ਚੰਡੀਗੜ੍ਹ- 2 ਅਪ੍ਰੈਲ ਦੇ ਬੰਦ ਦੇ ਸਦੇ ਤੋਂ ਬਾਅਦ ਕਿਸੇ ਅਣਸੁਖਾਵੀਂ ਘਟਨਾ ਨੂੰ ਧਿਆਨ ‘ਚ ਰਖਦੇ ਹੋਏ ਸਕੂਲ ਸਿਖਿਆ ਵਿਭਾਗ ਦੇ ਮੁਖੀ ਨੇ ਬਚਿਆਂ ਦੀ ਸੁਰਖਿਆ ਦੇ ਮਦੇਨਜ਼ਰ 2 ਅਪ੍ਰੈਲ ਸੋਮਵਾਰ ਨੂੰ ਸਕੂਲਾਂ ਨੂੰ ਬੰਦ ਰਖਣ ਦੇ ਹੁਕਮ ਜਾਰੀ ਕੀਤੇ ਹਨ।ਜ਼ਿਕਰਯੋਗ ਹੈ ਕਿ ਐਸ ਸੀ ਤੇ ਐਸ ਟੀ ਭਾਈਚਾਰੇ ਵਲੋਂ ਸੁਪਰੀਮ ਕੋਰਟ ਦੇ ਆਏ ਤਾਜ਼ਾ ਫੈਸਲੇ ਤੋਂ ਬਾਅਦ 2 ਅਪ੍ਰੈਲ ਨੂੰ ਭਾਰਤ ਬੰਦ ਦਾ ਸਦਾ ਦਿਤਾ ਗਿਆ ਹੈ।
ਦੇਸ਼ ਭਰ ‘ਚ ਦਲਿਤ ਭਾਈਚਾਰੇ ’ਚ ਭਾਰੀ ਰੋਸ ਹੈ, ਜਿਸ ਦੇ ਚਲਦਿਆਂ ਦਲਿਤਾਂ ਦਾ ਸੰਘਰਸ਼ ਜ਼ੋਰ ਫੜਦਾ ਜਾ ਰਿਹਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਨਾਲ ਐਸ.ਸੀ./ਐਸ.ਟੀ. ਐਕਟ ਨੂੰ ਨਰਮ ਕਰ ਦਿੱਤਾ ਗਿਆ ਹੈ। ਬੰਦ ਦੇ ਸਦੇ ਦੇ ਮਦੇਨਜ਼ਰ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਖਾਸ ਕਰਕੇ ਅਨੁਸੂਚਿਤ ਜਾਤੀਆਂ ਦੇ ਭਾਈਚਾਰੇ ਨੂੰ ਵਡੇਰੇ ਜਨਤਕ ਹਿਤਾਂ ਵਿਚ ਸੰਜਮ ਵਰਤਣ ਅਤੇ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰਖਣ ਦੀ ਅਪੀਲ ਕੀਤੀ ਹੈ।