂ ਅੱਗੇ ਵੱਧ ਰਹੀਆਂ ਸਨ। ਉਧਰ ਅਬਦਾਲੀ ਮਾਰੋ ਮਾਰ ਕਰਦਾ ਵੱਧ ਰਿਹਾ ਸੀ। ਕੁੱਪ ਰਹੀੜੇ ਦੇ ਥੇਹ ਤੇ ਹੋਇਆ ਮੁਕਾਬਲਾ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬੋਲ ਹੋ ਰਹੇ ਸਨ ਸੱਚ। ਸੱਚਮੁਚ ਹੀ ਸਵਾ ਲਾਖ ਸੇ ਏਕ ਲੜਾਉਂ ਵਾਲੀ ਗੱਲ ਸੀ। ਇਉਂ ਇੱਕ ਚੰਗਾ ਵਕਤਾ ਯੁੱਧ ਦਾ ਸ਼ਬਦੀ ਚਿੱਤਰ ਖਿੱਚ ਦਿੰਦਾ ਹੈ। ਕਹਿੰਦੇ ਹਨ ਜਦੋਂ ਸ. ਹਰੀ ਸਿੰਘ ਨਲੂਆ ਬੋਲਦਾ ਸੀ ਤਾਂ ਮੁਰਦਿਆਂ ਵਿੱਚ ਜਾਨ ਪੈ ਜਾਂਦੀ ਸੀ। ਅੱਜ ਦੇ ਯੁੱਗ ਦੀਆਂ ਵੀ ਅਨੇਕਾਂ ਉਦਾਹਰਣਾਂ ਹਨ। ਪੰਡਤ ਨਹਿਰੂ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ। ਦੇਸ਼ ਭੁੱਖ ਨਾਲ ਜੂਝ ਰਿਹਾ ਸੀ। ਜੈ ਜਵਾਨ ਜੈ ਕਿਸਾਨ, ਨਾਅਰਾ ਦੇਣ ਵਾਲੇ ਸ਼ਾਸਤਰੀ ਨੇ ਦੇਸ਼ ਨੂੰ ਇੱਕ ਦਿਨ ਲਈ ਵਰਤ ਛੱਡਣ ਨੂੰ ਕਿਹਾ ਤਾਂ ਸਮੁੱਚਾ ਦੇਸ਼ ਸੋਮਵਾਰ ਦਾ ਵਰਤ ਰੱਖਣ ਲੱਗਾ ਸੀ।
ਤਕਰੀਰ ਦਾ ਆਰੰਭ ਅਤੇ ਅੰਤ
ਭਾਸ਼ਣ ਦਾ ਸਭ ਤੋਂ ਮਹੱਤਵਪੂਰਨ ਭਾਗ ਹੁੰਦੇ ਹਨ ਤਕਰੀਰ ਦਾ ਅਰੰਭ ਅਤੇ ਅੰਤ। ਭਾਸ਼ਣ ਦੀ ਸ਼ੁਰੂਆਤ ਜਿੰਨੀ ਅਹਿਮ ਉਸ ਤੋਂ ਵੱਧ ਮਹੱਤਵਪੂਰਨ ਹੈ ਉਸਦਾ ਅੰਤ। ਭਾਸ਼ਣ ਦਾ ਆਰੰਭ ਕਿਸ ਤਰ੍ਹਾਂ ਕੀਤਾ ਜਾਵੇ, ਇਸ ਬਾਰੇ ਪਹਿਲਾਂ ਦੱਸਿਆ ਜਾ ਚੁੱਕਾ ਹੈ। ਅੱਜ ਤਾਂ ਤੁਹਾਨੂੰ ਤਕਰੀਰ ਦੇ ਅੰਤ ਬਾਰੇ ਕੁਝ ਨੁਕਤੇ ਦੱਸਣੇ ਹਨ। ਯਾਦ ਰੱਖੋ ਤੁਹਾਡੇ ਅੰਤਲੇ ਬੋਲ ਲੰਬੇ ਸਮੇਂ ਤੱਕ ਸਰੋਤਿਆਂ ਦੇ ਕੰਨਾਂ ਵਿੱਚ ਗੂੰਜਦੇ ਰਹਿੰਦੇ ਹਨ।
‘‘ਲੋ ਜੀ, ਮੈਂ ਜੋ ਕਹਿਣਾ ਸੀ ਕਹਿ ਦਿੱਤਾ। ਬੱਸ ਹੁਣ ਆਪਣੀ ਗੱਲ ਸਮਾਪਤ ਕਰਦਾ ਹਾਂ।’ ਇਸ ਤਰ੍ਹਾਂ ਦਾ ਅੰਤ ਕੋਈ ਵਧੀਆ ਅੰਤ ਨਹੀਂ ਹੈ। ਨਵੇਂ ਬੁਲਾਰੇ ਜਾਂ ਜਿਨਾਂ ਵਿੱਚ ਆਤਮ ਵਿਸ਼ਵਾਸ ਦੀ ਕਮੀ ਹੁੰਦੀ ਹੈ, ਇਸ ਤਰ੍ਹਾਂ ਨਾਲ ਆਪਣੇ ਭਾਸ਼ਣ ਦੀ ਸਮਾਪਤੀ ਕਰਦੇ ਹਨ। ਦੂਜੇ ਪ੍ਰਭਾਵਸ਼ਾਲੀ ਬੁਲਾਰੇ ਹਮੇਸ਼ਾ ਆਪਣਾ ਭਾਸ਼ਣ ਅਜਿਹੇ ਨੁਕਤੇ ਤੇ ਸਮਾਪਤ ਕਰਦੇ ਹਨ, ਜਿੱਥੇ ਸਰੋਤਾ ਲੰਮੇ ਸਮੇਂ ਤੱਕ ਉਸ ਵਕਤੇ ਦੇ ਪ੍ਰਭਾਵ ਥੱਲੇ ਰਹਿੰਦਾ ਹੈ। ਤੁਸੀਂ ਆਪਣਾ ਭਾਸ਼ਣ ਕਿਸੇ ਸ਼ੇਅਰ ਨਾਲ ਸਮਾਪਤ ਕਰ ਸਕਦੇ ਹੋ। ਫ਼ਰਜ਼ ਕਰੋ ਤੁਸੀਂ ਆਰੰਭ ਵਿੱਚ ਮਾਦਾ ਭਰੂਣ ਹੱਤਿਆ ਦੇ ਖਿਲਾਫ਼ ਆਵਾਜ਼ ਉਠਾਈ ਅਤੇ ਆਪਣੇ ਤਰਕ ਨਾਲ ਇਹ ਸਿੱਧ ਕੀਤਾ ਕਿ ਧੀਆਂ ਨੂੰ ਕੁੱਖ ਵਿੱਚ ਮਾਰਨਾ ਪਾਪ ਹੈ। ਗਲਤ ਹੈ। ਇਸ ਕੰਮ ਤੇ ਰੋਕ ਲਾਉਣ ਲਈ ਗਲੋਬਲ ਪੰਜਾਬ ਫ਼ਾਊਂਡੇਸ਼ਨ ਵਰਗੀਆਂ ਸੰਸਥਾਵਾਂ ਨੇ ਪੰਗੂੜਾ ਯੋਜਨਾ ਸ਼ੁਰੂ ਕੀਤੀ ਹੋਈ ਹੈ। ਤੁਸੀਂ ਅੰਤ ਵਿੱਚ ਕਹਿ ਸਕਦੇ ਹੋ ਕਿ ਭਾਵੇਂ ਸਾਨੂੰ ਪਤਾ ਕਿ ਸਾਡੇ ਇੰਨੇ ਕੁ ਯਤਨ ਨਾਲ ਸਮੁੱਚੇ ਤੌਰ ਤੇ ਕੋਈ ਵੱਡਾ ਪਰਿਵਰਤਨ ਨਹੀਂ ਆਉਣਾ ਵਾਲਾ ਪਰ
‘‘ਮਾਨਾ ਕਿ ਜਹਾਂ ਕੋ ਹਮ ਗੁਲਸਨ ਨਾ ਕਰ ਸਕੇ
ਮਗਰ ਕੁਲ ਖ਼ਾਰ ਤੋਂ ਕਮ ਕੀਏ ਗੁਜ਼ਰੇ ਜਿੱਧਰ ਸੇ ਹਮ,
ਜਾਂ ਫ਼ਿਰ ਕੋਈ ਛੋਟੀ ਕਥਾ ਕਹਾਣੀ ਨਾਲ ਆਪਣੀ ਗੱਲ ਨੂੰ ਸਮਾਪਤ ਕਰ ਸਕਦੇ ਹੋ। ਜਿਸ ਤਰ੍ਹਾਂ:
‘‘ਇੱਕ ਜੰਗਲ ਨੂੰ ਅੱਗ ਲੱਗੀ ਹੈ। ਇੱਕ ਚਿੜੀ ਚੁੰਝ ਭਰ ਕੇ ਪਾਣੀ ਦੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।
‘‘ਤੇਰੀ ਇਸ ਚੁੰਝ ਦੇ ਪਾਣੀ ਨਾਲ ਅੱਗ ਬੁਝ ਜਾਵੇਗੀ?’’
