ਥਾਣਾ ਸਿਟੀ ਦੇ ਉਦਘਾਟਨ ਸਮੇਤ ਕਰੀਬ 67 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕੰਮਾਂ ਦੇ ਰੱਖੇ ਨੀਂਹ ਪੱਥਰ
ਮਾਨਸਾ, 13 ਫਰਵਰੀ (ਦਰਸ਼ਨ ਕੋਚ)-ਪੰਜਾਬ ਦੇ ਉਪ ਮੁੱਖ-ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਕਾਂਗਰਸ ਅੰਦਰ ਚੱਲ ਰਹੀ ਖਾਨਾਜੰਗੀ ਕਾਰਨ ਇਹ ਕਾਂਗਰਸੀ ਆਗੂ ਪਾਰਟੀ ਦੀ ਪ੍ਰਧਾਨਗੀ ਹਥਿਆਉਣ ਖਾਤਰ ਇੱਕ ਦੂਜੇ ਤੋਂ ਅੱਗੇ ਹੋ ਕੇ ਬਿਆਨਬਾਜੀ ਰਾਹੀਂ ਨੰਬਰ ਬਣਾਉਣ ਦੇ ਚੱਕਰ ਵਿੱਚ 1984 ਦੇ ਜਖ਼ਮ ਹਰੇ ਕਰ ਰਹੇ ਹਨ। ਉਹ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿਚ ਕੀਤੇ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਬਿਆਨਬਾਜ਼ੀ ਨਿਰੋਲ ਸਿਆਸਤ ਤੋਂ ਪ੍ਰੇਰਤ ਹੈ, ਕਿਉਂਕਿ ਪੰਜਾਬ ਕਾਂਗਰਸ ਅੰਦਰ ਪ੍ਰਧਾਨਗੀ ਨੂੰ ਲੈ ਕੇ ਅੰਦਰੂਨੀ ਖਾਨਾਜੰਗੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 30 ਸਾਲਾਂ ਤੋਂ ਕੈਪਟਨ ਨੇ ਸਾਕਾ ਨੀਲਾ ਤਾਰਾ ਬਾਰੇ
ਇਕ ਸ਼ਬਦ ਨਹੀਂ ਬੋਲਿਆ ਅਤੇ ਹੁਣ ਖੁੱਸੀ ਪ੍ਰਧਾਨਗੀ ਦੁਬਾਰਾ ਹਾਸਲ ਕਰਨ ਲਈ ਬੇਤੁਕੀ ਬਿਆਨਬਾਜ਼ੀ ਕਰਕੇ ਕਾਂਗਰਸੀ ਹਾਈਕਮਾਨ ਦੀਆਂ ਨਜ਼ਰਾਂ ਵਿਚ ਨੰਬਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਸ. ਬਾਦਲ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਤੀਸਰੇ ਫਰੰਟ ਦੇ ਗਠਨ ਦੀਆਂ ਸੰਭਾਵਨਾਵਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਐਨ.ਡੀ.ਏ. ਦੇ ਤੂਫਾਨ ਅੱਗੇ ਕੋਈ ਫਰੰਟ ਨਹੀਂ ਠਹਿਰ ਸਕਦਾ। ਉਨਾਂ ਕਿਹਾ ਕਿ ਤੀਜੇ ਫਰੰਟ ਦੇ ਇਹ ਆਗੂ ਇੱਕ ਪਾਸੇ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਸਮਰਥਨ ਦੇ ਰਹੇ ਹਨ ਅਤੇ ਅਗਲੀਆਂ ਚੋਣਾਂ ਵਿੱਚ ਫਿਰ ਕਾਂਗਰਸ ਦੇ ਬਚਾਅ ਲਈ ਤੀਜੇ ਮੋਰਚੇ ਦਾ ਮਖੌਟਾ ਪਾ ਕੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀਆਂ ਕੋਸ਼ਿਸ਼ਾਂ ਵਿੱਚ ਹਨ ਪਰ ਵੋਟਰ ਸਭ ਕੁਝ ਜਾਣਦਾ ਹੈ।
