ਸ਼ੀ ਜਿਨਪਿੰਗ ਨਾਲ ਦੋ ਦਿਨਾਂ ’ਚ 6 ਬੈਠਕਾਂ ਪਿੱਛੋਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਵਤਨ ਪਰਤੇ
ਨਵੀਂ ਦਿੱਲੀ/ਬਿਜਿੰਗ/ਵੁਹਾਨ, 28 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨ ਦੇ ਵੁਹਾਨ ਸ਼ਹਿਰ ’ਚ ਚੀਨੀ ਰਾਸ਼ਟਰਪਤੀ ਸ੍ਰੀ ਸ਼ੀ ਜਿਨਪਿੰਗ ਨਾਲ ਦੋ ਰੋਜ਼ਾ ਰਸਮੀ ਸਿਖਰ ਬੈਠਕ ਦੌਰਾਨ ਦੋਵੇਂ ਦੇਸ਼ਾਂ ਨੇ ਸਰਹੱਦ ਉਪਰ ਸ਼ਾਂਤੀ ਕਾਇਮ ਰੱਖਣ ਦਾ ਫੈਸਲਾ ਲਿਆ ਹੈ। ਇਸ ਕਾਰਜ ਲਈ ਦੋਵੇਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਆਪਸੀ ਸੰਵਾਦ ਨੂੰ ਵਧਾਇਆ ਜਾਵੇਗਾ। ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਇਹ ਵੀ ਫੈਸਲਾ ਲਿਆ ਹੈ ਕਿ ਦੋਵੇਂ ਦੇਸ਼ ਆਪਸੀ ਭਰੋਸੇ ਨੂੰ ਵਧਾਉਣਗੇ ਅਤੇ ਇੱਕ ਦੂਜੇ ਨੂੰ ਰਣਨੀਤਕ ਫੌਜੀ ਸਹਿਯੋਗ ਦੇਣਗੇ। ਇੱਕ ਵਿਸ਼ੇਸ਼ ਵਫਦ ਸਰਹੱਦੀ ਵਿਵਾਦ ਦਾ ਹੱਲ ਕੱਢੇਗਾ। ਭਾਰਤ ਅਤੇ ਚੀਨ ਇਸ ਗੱਲ ਲਈ ਵੀ ਸਹਿਮਤ ਹੋਏ ਹਨ ਕਿ ਦੋਵੇਂ ਦੇਸ਼ ਮਿਲ ਕੇ ਅਫਗਾਨਿਸਤਾਨ ’ਚ ਸਾਂਝੀ ਆਰਥਿਕ ਪਰਿਯੋਜਨਾ ਚਲਾਉਣਗੇ। ਅੱਤਵਾਦ ਨੂੰ ਖਤਮ ਕਰਨ ਲਈ ਵੀ ਦੋਵੇਂ ਦੇਸ਼ਾਂ ਨੇ ਆਪਸੀ ਸਹਿਯੋਗ ਲਈ ਪ੍ਰਤੀਬਧਤਾ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੋਵਾਂ ਦੇਸ਼ਾਂ ਦਰਮਿਆਨ ਮਨੋਰੰਜਨ ਖਾਸ ਕਰਕੇ ਫਿਲਮਾਂ ਰਾਹੀਂ ਸਹਿਯੋਗ ਵਧਾਉਣ ਦਾ ਪ੍ਰਸਤਾਵ ਰੱਖਿਆ, ਜਿਸ ਦੇ ਜਵਾਬ ਵਿੱਚ ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਚੰਗੀ ਸੋਚ ਹੈ। ਦੋਵੇਂ ਦੇਸ਼ਾਂ ਦਰਮਿਆਨ ਫਿਲਮਾਂ ਦਾ ਆਦਾਨ ਪ੍ਰਧਾਨ ਵਧਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੋ ਰੋਜ਼ਾ ਸਿਖਰ ਵਾਰਤਾ ਲਈ ਵੀਰਵਾਰ ਨੂੰ ਚੀਨ ਗਏ ਸਨ। ਉਨ੍ਹਾਂ ਨੇ ਚੀਨ ਦੇ ਵੁਹਾਨ ਸ਼ਹਿਰ ਵਿਖੇ ਚੀਨੀ ਰਾਸ਼ਟਰਪਤੀ ਨਾਲ 24 ਘੰਟੇ ਵਿੱਚ 6 ਮੁਲਾਕਾਤਾਂ ਕੀਤੀਆਂ। ਪਹਿਲੀ ਮੁਲਾਕਾਤ ਹੁਵੇਈ ਮਿਊਜ਼ੀਅਮ ਵਿਖੇ ਹੋਈ। ਇਸ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਵਫਦਾਂ ਦਰਮਿਆਨ ਅਤੇ ਡਿਨਰ ਮੌਕੇ ਗੱਲਬਾਤ ਕੀਤੀ ਗਈ। ਸਿਖਰ ਵਾਰਤਾ ਦੌਰਾਨ ਸ੍ਰੀ ਮੋਦੀ ਲਈ ਚੀਨੀ ਰਾਸ਼ਟਰਪਤੀ ਨੇ ਪ੍ਰੋਟੋਕੋਲ ਦੀ ਕੋਈ ਪ੍ਰਵਾਹ ਨਹੀਂ ਕੀਤੀ। ਸ਼ਨਿੱਚਰਵਾਰ ਨੂੰ ਦੋਵੇਂ ਨੇਤਾ ਈਸਟ ਲੇਕ ਦੇ ਕਿਨਾਰੇ ਟਹਿਲਦੇ ਹੋਏ ਦਿਖੇ। ਇਸ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਇੱਕ ਬੋਟ ਹਾਊਸ ਵਿੱਚ ਸੈਰ ਕੀਤੀ ਅਤੇ ਚਾਹ ਉਪਰ ਚਰਚਾ ਵੀ ਹੋਈ। ਚੀਨੀ ਰਾਸ਼ਟਰਪਤੀ ਨੇ ਸ੍ਰੀ ਮੋਦੀ ਨੂੰ ਇਸ ਦੌਰਾਨ ਲੰਚ ਕਰਵਾਇਆ। ਬਾਅਦ ਵਿੱਚ ਸ੍ਰੀ ਮੋਦੀ ਵਾਪਿਸ ਦਿੱਲੀ ਲਈ ਰਵਾਨਾ ਹੋ ਗਏ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਚੀਨੀ ਰਾਸ਼ਟਰਪਤੀ ਨੂੰ ਅਗਲੇ ਸਾਲ ਭਾਰਤ ਆਉਣ ਦਾ ਸੱਦਾ ਦਿੱਤਾ ਹੈ, ਜਿਸ ਉਪਰ ਉਨ੍ਹਾਂ ਨੇ ਸਹਿਮਤੀ ਪ੍ਰਗਟਾਈ ਹੈ। 2014 ’ਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸ੍ਰੀ ਮੋਦੀ ਦਾ ਇਹ ਚੌਥਾ ਚੀਨ ਦੌਰਾ ਸੀ। ਇਸ ਸਾਲ ਜੂਨ ਮਹੀਨੇ ਵਿੱਚ ਇੱਕ ਵਾਰ ਫਿਰ ਚੀਨ ਜਾ ਸਕਦੇ ਹਨ। ਸਿਖਰ ਵਾਰਤਾ ਦੌਰਾਨ ਮੋਦੀ ਨੇ ਸ਼ੀ ਨਾਲ ਬਿਨਾਂ ਅਨੁਵਾਦਕਾਂ (ਟਰਾਂਸਲੇਟਰਾਂ) ਦੇ ਸਿਧੇ ਗਲਬਾਤ ਕੀਤੀ। ਇਸ ਬੈਠਕ ਨੂੰ ਪਿਛਲੇ ਸਾਲ ਡੋਕਲਾਮ ‘ਚ 73 ਦਿਨਾਂ ਤਕ ਚਲੇ ਵਿਰੋਧ ਦੇ ਬਾਅਦ ਵਿਸ਼ਵਾਸ ਬਹਾਲ ਕਰਨ ਅਤੇ ਸੰਬੰਧਾਂ ਨੂੰ ਸੁਧਾਰਣ ਲਈ ਭਾਰਤ ਅਤੇ ਚੀਨ ਦੀਆਂ ਕੋਸ਼ਿਸ਼ਾਂ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ।ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਚੀਨ ਨੇ ਅਤਵਾਦ ਵਿਰੁਧ ਲੜਨ ਲਈ ਵਚਨਬਧਤਾ ਪ੍ਰਗਟਾਈ ਹੈ।ਪੀ.ਐਮ. ਮੋਦੀ ਨੇ ਸਿਖਰ ਸੰਮੇਲਨ ਦੀ ਅਗਲੀ ਰਸਮੀ ਬੈਠਕ ਭਾਰਤ ‘ਚ ਕਰਵਾਉਣ ਦੀ ਪੇਸ਼ਕਸ਼ ਕੀਤੀ, ਜਿਸ ਦਾ ਜਿਨਪਿੰਗ ਵਲੋਂ ਸਕਾਰਾਤਮਕ ਜਵਾਬ ਮਿਲਿਆ।ਰਾਜਦੂਤ ਲੂਓ ਝਾਓਹੁਈ ਅਤੇ ਹੋਰ ਅਧਿਕਾਰੀਆਂ ਨੇ ਮੋਦੀ ਨੂੰ ਵਿਦਾ ਕੀਤਾ।