ਬਾਕੀ ਚਿੜੀਆਂ ਉਸਨੂੰ ਪੁੱਛਦੀਆਂ ਹਨ।
‘ਮੈਨੂੰ ਪਤਾ ਹੈ ਕਿ ਅੱਗ ਨਹੀਂ ਬੁਝਣੀ ਪਰ ਜਦੋਂ ਕਦੇ ਵੀ ਇਤਿਹਾਸ ਲਿਖਿਆ ਗਿਆ ਤਾਂ ਸਾਡਾ ਨਾਮ ਅੱਗ ਬੁਝਾਉਣ ਵਾਲਿਆਂ ਵਿੱਚ ਹੋਵੇਗਾ, ਨਾ ਕਿ ਲਾਉਣ ਵਾਲਿਆਂ ਵਿੱਚ।
ਆਓ ਆਪਾਂ ਅੱਗ ਬੁਝਾਉਣ ਵਾਲੇ ਬਣੀਏ।’’
ਅਜਿਹਾ ਕਹਿ ਕੇ ਤੁਸੀਂ ਆਪਣਾ ਭਾਸ਼ਣ ਸਮਾਪਤ ਕਰ ਸਕਦੇ ਹੋ। ਸੋ, ਅੰਤ ਵਿੱਚ ਕੋਈ ਸੁਝਾਅ, ਕੋਈ ਅਜਿਹਾ ਨੁਕਤਾ ਸਰੋਤਿਆਂ ਨੂੰ ਦਿਓ, ਜੋ ਉਹਨਾਂ ਦੀ ਜ਼ਿੰਦਗੀ ਤੇ ਅਸਰ ਕਰੇ।
ਇਸ ਤਰ੍ਹਾਂ ਲੋਕਾਂ ਨੂੰ ਚੰਗੇ ਕੰਮਾਂ ਲਈ ਪ੍ਰੇਰਿਤ ਕਰਨ ਲਈ ਕਈ ਤਰ੍ਹਾਂ ਦੇ ਸ਼ੇਅਰ ਹਨ, ਜਿਹਨਾਂ ਨਾਲ ਤੁਸੀਂ ਆਪਣੀ ਤਕਰੀਰ ਦਾ ਅੰਤ ਕਰ ਸਕਦੇ ਹੋ। ਜਿਵੇਂ:
ਮੰਜ਼ਿਲ ਮਿਲੇ, ਮਿਲੇ ਨਾ ਮਿਲੇ, ਮੁਝੇ ਇਸ ਕਾ ਗ਼ਮ ਨਹੀਂ
ਮੰਜ਼ਿਲ ਕੀ ਜੁਸਤਜੂ ਮੇਂ ਮੇਰਾ ਕਾਰਵਾਂ ਤੋ ਹੈ।
ਤਕਰੀਰ ਦੀ ਸਮਾਪਤੀ ਤੁਹਾਡੇ ਭਾਸ਼ਣ ਦੇ ਵਿਸ਼ਾ ਵਸਤੂ ਤੇ ਨਿਰਭਰ ਕਰਦੀ ਹੈ। ਸਿਆਸੀ ਤਕਰੀਰਾਂ ਦਾ ਅੰਤ ਅਕਸਰ ਅਪੀਲ ਨਾਲ ਹੁੰਦਾ ਹੈ, ਜਿਵੇਂ:
‘‘ਇਸ ਕਾਂਗਰਸ ਨੇ 60 ਵਰ੍ਹੇ ਦੇਸ਼ ਨੂੰ ਲੁੱਟ ਕੇ ਖਾ ਲਿਆ ਪਰ ਹੁਣ ਅਜਿਾਹ ਨਹੀਂ ਹੋਵੇਗਾ। ਤੁਸੀਂ ਜਾਗ ਪੲੈ ਹੋ, ਜਨਤਾ ਜਾਗ ਪਈ ਹੈ। ਮੇਰੀ ਤੁਹਾਨੂੰ ਅਪੀਲ ਹੈ ਕਿ ਇਸ ਵਾਰ ਦੀਆਂ ਚੋਣਾਂ ਵਿੱਚ ਇਸ ਨੂੰ ਅਜਿਹੀ ਮਾਤ ਦਿਓ ਕਿ ਮੁੜ ਇਹ ਦਿੱਲੀ ਵੱਲ ਨਾ ਦੇਖ ਸਕੇ।’’  ਇਸ ਤਰ੍ਹਾਂ ਕਿਸੇ ਸਮਾਜਿਕ ਸਮੱਸਿਆ ਨੂੰ ਖਤਮ ਕਰਨ ਦੀ ਅਪੀਲ ਨਾਲ ਭਾਸ਼ਣ ਦਾ ਅੰਤ ਕੀਤਾ ਜਾ ਸਕਦਾ ਹੈ। ਜਾਂ ਫ਼ਿਰ ਭੂਚਾਲ ਪੀੜਤਾਂ ਦੀ ਮਦਦ ਲਈ ਅਪੀਲ ਕਰਕੇ ਲੋਕਾਂ ਨੂੰ ਮਦਦ ਲਈ ਪ੍ਰੇਰਿਆ ਜਾ ਸਕਦਾ ਹੈ।
