ਲਾਪਤਾ ਕਿਸਾਨ ਦੇ ਮਾਮਲੇ ਵਿਚ ਨਾਮਜ਼ਦ ਕਿਸਾਨ ਨੇ ਘਰ ਵਿਚ ਫਾਹਾ ਲੈ ਕੇ ਦਿੱਤੀ ਜਾਨ

ਮ੍ਰਿਤਕ ਤੇ ਪਿੰਡ ਦੇ ਹੀ ਕਿਸਾਨ ਗੁਰਮੀਤ ਸਿੰਘ ਦੀ ਗੁਮਸੁਦਗੀ ਅਤੇ ਪੈਸਿਆਂ ਦੇ ਲੈਣ ਦੇਣ ਦਾ ਸੀ ਦਰਜ ਮਾਮਲਾ

ਕਾਹਨੂੰਵਾਨ, 26 ਅਪ੍ਰੈਲ (ਡਾ.ਜਸਪਾਲ ਸਿੰਘ ਭਿਟੇਵਡ)- ਬੇਟ ਖੇਤਰ ਦੇ ਪਿੰਡ ਗੁਲੇਲੜਾ ਦੇ ਇਕ ਕਿਸਾਨ ਨੇ ਆਪਣੇ ਘਰ ਵਿਚ ਹੀ ਫਾਹਾ ਲੈ ਕੇ ਜਾਨ ਦੇਣ ਦੀ ਖ਼ਬਰ ਹੈ। ਮ੍ਰਿਤਕ ਕਿਸਾਨ ਮਹਿੰਗਾ ਸਿੰਘ ਪੁਤਰ ਰਾਜਾ ਸਿੰਘ ਉਪਰ ਪਿੰਡ ਦੇ ਹੀ ਇਕ ਕਿਸਾਨ ਗੁਰਮੀਤ ਸਿੰਘ ਪੁਤਰ ਦਲੀਪ ਸਿੰਘ ਦੇ ਗੁੰਮਸ਼ੁਦਗੀ ਦਾ ਪੁਰਾਣਾ ਸ਼ਾਲਾ ਮਾਮਲਾ ਦਰਜ ਸੀ। ਪੁਲਿਸ ਨੂੰ ਦਰਜ ਕਰਵਾਈ ਸੂਚਨਾ ਅਤੇ ਮ੍ਰਿਤਕ ਮਹਿੰਗਾ ਸਿੰਘ ਵਲੋਂ ਛਡੇ ਗਏ ਖ਼ੁਦਕੁਸ਼ੀ ਨੋਟ ਵਿਚ ਆਪਣੇ ਹੀ ਪਿੰਡ ਦੇ ਅਧੀ ਦਰਜਨ ਦੇ ਕਰੀਬ ਵਿਅਕਤੀ ਤੇ ਉਸ ਨੂੰ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖ਼ੁਦਕੁਸ਼ੀ ਕਰਨ ਦਾ ਕਾਰਨ ਦਸਿਆ ਹੈ। ਮ੍ਰਿਤਕ ਦੇ ਵਾਰਸਾਂ ਨੇ ਦਸਿਆ ਕਿ ਮਹਿੰਗਾ ਸਿੰਘ ਨੇ ਆਪਣੇ ਹੀ ਪਿੰਡ ਦੇ ਗੁਰਮੀਤ ਸਿੰਘ ਕੋਲੋਂ ਆਪਣੀ ਜ਼ਮੀਨ ਗਹਿਣੇ ਰਖ ਕੇ 3 ਲਖ ਰੁਪਏ ਦੇ ਕਰੀਬ ਰਕਮ ਕਰਜ਼ੇ ਦੇ ਤੌਰ ਤੇ ਲਈ ਸੀ। ਗੁਰਮੀਤ ਸਿੰਘ ਨੇ ਮਹਿੰਗਾ ਸਿੰਘ ਕੋਲੋਂ ਇਸ ਜ਼ਮੀਨ ਦਾ ਬਿਆਨਾ ਕਰਵਾਇਆ ਹੋਇਆ ਸੀ। ਇਸ ਦੌਰਾਨ ਹੀ ਗੁਰਮੀਤ ਸਿੰਘ ਅਚਾਨਕ ਲਾਪਤਾ ਹੋ ਗਿਆ। ਗੁਰਮੀਤ ਸਿੰਘ ਦੇ ਵਾਰਸਾਂ ਨੇ ਮਹਿੰਗਾ ਸਿੰਘ ਅਤੇ ਕੁਲਦੀਪ ਸਿੰਘ ਪੁਤਰ ਜੋਗਾ ਸਿੰਘ ਵਾਸੀ ਗੁਲੇਲੜਾ ਥਾਣਾ ਪੁਰਾਣਾ ਸ਼ਾਲਾ ਵਿਚ ਗੁਰਮੀਤ ਸਿੰਘ ਨੂੰ ਲਾਪਤਾ ਕਰਨ ਦਾ ਮਾਮਲਾ ਦਰਜ ਕਰਵਾ ਦਿਤਾ ਸੀ। ਕੀ ਕਹਿੰਦੇ ਹਨ ਥਾਣਾ ਮੁਖੀ ਪੁਰਾਣਾ ਸ਼ਾਲਾ – ਥਾਣਾ ਮੁਖ ਪੁਰਾਣਾ ਸ਼ਾਲਾ ਵਿਸ਼ਵਾ ਨਾਥ ਨੇ ਦਸਿਆ ਕਿ ਮਹਿੰਗਾ ਸਿੰਘ ਅਤੇ ਕੁਲਦੀਪ ਸਿੰਘ ਆਦਿ ਤੇ ਗੁਰਮੀਤ ਸਿੰਘ ਵਾਸੀ ਗਲੇਲੜਾ ਦੇ ਲਾਪਤਾ ਹੋਣ ਦਾ ਮਾਮਲਾ 7 ਅਪਰੈਲ ਨੂੰ ਦਰਜ ਹੋਇਆ ਸੀ। ਜਿਸ ਦੇ ਚਲਦਿਆਂ ਮਹਿੰਗਾ ਸਿਂਘ ਨੇ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲੈ ਲਿਆ ਅਤੇ ਪ੍ਰੇਸ਼ਾਨੀ ਦੀ ਹਾਲਤ ਵਿਚ ਆਪਣੇ ਘਰ ਵਿਚ ਫਾਹਾ ਲੈ ਕੇ ਜਾਨ ਦੇ ਦਿਤੀ। ਉਹਨਾਂ ਦਸਿਆ ਕਿ ਮ੍ਰਿਤਕ ਵਲੋਂ ਪਿਛੇ ਛਡੇ ਖੁਦਕੁਸ਼ੀ ਨੋਟ ਅਤੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਤੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Send this to a friend