ਹਰਮੀਤ ਕੌਰ ਸੈਣੀ
ਮੁਖੀ, ਪੰਜਾਬੀ ਵਿਭਾਗ, ਕਮਲਾ ਨਹਿਰੂ ਪਬਲਿਕ ਸਕੂਲ, ਫਗਵਾੜਾ।
ਪੰਜਾਬ ਦੀ ਧਰਤੀ ਆਪਣੀ ਬੁੱਕਲ ਵਿਚ ਅਨੇਕਾਂ ਹੀ ਧਾਰਮਿਕ-ਇਤਿਹਾਸਕ ਸਥਾਨਾਂ ਨੂੰ ਸਮੋਈ ਬੈਠੀ ਹੈ। ਇਸ ਗੱਲ ਦਾ ਅਹਿਸਾਸ ਉਦੋਂ ਹੋਇਆ ਜਦੋਂ ਮਿਤੀ 19 ਅਕਤੂਬਰ, 2013 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਬਠਿੰਡੇ ਦਾ ਕਿਲ੍ਹਾ ਦੇਖਣ ਦਾ ਮਨ ਬਣਿਆ। ਬਠਿੰਡਾ ਸ਼ਹਿਰ ਦੇ ਧੋਬੀ ਬਾਜ਼ਾਰ ਦੀਆਂ ਤੰਗ ਗਲੀਆਂ ਵਿਚੋਂ ਲੰਘਦਿਆਂ ਹੋਇਆਂ ਇਕ ਗਲੀ ਦਾ ਮੋੜ ਕੱਟਦਿਆਂ ਹੀ ਅਸੀਂ ਕਿਲ੍ਹਾ ਮੁਬਾਰਕ ਦੇ ਬਾਹਰ ਜਾ ਖੜ੍ਹੇ ਹੋਏ। ਅਸੀਂ ਤੁਰੇ ਤਾਂ ਕਿਲ੍ਹਾ ਦੇਖਣ ਹੀ ਸੀ ਪਰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਕ ਤੰਗ ਬਾਜ਼ਾਰ ਵਿਚ ਇੰਨਾ ਵਿਸ਼ਾਲ ਕਿਲ੍ਹਾ ਮੌਜੂਦ ਹੋਵੇਗਾ। ਕਿਲ੍ਹੇ ਦੇ ਮੁੱਖ ਦੁਆਰ ਦੇ ਚੁਬਾਰੇ ਵਿਚ ਸੱਜੇ-ਖੱਬੇ ਮੌਜੂਦ ਬਾਰੀਆਂ ਨੂੰ ਦੇਖ ਕੇ ਮਹਿਸੂਸ ਹੋਇਆ ਜਿਵੇਂ ਹੁਣ ਵੀ ਕੋਈ ਰਾਣੀ ਆਪਣੀਆਂ ਗੋਲੀਆਂ ਨਾਲ ਖੜ੍ਹੀ ਨਜ਼ਰੀਂ ਆਏਗੀ। ਉਸੇ ਹੀ ਪਲ ਅਣਗਿਣਤ ਕਬੂਤਰਾਂ ਨੇ ਉਡਾਰੀ ਭਰੀ ਤੇ ਆਪਣੀ ਰਿਹਾਇਸ਼ਗਾਹ ਹੋਣ ਦਾ ਅਹਿਸਾਸ ਕਰਵਾਇਆ।
ਇਸ ਕਿਲ੍ਹੇ ਨੂੰ ਕਿਲ੍ਹਾ ਗੋਬਿੰਦਗੜ੍ਹ ਤੇ ਬਠਿੰਡਾ ਦਾ ਕਿਲ੍ਹਾ ਕਰਕੇ ਵੀ ਜਾਣਿਆ ਜਾਂਦਾ ਹੈ। ਇਤਿਹਾਸਕ ਤੱਥਾਂ ਅਨੁਸਾਰ ਇਸ ਕਿਲ੍ਹੇ ਦਾ ਨਿਰਮਾਣ ਲਗਭਗ 1500 ਸਾਲ ਪਹਿਲਾਂ ਵੇਨਪਾਲ ਦੇ ਵੰਸ਼ ਵਿਚੋਂ ਰਾਜਾ ਦੇਵ ਨੇ ਕਰਵਾਇਆ ਪਰ ਕੁਝ ਇਕ ਤੱਥਾਂ ਅਨੁਸਾਰ ਇਹ ਵੀ ਮੰਨਿਆ ਜਾਂਦਾ ਹੈ ਕਿ ਤੀਸਰੀ ਸਦੀ ਵਿਚ ਲੱਖੀ ਜੰਗਲ ਦੇ ਖੇਤਰ ਵਿਚ ਬਠਿੰਡਾ ਸ਼ਹਿਰ ਨੂੰ ਵਸਾਉਣ ਵਾਲੇ ਭੱਟੀ ਰਾਓ ਨੇ ਇਹ ਕਿਲ੍ਹਾ ਬਣਵਾਇਆ। ਬਠਿੰਡੇ ਸ਼ਹਿਰ ਦਾ ਨਾਂਅ ਵੀ ਭੱਟੀ ਰਾਓ ਦੇ ਨਾਂਅ ਤੋਂ ਹੀ ਪਹਿਲਾਂ ਭੱਟੀ ਵਿੰਡਾ, ਫਿਰ ਭਟਿੰਡਾ ਤੇ ਫਿਰ ਬਠਿੰਡਾ ਪ੍ਰਚਲਿਤ ਹੋਇਆ। ਇਹ ਚਕੋਰ ਅਕਾਰ ਦਾ ਕਿਲ੍ਹਾ ਉੱਚੇ ਸਥਾਨ ‘ਤੇ ਸਥਿਤ ਹੈ, ਜਿਸ ਦੇ 32 ਛੋਟੇ ਤੇ 4 ਵੱਡੇ ਬੁਰਜ ਹਨ। ਚਾਰੇ ਬੁਰਜ 4 ਕਿਨਾਰਿਆਂ ‘ਤੇ ਹਨ, ਜਿਨ੍ਹਾਂ ਦੀ ਉਚਾਈ ਇਸ ਸਮੇਂ 36.5 ਮੀਟਰ ਹੈ।
ਅਸੀਂ ਕਿਲ੍ਹੇ ਦੇ ਦੱਖਣ ਵਾਲੇ ਪਾਸੇ ਪੂਰਬ ਵੱਲ ਖੁੱਲ੍ਹਦੇ ਪ੍ਰਵੇਸ਼ ਦੁਆਰ ਰਾਹੀਂ ਅੰਦਰ ਜਾਣਾ ਸੀ। ਤਸੱਲੀ ਦੇਣ ਵਾਲੀ ਗੱਲ ਇਹ ਸੀ ਕਿ ਕਿਲ੍ਹੇ ਦੇ ਅੰਦਰ ਜਾਣ ਲਈ ਕਿਸੇ ਤਰ੍ਹਾਂ ਦੀ ਇਜਾਜ਼ਤ ਲੈਣ ਜਾਂ ਫ਼ੀਸ ਦੇਣ ਦੀ ਲੋੜ ਨਹੀਂ ਸੀ। ਕਿਲ੍ਹਾ ਹਰ ਆਮ ਤੇ ਖਾਸ ਲਈ ਖੁੱਲ੍ਹਾ ਹੈ। ਕੇਵਲ ਇਕੋ-ਇਕ ਨਿਯਮ ਸੀ, ਜੋ ਅੰਦਰ ਜਾ ਕੇ ਪੜ੍ਹਨ ਨੂੰ ਮਿਲਿਆ ਕਿ ਕਿਲ੍ਹੇ ਵਿਚ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ ਹੀ ਆਇਆ ਜਾਇਆ ਜਾ ਸਕਦਾ ਹੈ। ਪ੍ਰਵੇਸ਼ ਦੁਆਰ ਵਿਚ (ਮੁੱਖ ਦਰਵਾਜ਼ਾ) ਤਿੱਖੀਆਂ ਨੋਕਦਾਰ ਸਲਾਖਾਂ ਜੜੀਆਂ ਹੋਈਆਂ ਹਨ। ਇਹ ਤਿੰਨ ਮੰਜ਼ਿਲਾ ਪ੍ਰਵੇਸ਼ ਦੁਆਰ ਮੁਗਲ ਪ੍ਰਾਚੀਨ ਪ੍ਰਭਾਵ ਨੂੰ ਦਰਸਾਉਂਦਾ ਹੈ। ਮੁੱਖ ਦੁਆਰ ਦੇ ਸੱਜੇ ਪਾਸੇ ਦੋ ਬਾਰੀ ਬੁਰਜ ਹਨ, ਜੋ ਰਾਣੀ ਮਹਿਲ ਦੇ ਨਾਂਅ ਨਾਲ ਜਾਣੇ ਜਾਂਦੇ ਹਨ। ਨਾਲ ਹੀ ਇਕ ਮੁੱਖ ਹਾਲ, 8 ਵਧੀਆਂ ਹੋਈਆਂ ਬਾਲਕੋਨੀਆਂ ਅਤੇ ਨਾਲ ਜੁੜੇ ਹੋਏ ਕਮਰੇ ਹਨ। ਦੁਆਰ ਦੇ ਖੱਬੇ ਪਾਸੇ ਦੂਜੇ ਬੁਰਜ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਅਤੇ ਮਹਾਰਾਜਾ ਕਰਮ ਸਿੰਘ ਦੁਆਰਾ ਨਿਰਮਾਣਿਤ ਗੁਰਦੁਆਰਾ ਵੀ ਹੈ।
ਕਿਲ੍ਹੇ ਦੇ ਅੰਦਰ ਪ੍ਰਵੇਸ਼ ਕਰਦਿਆਂ ਹੀ ਇਸ ਦੇ ਵਿਸ਼ਾਲ ਘੇਰੇ ਤੇ ਉੱਚੀਆਂ ਦੀਵਾਰਾਂ ਨੇ ਮਨ ਮੋਹ ਲਿਆ। ਕਿਲ੍ਹੇ ਦੇ ਅੰਦਰ ਹੀ ਦੋ ਗੁਰਦੁਆਰਾ ਸਾਹਿਬਾਨ ਸੁਸ਼ੋਭਿਤ ਹਨ। ਸੁੰਦਰ ਤੇ ਮਨਮੋਹਕ ਬਾਗ-ਬਗੀਚੇ ਆਕਰਸ਼ਕ ਨਜ਼ਾਰਾ ਪੇਸ਼ ਕਰ ਰਹੇ ਸਨ। ਕਿਲ੍ਹੇ ਦੇ ਅੰਦਰ ਹੀ ਲੰਬੀ ਤੇ ਚੌੜੀ ਸੜਕ ਇਹ ਪ੍ਰਭਾਵ ਦਰਸਾ ਰਹੀ ਸੀ, ਜਿਵੇਂ ਹੁਣ ਵੀ ਹਾਥੀ ਘੋੜਿਆਂ ਦੇ ਨਾਲ ਕਿਸੇ ਰਾਜੇ-ਮਹਾਰਾਜੇ ਦੀ ਸਵਾਰੀ ਨਿਕਲੇਗੀ। ਅਸਲ ਵਿਚ ਛੇਵੀਂ ਸਦੀ ਵਿਚ ਇਹ ਕੱਚੀਆਂ ਇੱਟਾਂ ਨਾਲ ਬਣਿਆ ਹੋਇਆ ਕਿਲ੍ਹਾ ਸੀ। 11ਵੀ ਸ਼ਤਾਬਦੀ ਵਿਚ ਮਹਿਮੂਦ ਗਜ਼ਨਵੀ ਨੇ ਇਸ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ, ਜੋ ਕਿ ਉੱਤਰ-ਪੱਛਮ ਤੋਂ ਗੰਗਾ ਘਾਟੀ ਨੂੰ ਜਾਂਦੇ ਰਸਤੇ ਵਿਚ ਆਉਂਦਾ ਸੀ। ਸੰਨ 1189 ਵਿਚ ਮੁਹੰਮਦ ਗੌਰੀ ਨੇ ਇਸ ਕਿਲ੍ਹੇ ‘ਤੇ ਹਮਲਾ ਕਰਕੇ ਇਸ ਨੂੰ ਜਿੱਤ ਲਿਆ। ਮੰਨਿਆ ਜਾਂਦਾ ਹੈ ਕਿ ਸੰਨ 1045 ਵਿਚ ਪੀਰ ਹਾਜੀ ਰਤਨ ਵੀ ਭਗਤੀ ਕਰਨ ਲਈ ਇਥੇ ਰਹੇ। ਸੰਨ 1191 ਵਿਚ ਖੇਤਰੀ ਸ਼ਾਸਕ ਪ੍ਰਿਥਵੀ ਰਾਜ ਚੌਹਾਨ ਨੇ ਯੁੱਧ ਲੜ ਕੇ ਇਸ ਕਿਲ੍ਹੇ ਨੂੰ ਮੁੜ ਜਿੱਤ ਲਿਆ ਤੇ ਆਪਣਾ ਕਬਜ਼ਾ ਕਾਇਮ ਕੀਤਾ। ਭਾਰਤ ਦੀ ਪਹਿਲੀ ਮਹਿਲਾ ਸ਼ਾਸਕ ਰਾਣੀ ਰਜ਼ੀਆ ਸੁਲਤਾਨ ਨੂੰ ਸੰਨ 1240 ਵਿਚ ਇਥੇ ਬੰਦੀ ਬਣਾ ਕੇ ਰੱਖਿਆ ਗਿਆ। ਸੰਨ 1515 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸੰਨ 1665 ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਕਿਲ੍ਹੇ ਵਿਚ ਚਰਨ ਪਾ ਕੇ ਇਲਾਕੇ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ। ਸੰਨ 1706 ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਸ ਕਿਲ੍ਹੇ ਵਿਚ ਇਕ ਕਾਣੇ ਦਿਓ ਦੀ ਭੁੱਖ ਨਵਿਰਤ ਕੀਤੇ ਜਾਣ ਦੀ ਗੱਲ ਵੀ ਪ੍ਰਚਲਿਤ ਹੈ, ਜਿਸ ਨੂੰ ਸਰਹੰਦ ਜਾਣ ਦਾ ਹੁਕਮ ਦਿੱਤਾ। ਫੂਲਕੀਆ ਮਿਸਲ ਦੇ ਮੁਖੀ ਪਟਿਆਲੇ ਦੇ ਮਹਾਰਾਜੇ ਆਲਾ ਸਿੰਘ ਨੇ 1754 ਈ: ਵਿਚ ਇਸ ਕਿਲ੍ਹੇ ਨੂੰ ਜਿੱਤ ਲਿਆ ਅਤੇ ਇਹ ਕਿਲ੍ਹਾ ਉਦੋਂ ਤੱਕ ਪਟਿਆਲੇ ਦੇ ਰਾਜਿਆਂ ਕੋਲ ਰਿਹਾ ਜਦੋਂ ਤੱਕ ਸਾਰੀਆਂ ਭਾਰਤੀ ਰਿਆਸਤਾਂ, ਭਾਰਤ ਯੂਨੀਅਨ ਵਿਚ ਨਹੀਂ ਰਲੀਆਂ।
ਕਿਲ੍ਹੇ ਦਾ ਉਪਰੋਕਤ ਇਤਿਹਾਸ ਜਾਣਨ ਤੋਂ ਬਾਅਦ ਅਸੀਂ ਬੁਰਜ ਉੱਪਰ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਗਏ। ਮੱਥਾ ਟੇਕਣ ਤੋਂ ਬਾਅਦ ਬਾਹਰ ਆ ਕੇ ਕਿਲ੍ਹੇ ਦੇ ਉਪਰੋਂ ਜਦ ਨਜ਼ਰ ਘੁਮਾਈ ਤਾਂ ਸਾਰਾ ਬਠਿੰਡਾ ਸ਼ਹਿਰ ਨਜ਼ਰੀਂ ਪਿਆ। ਪੌੜੀਆਂ ਉਤਰਦਿਆਂ ਸੱਜੇ ਪਾਸੇ ਇਕ ਕਮਰੇ ਵਿਚ ਸੀਖਾਂ ਪਿੱਛੇ ਪੁਰਾਤਨ ਕਾਲ ਦੀਆਂ ਤੋਪਾਂ ਦੇਖੀਆ ਪਰ ਇਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਇਹ ਕਿਸ ਮੁਗਲ ਸ਼ਾਸਕ ਜਾਂ ਮਹਾਰਾਜੇ ਨਾਲ ਸਬੰਧਤ ਹਨ। ਕਿਲ੍ਹੇ ਦੀਆਂ ਨਿੱਕੀਆਂ ਇੱਟਾਂ, ਤਰਾਸ਼ੇ ਹੋਏ ਦਰਵਾਜ਼ੇ-ਖਿੜਕੀਆਂ ਪੁਰਾਣੇ ਸਮੇਂ ਦੀ ਯਾਦ ਨੂੰ ਤਾਜ਼ਾ ਕਰਦੇ ਹਨ। ਬਠਿੰਡੇ ਦਾ ਇਹ ਕਿਲ੍ਹਾ ਪ੍ਰਾਚੀਨ ਕਾਲ ਦੀ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਤੇ ਬਠਿੰਡਾ ਵਾਸੀਆਂ ਲਈ ਮਾਣ ਦਾ ਪ੍ਰਤੀਕ ਹੈ।