ਸ੍ਰੀ ਅਨੰਦਪੁਰ ਸਾਹਿਬ ਬਾਈਪਾਸ ਦਾ ਨਿਰਮਾਣ ਹੋਣ ਨਾਲ ਬਦਲੇਗੀ ਨੁਹਾਰ : ਰਾਣਾ.ਕੇ.ਪੀ.

ਸ੍ਰੀ ਅਨੰਦਪੁਰ ਸਾਹਿਬ, 6 ਅਪ੍ਰੈਲ (ਦਵਿੰਦਰਪਾਲ ਸਿੰਘ, ਅੰਕੁਸ਼)- ਉਤਰੀ ਭਾਰਤ ਦੇ ਪ੍ਰਸਿਧ ਸ਼ਕਤੀਪੀਠ ਮਾਤਾ ਸ੍ਰੀ ਨੈਣਾ ਦੇਵੀ ਨੂੰ ਮਾਝੇ ਨਾਲ ਵਾਈਆ ਸ੍ਰੀ ਅਨੰਦਪੁਰ ਸਾਹਿਬ ਜੋੜਨ ਵਾਲੇ ਮਾਰਗ ਦਾ ਨਿਰਮਾਣ ਜਲਦੀ ਸ਼ੁਰੂ ਹੋ ਜਾਵੇਗਾ। ਜਿਸ ਨਾਲ ਇੱਥੇ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਸਹੂਲਤ ਮਿਲੇਗੀ ਉਥੇ ਹੀ ਇਸ ਦੇ ਨਾਲ ਇਸ ਖੇਤਰ ਦੀ ਆਰਥਿਕਤਾ ਵੀ ਮਜਬੂਤ ਹੋਵੇਗੀ। ਇਹ ਪ੍ਰਗਟਾਵਾ ਪੰਜਾਬ ਵਿਧਾਨਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤੀ। ਉਹਨਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਆਲੇ-ਦੁਆਲੇ ਇੱਕ ਬਾਈਪਾਸ ਦਾ ਨਿਰਮਾਣ ਕਰਵਾਇਆ ਜਾਵੇਗਾ ਜੋ ਇਸ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਨੂੰ ਬਰਸਾਤਾਂ ਦੌਰਾਨ ਹੜਾਂ ਦੀ ਮਾਰ ਤੋਂ ਬਚਾਉਣ ਲਈ ਸਹਾਇਕ ਸਿੱਧ ਹੋਵੇਗਾ।ਉਹਨਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਉਪਰਲੇ ਖੇਤਰ ਜਿਸਨੂੰ ਚੰਗਰ ਦਾ ਇਲਾਕਾ ਕਿਹਾ ਜਾਂਦਾ ਹੈ ਉਥੇ ਲਿਫਟ ਇਰੀਗੇਸ਼ਨ ਰਾਹੀ ਸਿੰਚਾਈ ਦਾ ਪਾਣੀ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ ਫੰਡਾਂ ਦੀ ਵਿਵਸਥਾ ਕੀਤੀ ਗਈ ਹੈ।ਉਹਨਾਂ ਨੇ ਕਿਹਾ ਕਿ ਅਗਲੇ ਦੋ ਵਰਿਆਂ ਵਿੱਚ ਇਹ ਚੰਗਰ ਦਾ ਇਲਾਕਾ ਪਾਣੀ ਦੀ ਸਮੱਸਿਆਂ ਤੋਂ ਮੁਕਤ ਹੋ ਜਾਵੇਗਾ ਅਤੇ ਸਮੁੱਚੇ ਖੇਤਰ ਵਿੱਚ ਪਾਣੀ ਦੀ ਕਮੀ ਦੂਰ ਹੋ ਜਾਵੇਗੀ।ਉਹਨਾਂ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਾ ਹੋਣ ਦਾ ਵਾਅਦਾ ਕੀਤਾ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਵਿੱਚ ਪੰਜਾਬ ਸਰਕਾਰ ਦੀ ਕਾਰਜ-ਪ੍ਰਣਾਲੀ ਅਤੇ ਆਗਾਮੀ ਯੋਜਨਾ ਬਾਰੇ ਜੋ ਸ਼ਪਸ਼ਟ ਨੀਤੀ ਐਲਾਨੀ ਗਈ ਹੈ ਉਸ ਤੋਂ ਸੂਬੇ ਦੇ ਲੋਕ ਬੇਹੱਦ ਆਸਵੰਦ ਹਨ।
ਸਪੀਕਰ ਰਾਣਾ ਕੇ.ਪੀ.ਸਿੰਘ ਨੇ ਦੁੱਖ ਪ੍ਰਗਟਾਇਆ- ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਪੁੱਜੇ ਸਪੀਕਰ ਰਾਣਾ ਕੇ.ਪੀ.ਸਿੰਘ ਨੇ ਅੱਜ ਕੌਸਲਰ ਨਰਿੰਦਰ ਸੈਣੀ ਨਿੰਦਾ, ਸਾਬਕਾ ਕੋਂਸਲਰ ਸੁਬੋਧ ਕਾਂਤ ਅਤੇ ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਿਹਨਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਅਚਾਨਕ ਵਿਛੋੜਾ ਦੇ ਗਏ ਹਨ ਉਹਨਾਂ ਨੇ ਇਹਨਾਂ ਪਰਿਵਾਰਾਂ ਨੂੰ ਭਾਣਾ ਮੰਨਣ ਲਈ ਕਿਹਾ। ਉਹਨਾਂ ਕਿਹਾ ਕਿ ਅਸੀ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਹਨ।

Send this to a friend