ਹਾਸੇ ਮਜ਼ਾਕ ਵਿੱਚ ਤਕਰੀਰ ਦੀ ਸਮਾਪਤੀ
ਬਹੁਤ ਸਾਰੇ ਬੁਲਾਰੇ ਇਹ ਸੋਚਦੇ ਹਨ ਕਿ ਸਰੋਤਿਆਂ ਨੂੰ ਹਮੇਸ਼ਾ ਹੱਸਦਿਆਂ ਹੋਇਆਂ ਅਲਵਿਦਾ ਕਹਿਣੀ ਚਾਹੀਦੀ ਹੈ। ਕਿਸੇ ਅਜਿਹੇ ਵਿਅੰਗ ਜਾਂ ਚੁਟਕਲੇ ਨਾਲ ਭਾਸ਼ਣ ਸਮਾਪਤ ਕੀਤਾ ਜਾ ਸਕਦਾ ਹੈ, ਜਿਸ ਨਾਲ ਸਰੋਤੇ ਖ਼ੁਸ਼ੀ-ਖ਼ੁਸ਼ੀ ਘਰ ਨੂੰ ਜਾਣ। ਇੱਥੇ ਇੱਕ ਗੱਲ ਸਪਸ਼ਟ ਹੈ ਕਿ ਤਕਰੀਰ ਨੂੰ ਸਮਾਪਤ ਕਰਨ ਦਾ ਕੋਈ ਪੱਕਾ ਫ਼ਾਰਮੂਲਾ ਨਹੀਂ ਹੈ। ਸਮੇਂ ਅਤੇ ਸਰੋਤਿਆਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ ਅਤੇ ਵਿਸ਼ਾ ਵਸਤੂ ਨੂੰ ਵੀ। ਹਰ ਬੁਲਾਰੇ ਦੀ ਇੱਕ ਆਪਣੀ ਸ਼ੈਲੀ ਬਣ ਜਾਂਦੀ ਹੈ। ਕੋਈ ਕਾਵਿਮਈ ਢੰਗ ਨਾਲ ਗੱਲ ਖ਼ਤਮ ਕਰਦਾ ਹੈ। ਕੋਈ ਧਾਰਮਿਕ ਪੁਸਤਕਾਂ ਦੇ ਹਵਾਲਿਆਂ ਨਾਲ ਤਕਰੀਰ ਦੀ ਸਮਾਪਤੀ ਕਰਦਾ ਹੈ। ਕੋਈ ਅਪੀਲ ਨਾਲ ਅੰਤ ਕਰਦਾ ਹੈ, ਕੋਈ ਕਹਾਣੀ ਨਾਲ ਅਤੇ ਚੁਟਕਲੇ ਨਾਲ। ਕੁਝ ਵੀ ਹੋਵੇ ਭਾਸ਼ਣ ਅੰਤ ਅਤੇ ਭਾਸ਼ਣ ਆਰੰਭ ਦਾ ਮੇਲ ਹੋਵੇ। ਸਾਰੇ ਨੁਕਤਿਆਂ ਨੂੰ ਇੱਕ ਵਿਉਂਤਬੰਦ ਢੰਗ ਨਾਲ ਪੇਸ਼ ਕੀਤਾ ਗਿਆ ਹੋਵੇ, ਤਾਂ ਹੀ ਬੁਲਾਰਾ ਸਹੀ ਪ੍ਰਭਾਵ ਦੇਣ ਵਿੱਚ ਕਾਮਯਾਬ ਹੁੰਦਾ ਹੈ। ਆਸ ਹੈ ਆਪ ਵੀ ਅਜਿਹੇ ਹੀ ਬੁਲਾਰੇ ਬਣੋਗੇ।

Send this to a friend