ਕਾਂਗਰਸ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਇਹ ਸਮਝੌਤੇ ਕਰਨ ਵਾਲੀ ਪਾਰਟੀ ਹੈ, ਜਿਸਦੇ ਲੀਡਰ ਫੋਕੀ ਸ਼ੋਹਰਤ ਅਤੇ ਕੁਰਸੀ ਲਈ ਆਪਸ ਵਿਚ ਲੜ ਰਹੇ ਹਨ, ਪਰ ਪੰਜਾਬ ਦੇ ਮੁੱਖ-ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਜ਼ਿੰਦਗੀ ਵਿਚ ਕਦੇ ਸਮਝੌਤਾ ਨਹੀਂ ਕੀਤਾ, ਇਸ ਲਈ ਉਨ੍ਹਾਂ ਕਈ ਸਾਲ ਜੇਲ੍ਹਾਂ ਕੱਟੀਆਂ, ਪਰ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਨਹੀਂ ਲੱਗਣ ਦਿੱਤੀ।
ਉਪ ਮੁੱਖ-ਮੰਤਰੀ ਨੇ ਮੋਹਾਲੀ ਵਿੱਚ ਹੋ ਰਹੇ ਖੇਤੀਬਾੜੀ ਸੰਮੇਲਨ ਬਾਰੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਸ ਲਈ ਇਸ ਸੰਮੇਲਨ ਵਿਚ ਦੁਨੀਆਂ ਦੇ ਕੋਨੇ-ਕੋਨੇ ਤੋਂ ਅਗਾਂਹਵਧੂ ਕਿਸਾਨ ਹਿੱਸਾ ਲੈ ਰਹੇ ਹਨ, ਜਿਸ ਨਾਲ ਖੇਤੀ ਸਬੰਧੀ ਨਵੀਆਂ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਸ. ਬਾਦਲ ਨੇ ਐਲਾਨ ਕੀਤਾ ਕਿ ਅਗਲੇ ਹਫ਼ਤੇ ਕਿਸਾਨਾਂ ਨੂੰ ਕਰੀਬ ਡੇਢ ਲੱਖ ਟਿਊਬਵੈਲ ਕੁਨੈਕਸ਼ਨ ਜਾਰੀ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਦੇ 15 ਹਜ਼ਾਰ ਕੁਨੈਕਸ਼ਨ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਅਗਵਾਈ ਵਿਚ ਪੰਜਾਬ ਤਰੱਕੀ ਦੇ ਰਾਹ ਪਿਆ ਹੈ, ਜਿਸਦੀ ਮਿਸਾਲ ਪੰਜਾਬ ਨੂੰ ਬਿਜਲੀ ਦੀ ਬਹੁਤਾਤ ਵਾਲਾ ਸੂਬਾ ਬਣਾਉਣ ਤੋਂ ਮਿਲਦੀ ਹੈ ਅਤੇ ਜਲਦੀ ਹੀ ਪੰਜਾਬ ਬਾਹਰਲੇ ਸੂਬਿਆਂ ਨੂੰ ਬਿਜਲੀ ਵੇਚਣਾ ਸ਼ੁਰੂ ਕਰ ਦੇਵੇਗਾ।
ਸ. ਬਾਦਲ ਨੇ ਸੰਗਤ ਦਰਸ਼ਨ ਦੌਰਾਨ 8 ਪਿੰਡਾਂ ਫਫੜੇ ਭਾਈਕੇ, ਬੱਪੀਆਣਾ, ਨਰਿੰਦਰਪੁਰਾ, ਬਰਨਾਲਾ, ਖਾਰਾ, ਢੈਪਈ, ਮੋਹਰ ਸਿੰਘ ਵਾਲਾ, ਹੋਡਲਾ ਕਲਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ’ਤੇ ਹੀ ਉਨ੍ਹਾਂ ਦਾ ਨਿਬੇੜਾ ਕੀਤਾ। ਉਨ੍ਹਾਂ ਪਿੰਡਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਮਨਜ਼ੂਰ ਵੀ ਕੀਤੇ। ਇਸ ਤੋਂ ਪਹਿਲਾਂ ਉਨ੍ਹਾਂ ਕਰੀਬ 67 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖੇ। ਉਨ੍ਹਾਂ 1 ਕਰੋੜ, 5 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬਣੀ ਥਾਣਾ ਸਿਟੀ ਮਾਨਸਾ ਦੀ ਇਮਾਰਤ ਦਾ ਉਦਘਾਟਨ ਕਰਨ ਤੋਂ ਇਲਾਵਾ ਮਾਨਸਾ ਕੈਂਚੀਆਂ ਵਿਖੇ 52 ਏਕੜ ਦੇ ਰਕਬੇ ’ਚ ਫੈਲੀ 25 ਕਰੋੜ ਰੁਪਏ ਦੀ ਲਾਗਤ ਵਾਲੀ ਪੁੱਡਾ ਕਲੋਨੀ ਅਤੇ ਰਮਦਿੱਤੇ ਵਾਲਾ ਚੌਕ ਵਿਖੇ 40 ਕਰੋੜ ਰੁਪਏ ਦੀ ਲਾਗਤ ਵਾਲੀ ਮਾਨਸਾ-ਤਲਵੰਡੀ ਸਾਬੋ ਸੜਕ ਦੇ ਨੀਂਹ ਪੱਥਰ ਵੀ ਰੱਖੇ।
ਇਸ ਮੌਕੇ ਹਲਕਾ ਵਿਧਾਇਕ ਮਾਨਸਾ ਸ਼੍ਰੀ ਪ੍ਰੇਮ ਮਿੱਤਲ, ਹਲਕਾ ਵਿਧਾਇਕ ਬੁਢਲਾਡਾ ਸ਼੍ਰੀ ਚਤਿੰਨ ਸਿੰਘ ਸਮਾਓ, ਚੇਅਰਮੈਨ ਪਨਸੀਡ ਸ਼੍ਰੀ ਸੁਖਵਿੰਦਰ ਸਿੰਘ ਔਲਖ, ਆਈ.ਜੀ. ਸ਼੍ਰੀ ਪਰਮਰਾਜ ਸਿੰਘ ਉਮਰਾਨੰਗਲ, ਡੀ.ਆਈ.ਜੀ. ਸ਼੍ਰੀ ਅਮਰ ਸਿੰਘ ਚਹਿਲ, ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ, ਐਸ.ਐਸ.ਪੀ. ਸ਼੍ਰੀ ਭੁਪਿੰਦਰ ਸਿੰਘ ਖੱਟੜਾ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਹਰਬੰਤ ਸਿੰਘ ਦਾਤੇਵਾਸ, ਜ਼ਿਲ੍ਹਾ ਪ੍ਰਧਾਨ ਬੀ.ਜੇ.ਪੀ. ਸ਼੍ਰੀ ਸਤੀਸ਼ ਗੋਇਲ, ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਸ਼੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ, ਸ਼੍ਰੀ ਰਣਇੰਦਰ ਸਿੰਘ ਪੱਪੂ ਰਾਮੂਵਾਲਾ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਸ਼੍ਰੀ ਮਿੱਠੂ ਸਿੰਘ ਕਾਹਨੇਕੇ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਝੱਬਰ (ਤਿੰਨੇ ਐਸ.ਜੀ.ਪੀ.ਸੀ. ਮੈਂਬਰ), ਯੂਥ ਆਗੂ ਸ਼੍ਰੀ ਨਰੇਸ਼ ਮਿੱਤਲ, ਸਾਬਕਾ ਐਸ.ਜੀ.ਪੀ.ਸੀ ਮੈਂਬਰ ਸ਼੍ਰੀ ਮਨਜੀਤ ਸਿੰਘ ਬੱਪੀਆਣਾ, ਸਰਪੰਚ ਮਾਨਸਾ ਕੈਂਚੀਆਂ ਸ਼੍ਰੀਮਤੀ ਅਮਨਪ੍ਰੀਤ ਕੌਰ ਔਲਖ, ਸ਼੍ਰੀ ਗੁਰਸੇਵਕ ਸਿੰਘ ਜਵਾਹਰਕੇ ਅਤੇ ਕੌਂਸਲਰ ਸ਼੍ਰੀ ਬਲਵਿੰਦਰ ਸਿੰਘ ਕਾਕਾ ਤੋਂ ਇਲਾਵਾ ਹੋਰ ਸਖ਼ਸ਼ੀਅਤਾਂ ਵੀ ਹਾਜ਼ਰ ਸਨ।