ਅਫਵਾਹਾਂ ਰੋਕਣ ਲਈ ਚਾਰ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਠੱਪ ਕਰਨ ਦੇ ਹੁਕਮ
ਚੰਡੀਗੜ੍ਹ, 14 ਅਪ੍ਰੈਲ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਗਵਾੜਾ ਵਿੱਚ ਦੋ ਭਾਈਚਾਰਿਆਂ ਦਰਮਿਆਨ ਹੋਈ ਹਿੰਸਕ ਝੜਪ ਦੇ ਮੱਦੇਨਜ਼ਰ ਲੋਕਾਂ ਨੂੰ ਅਮਨ-ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸੂਬੇ ਵਿੱਚ ਅਮਨ-ਕਾਨੂੰਨ ਭੰਗ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ।
ਮੁੱਖ ਮੰਤਰੀ ਨੇ ਇਸ ਘਟਨਾ ਤੋਂ ਬਾਅਦ ਸਥਿਤੀ ‘ਤੇ ਖੁਦ ਨਜ਼ਰ ਰੱਖੀ ਹੋਈ ਹੈ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲਣ ਤੋਂ ਰੋਕਣ ਲਈ ਇਹਤਿਆਤ ਵਜੋਂ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਠੱਪ ਕਰਨ ਦੇ ਹੁਕਮ ਦਿੱਤੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਪੁਲੀਸ ਨੂੰ ਕਰੜੀ ਚੌਕਸੀ ਵਰਤਣ ਅਤੇ ਵਿਘਨ ਪਾਉਣ ਵਾਲੇ ਤੱਤਾਂ ‘ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਤਾਂ ਕਿ ਹਾਲਾਤ ਕਾਬੂ ਵਿੱਚ ਰੱਖਣ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਪੁਲੀਸ ਨੂੰ ਇਸ ਘਟਨਾ ਦੀ ਵਿਸਥਾਰ ਵਿੱਚ ਜਾਂਚ ਕਰਨ ਲਈ ਆਖਿਆ ਜਿਸ ਵਿੱਚ ਕੁਝ ਦਲਿਤ ਵਰਕਰਾਂ ਅਤੇ ਅਖੌਤੀ ਹਿੰਦੂ ਜਥੇਬੰਦੀਆਂ ਦਰਮਿਆਨ ਝੜਪ ਹੋਈ ਸੀ।
ਮੁੱਖ ਮੰਤਰੀ ਨੇ ਇਨ੍ਹਾਂ ਝੜਪਾਂ ਵਿੱਚ ਜ਼ਖਮੀ ਹੋਣ ਵਾਲਿਆਂ ਦੇ ਇਲਾਜ ਦਾ ਸਾਰਾ ਖਰਚਾ ਸਰਕਾਰ ਵੱਲੋਂ ਸਹਿਣ ਕਰਨ ਦਾ ਐਲਾਨ ਕੀਤਾ ਅਤੇ ਇਹ ਇਲਾਜ ਭਾਵੇਂ ਸਰਕਾਰੀ ਹਸਪਤਾਲ ‘ਚ ਹੋਵੇ ਜਾਂ ਪ੍ਰਾਈਵੇਟ ਹਸਪਤਾਲ ਵਿੱਚ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਇਸ ਘਟਨਾ ਵਿੱਚ ਗੰਭੀਰ ਜ਼ਖਮੀ ਹੋਏ ਯਸ਼ਵੰਤ ਕੁਮਾਰ ਬੌਬੀ ਦਾ ਬਿਹਤਰ ਇਲਾਜ ਯਕੀਨੀ ਬਣਾਇਆ ਜਾਵੇ ਜੋ ਇਸ ਵੇਲੇ ਡੀ.ਐਮ.ਸੀ. ਲੁਧਿਆਣਾ ਵਿੱਚ ਜੇਰੇ ਇਲਾਜ ਹੈ।
ਲੋਕਾਂ ਨੂੰ ਸੰਜਮ ਵਿੱਚ ਰਹਿਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਅਮਨ-ਸ਼ਾਂਤੀ ਅਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਅਤੇ ਦੇਸ਼ ਵਿਰੋਧੀ ਤੇ ਸਮਾਜ ਵਿਰੋਧੀ ਤੱਤਾਂ ਦੇ ਨਾਪਾਕ ਇਰਾਦਿਆਂ ਨੂੰ ਅਸਫਲ ਬਣਾਉਣ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਹੈ।