ਭਾਰਤੀ ਭਾਈਚਾਰੇ ਵੱਲੋਂ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣ ਦੀ ਮੰਗ
ਬਰਿਸਬੇਨ, 19 ਅਪ੍ਰੈਲ – ਆਸਟਰੇਲੀਆ ਦੇ ਸੂਬੇ ਕਵੀਨਜਲੈਂਡ ਵਿਚ ਪੈਂਦੇ ਸ਼ਹਿਰ ਵਿਚ ਸ਼ਹਿਰ ਬ੍ਰਿਸਬੇਨ ਵਿਚ ਪਿਛਲੇ ਦਿਨੀਂ ਜੰਮੂ ਕਸ਼ਮੀਰ ਦੇ ਕਠੂਆ ਖੇਤਰ ਵਿਚ ਇਕ ਹਿੰਦੂ ਮੰਦਰ ਦੇ ਪੁਜਾਰੀ ਦੀ ਸਾਜ਼ਿਸ ਨਾਲ ਅਗਵਾ ਹੋਈ ਅਤੇ ਸਤ ਦਿਨ ਬੰਧਕ ਬਣਾ ਕੇ ਬਲਾਤਕਾਰ ਕਰਨ ਉਪਰੰਤ ਕਰੂਰਤਾ ਨਾਲ ਮਾਰ ਦਿਤੀ ਗਈ 8 ਸਾਲਾ ਮਾਸੂਮ ਬਚੀ ਆਸਿਫ਼ਾ ਬਾਨੋ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਅਤੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣ ਲੜੀ ਭਾਰਤੀ ਭਾਈਚਾਰੇ ਦੀ ਇਕਤਤਰਤਾ ਮਿਤੀ 19 ਅਪ੍ਰੈਲ ਦੀ ਸ਼ਾਮ ਨੂੰ ਕੈਂਗਰੂ ਪੁਆਇੰਟ ਏਰੀਏ ਵਿਚ ਬ੍ਰਿਸਬੇਨ ਨਦੀ ਦੇ ਕਿਨਾਰੇ ਹੋਈ । ਜਿਕਰਯੋਗ ਹੈ ਕਿ ਮਾਸੂਮ ਆਸਿਫ਼ਾ ਜੋ ਕਿ ਬਕਰਵਾਲ ਭਾਈਚਾਰੇ ਨਾਲ ਸੰਬੰਧਿਤ ਸੀ, ਉਸਦੇ ਅਪਹਰਣ ਤੋਂ ਲੈ ਕੇ ਕਤਲ ਤਕ ਖੇਤਰੀ ਪੁਲਿਸ ਅਧਿਕਾਰੀ ਦੀ ਸ਼ਮੂਲੀਅਤ ਅਤੇ ਜੰਮੂ ਦੀ ਬਾਰ ਐਸੋਸੀਏਸ਼ਨ ਦੀ ਕਾਤਲਾਂ ਦੇ ਹਕ ਵਿਚ ਰੈਲੀ ਨੇ ਸਾਰੇ ਵਿਸ਼ਵ ਵਿਚ ਭਾਰਤੀਆਂ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿਤਾ । ਆਸਿਫ਼ਾ ਦੀ ਮੌਤ ਨੇ ਦੇਸ਼ ਵਿਚ ਫੈਲ ਰਹੇ ਕਟੜ ਹਿੰਦੂ ਸੰਗਠਨਾਂ ਦੀ ਧਰੁਵੀ ਸੋਚ ਦੇ ਖ਼ਿਲਾਫ਼ ਪ੍ਰਗਤੀਸ਼ੀਲ ਲੋਕਾਂ ਨੂੰ ਲਾਮਬਧ ਹੋਣ ਲਈ ਮਜਬੂਰ ਕਰ ਦਿਤਾ ਹੈ। ਇਸ ਸਾਰੇ ਕੇਸ ਵਿਚ ਪੀੜਿਤ ਪਰਿਵਾਰ ਨੂੰ ਆਪਣੇ ਹੀ ਦੇਸ਼ ਵਿਚ ਬੇਗਾਨਗੀ ਦਾ ਅਹਿਸਾਸ ਕਰਾਇਆ ਗਿਆ ਹੈ । ਸੀ ਬੀ ਆਈ ਜਾਂਚ ਤੋਂ ਬਾਅਦ ਜਿਉਂ ਹੀ ਸਾਰੇ ਘਟਨਾਕ੍ਰਮ ਬਾਰੇ ਮੀਡੀਆ ਵਿਚ ਇਸ ਹੌਲਨਾਕ ਅਤੇ ਯੋਜਨਾਬਧ ਪਸ਼ੂਪੁਣੇ ਨਾਲ ਭਰੇ ਕਾਰੇ ਤੋਂ ਲੋਕ ਜਾਣੂ ਹੋਏ ਹਨ, ਉਸ ਤੋਂ ਬਾਅਦ ਨਿਰੰਤਰ ਦੇਸ਼-ਵਿਦੇਸ਼ ਵਿਚ ਵਸਦੇ ਹਰ ਭਾਰਤੀ ਦਾ ਹਿਰਦਾ ਵਲੂੰਧਰਿਆ ਗਿਆ ਹੈ। ਬ੍ਰਿਸਬੇਨ ਵਿਚ ਵਡੀ ਗਿਣਤੀ ਵਿਚ ਭਾਰਤੀ ਭਾਈਚਾਰਾ ਰਹਿੰਦਾ ਹੈ, ਜਿਸ ਵਿਚ ਵਡੀ ਗਿਣਤੀ ਪੰਜਾਬੀ ਪਿਛੋਕੜ ਦੇ ਲੋਕਾਂ ਦੀ ਹੈ । ਅਜ ਆਯੋਜਿਤ ਇਸ ਸਾਂਤਮਈ ਇਕਠ ਵਿਚ ਮਰਹੂਮ ਆਸਿਫਾ ਦੀ ਯਾਦ ਵਿਚ ਮੋਮਬਤੀਆਂ ਬਾਲ ਕੇ ਸਭ ਤੋਂ ਪਹਿਲਾਂ ਉਸ ਨੂੰ ਭਾਵੁਕ ਲਫਜਾਂ ਨਾਲ ਸ਼ਰਧਾਂਜਲੀ ਦਿਤੀ ਗਈ । ਹਾਜ਼ਰੀਨ ਹਰ ਵਿਅਕਤੀ ਦੀਆਂ ਅਖਾਂ ਵਿਚ ਅਥਰੂ ਸਨ । ਰੋਸ ਸਭਾ ਨੂੰ ਸੰਬੋਧਿਤ ਹੁੰਦਿਆਂ ਇੰਡੋਜ਼ ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕਤਰ ਅਤੇ ਸਾਬਕਾ ਭਾਰਤੀ ਟਰੇਡ ਯੂਨੀਅਨ ਆਗੂ ਸਰਬਜੀਤ ਸੋਹੀ ਨੇ ਕਿਹਾ ਕਿ ਭਾਰਤ ਵਿਚ ਪਿਛਲੇ ਕੁਝ ਅਰਸੇ ਤੋਂ ਪਸਰ ਰਹੇ ਅਪਰਾਧਾਂ ਦੀ ਦਰ ਅਤੇ ਕਾਬਜ਼ ਰਾਜਨੀਤਕ ਧਿਰ ਵਲੋਂ ਅਪਰਾਧੀਆਂ ਦੀ ਪੁਸ਼ਤ-ਪਨਾਹੀ ਕਰਨਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ । ਬੁਲਾਰਿਆਂ ਵਿਚ ਹੋਰਨਾਂ ਤੋਂ ਇਲਾਵਾ ਸਤਵਿੰਦਰ ਟੀਨੂੰ, ਜਗਜੀਤ ਸਿੰਘ ਖੋਸਾ, ਬਲਵਿੰਦਰ ਸਿੰਘ ਬਾਗੜੀ, ਰੁਪਿੰਦਰ ਕੌਰ ਰੰਧਾਵਾ ਆਦਿ ਜਿਥੇ ਇਸ ਘਿਣਾਉਣੀ ਘਟਨਾ ਦੀ ਨਿਖੇਧੀ ਕੀਤੀ, ਉਥੇ ਭਾਰਤ ਵਿਚ ਵਧ ਰਹੀ ਧਾਰਮਿਕ ਕਟੜਤਾ ਤੇ ਫਿਕਰ ਵਿਅਕਤ ਕੀਤਾ । ਅੰਤ ਵਿਚ ਅਖਬਾਰ ਦਾ ਪੰਜਾਬ ਦੇ ਸੰਪਾਦਕ ਮਨਜੀਤ ਬੋਪਾਰਾਏ ਨੇ ਬੋਲਦਿਆਂ ਮਾਸੂਮ ਬਚੀ ਆਸਿਫ਼ਾ ਦੇ ਕਾਤਲਾਂ ਲਈ ਫਾਂਸੀ ਦੀ ਮੰਗ ਕੀਤੀ ਅਤੇ ਆਏ ਹੋਏ ਸ਼ਹਿਰੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਦੀਪ ਸਿੰਘ ਗਰੀਨ ਪਾਰਟੀ, ਗੀਤਕਾਰ ਸੁਰਜੀਤ ਸੰਧੂ, ਨਗਿੰਦਰ ਧਾਲੀਵਾਲ ਆਦਿ ਨਾਮਵਰ ਪਤਵੰਤੇ ਸਜਨ ਹਾਜ਼ਰ ਸਨ ।