ਉਪ ਰਾਸ਼ਟਰਪਤੀ ਵੱਲੋਂ ਚੀਫ ਜਸਟਿਸ ਵਿਰੁੱਧ ਮਹਾਦੋਸ਼ ਦਾ ਪ੍ਰਸਤਾਵ ਖਾਰਜ

ਕਾਂਗਰਸ ਅਤੇ ਵਿਰੋਧੀ ਧਿਰਾਂ ਵੱਲੋਂ ਸੁਪਰੀਮ ਕੋਰਟ ਜਾਣ ਦਾ ਐਲਾਨ

ਨਵੀਂ ਦਿਲੀ, 23 ਅਪ੍ਰੈਲ- ਦੇਸ਼ ਦੇ ਉਪ ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਨੇ ਕਾਂਗਰਸ ਅਤੇ ਵਿਰੋਧੀ ਧਿਰਾਂ ਵੱਲੋਂ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਸ੍ਰੀ ਦੀਪਕ ਮਿਸ਼ਰਾ ਖਿਲਾਫ ਲਿਆਂਦੇ ਜਾ ਰਹੇ ਮਹਾਦੋਸ਼ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ। ਕਾਂਗਰਸ ਨੇ ਉਪ ਰਾਸ਼ਟਰਪਤੀ ਦੇ ਫੈਸਲੇ ਦੀ ਕਰੜੀ ਆਲੋਚਨਾ ਕੀਤੀ। ਕਾਂਗਰਸ ਨੇ ਕਿਹਾ ਕਿ ਉਪ ਰਾਸ਼ਟਰਪਤੀ ਨੇ ਬਹੁਤ ਜਲਦਬਾਜ਼ੀ ‘ਚ ਪ੍ਰਸਤਾਵ ਨੂੰ ਖਾਰਜ ਕੀਤਾ ਹੈ, ਜਦੋਂ ਕਿ ਉਨ੍ਹਾਂ ਨੇ ਕਿਸੇ ਮਾਹਰ ਤੋਂ ਇਸ ਲਈ ਸਲਾਹ ਵੀ ਨਹੀਂ ਲਈ। ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰ ਨੇ ਇਹ ਵੀ ਕਿਹਾ ਕਿ ਇਸ ਫੈਸਲੇ ਦੇ ਖਿਲਾਫ ਕਾਂਗਰਸ ਕੋਰਟ ਜਾਵੇਗੀ।ਕਾਂਗਰਸੀ ਆਗੂ ਸ੍ਰੀ ਕਪਿਲ ਸਿਬਲ ਨੇ ਕਿਹਾ, ‘‘ਚੀਫ ਜਸਟਿਸ ਦੇ ਖਿਲਾਫ ਲਿਆਂਦੇ ਗਏ ਮਹਾਦੋਸ਼ ਦੇ ਪ੍ਰਸਤਾਵ ਨੂੰ ਖਾਰਜ ਕਰਨ ਦਾ ਉਪ ਰਾਸ਼ਟਰਪਤੀ ਦਾ ਫੈਸਲਾ ਤਰਕ ਸੰਗਤ ਨਹੀਂ ਹੈ। ਸੰਵਿਧਾਨਕ ਨਿਯਮਾਂ ਦੇ ਦਾਇਰੇ ‘ਚ ਰਾਜ ਸਭਾ ਦੇ ਸਪੀਕਰ ਦਾ ਕੰਮ ਸਿਰਫ ਜ਼ਰੂਰੀ ਸੰਸਦ ਮੈਂਬਰਾਂ ਦਾ ਨੰਬਰ ਦੇਖਣਾ ਹੁੰਦਾ ਹੈ ਅਤੇ ਉਨ੍ਹਾਂ ਦੇ ਦਸਤਖ਼ਤਾਂ ਦੀ ਜਾਂਚ ਕਰਨੀ ਹੁੰਦੀ ਹੈ। ਹਾਲਾਂਕਿ, ਉਪ ਰਾਸ਼ਟਰਪਤੀ ਨੂੰ ਪ੍ਰਸਤਾਵ ਖਾਰਜ ਕਰਨ ਤੋਂ ਪਹਿਲਾਂ ਘਟੋ-ਘਟ ਕਲੀਜੀਅਮ ਦੀ ਰਾਏ ਤਾਂ ਲੈਣੀ ਹੀ ਚਾਹੀਦੀ ਸੀ ਪਰ ਫੈਸਲਾ ਬਹੁਤ ਹੜਬੜੀ ‘ਚ ਕੀਤਾ ਗਿਆ।‘‘ ਚੀਫ ਜਸਟਿਸ ਦੇ ਉਪਰ ਲਿਆਏ ਗਏ ਦੋਸ਼ਾਂ ਦੀ ਜਾਂਚ ਕਰਨ ਦਾ ਅਧਿਕਾਰ ਰਾਜ ਸਭਾ ਸਪੀਕਰ ਕੋਲ ਨਹੀਂ ਹੈ। ਜਾਂਚ ਕਮੇਟੀ ਹੀ ਇਸ ਦਾ ਫੈਸਲਾ ਕਰ ਸਕਦੀ ਹੈ ਕਿ ਲਗਾਏ ਗਏ ਦੋਸ਼ ਸਹੀ ਹਨ ਜਾਂ ਗਲਤ ਪਰ ਰਾਜ ਸਭਾ ਸਪੀਕਰ ਨੇ ਉਲਝਣ ਭਰੀ ਸਥਿਤੀ ’ਚ ਮਹਾਦੋਸ਼ ਪ੍ਰਸਤਾਵ ਨੂੰ ਖਾਰਜ ਕਰ ਦਿਤਾ।

Send this to a friend