ਚੰਡੀਗੜ੍ਹ, 12 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਦਲ ਖਾਲਸਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਾਰੇ ਹੱਥੀ ਲੈਦਿਆਂ ਕਿਹਾ ਕਿ ਪੰਜਾਬ ਦੇ ਦੋਨੋਂ ਆਗੂ ਇੱਕ-ਦੂਜੇ ਉਤੇ ਚਿੱਕੜ ਸੁੱਟਕੇ ਜੂਨ ਅਤੇ ਨਵੰਬਰ 1984 ਦੀਆਂ ਦਰਦਨਾਕ ਘਟਨਾਵਾਂ ਲਈ ਅਸਲ ਮੁੱਖ ਦੋਸ਼ੀ (ਭਾਰਤੀ ਸਟੇਟ) ਦਾ ਗੁਨਾਹ ਘਟਾਉਣ ਦੇ ਜ਼ਿੰਮੇਵਾਰ ਬਣ ਰਹੇ ਹਨ।ਜਥੇਬੰਦੀ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਦੋਨੇ ਆਗੂ ਕਬਾਇਲੀ ਸੋਚ ਦਾ ਪ੍ਰਗਟਾਵਾ ਕਰਦੇ, ਵੋਟਰਾਂ ਨੂੰ ਭਰਮਾਉਣ ਲਈ ਇੱਕ-ਦੂਜੇ ਨੂੰ ਨੀਵਾਂ ਦਿਖਾ ਰਹੇ ਹਨ। ਉਹਨਾਂ ਕਿਹਾ ਕਿ ਦੋਵੇ ਆਏ ਦਿਨ ਮੌਕਾਪ੍ਰਸਤੀ ਅਤੇ ਸਮਝੌਤਾਵਾਦੀ ਦੀ ਰਾਜਨੀਤੀ ਹੀ ਖੇਡਦੇ ਆ ਰਹੇ ਹਨ। ਅਕਾਲੀਆਂ ਵਲੋਂ ਭਾਰਤ ਦੀ ਉਸ ਵੇਲੇ
ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਕੀਤੀਆਂ ਮੀਟਿੰਗਾਂ ਦੀਆਂ ਚਰਚਾਵਾਂ ਬਾਰੇ ਉਹਨਾਂ ਕਿਹਾ ਕਿ ਇੰਦਰਾ ਚਾਹੁੰਦੀ ਸੀ ਕਿ ਅਕਾਲੀ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਦਰਬਾਰ ਸਾਹਿਬ ਤੋਂ ਬਾਹਰ ਜਾਣ ਲਈ ਦਬਾਅ ਪਾਉਣ, ਜਿਸ ਲਈ ਜਾਂ ਤਾਂ ਅਕਾਲੀਆਂ ਨੇ ਮਨਾ ਕਰ ਦਿੱਤਾ ਜਾਂ ਉਹ ਕਰਨ ਦੀ ਸਥਿਤੀ ਵਿੱਚ ਹੀ ਨਹੀ ਸਨ। ਉਹਨਾਂ ਕਿਹਾ ਕਿ ਇੰਦਰਾ ਗਾਂਧੀ ਸਿੱਖ ਸਮਸਿਆ ਦਾ ਨਾਂਅ ਤਾਂ ਹੱਲ ਕਰਨਾ ਚਾਹੁੰਦੀ ਸੀ ਅਤੇ ਨਾ ਹੀ ਉਸਨੇ ਕੋਈ ਸਨਮਾਨਜਨਕ ਤਜ਼ਵੀਜ ਹੀ ਅੱਗੇ ਰੱਖੀ ਸੀ। ਉਹਨਾਂ ਕਿਹਾ ਕਿ ਆਨੰਦਪੁਰ ਸਾਹਿਬ ਮਤਾ ਪ੍ਰਵਾਨ ਕਰਨ ਦੀ ਥਾਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉਤੇ ਫੌਜ ਚੜਾਕੇ ਸਿੱਖ ਧਾਰਮਿਕ ਸਥਾਨਾਂ ਦੀ ਬੇਹੁਰਮਤੀ ਕੀਤੀ, ਜਿਸ ਦਾ ਖਮਿਆਜ਼ਾ, ਉਸਨੂੰ ਆਪਣੀ ਜਾਣ ਦੇ ਕੇ ਭੁਗਤਣਾ ਪਿਆ। ਉਨ੍ਹਾਂ ਅਫਸੋਸ ਜਿਤਾਉਦਿਆਂ ਕਿਹਾ ਕਿ ਅਕਾਲੀ ਸੌੜੇ ਸਿਆਸੀ ਹਿੱਤਾਂ ਲਈ ਜੂਨ ਅਤੇ ਨਵੰਬਰ ਘਟਨਾਵਾਂ ਲਈ ਕੇਵਲ ਕਾਂਗਰਸ ਨੂੰ ਜ਼ਿਮੇਵਾਰ ਠਹਿਰਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਉਤੇ ਫੌਜ ਦਾ ਹਮਲਾ ਕਿਸੇ ਪਾਰਟੀ ਦੇ ਹੁਕਮਾਂ ਨਾਲ ਨਹੀ ਸਗੋਂ ਭਾਰਤ ਦੀ ਪ੍ਰਧਾਨ ਮੰਤਰੀ ਦੇ ਹੁਕਮਾਂ ਨਾਲ ਹੋਇਆ ਸੀ।
ਉਹਨਾਂ ਕਿਹਾ ਕਿ ਬਾਦਲ ਸਾਹਿਬ ਦੇ 1984 ਦੀਆਂ ਘਟਨਾਵਾਂ ਤੋਂ ਬਾਅਦ ਵੀ ਸਰਕਾਰੀ ਅਤੇ ਪ੍ਰਸ਼ਾਸਨਿਕ ਅਫਸਰਸ਼ਾਹੀ ਨਾਲ ਗੂੜੇ ਸਬੰਧ ਰਹੇ ਹਨ। ਉਹਨਾਂ ਕਿਹਾ ਇਸ ਗੱਲ ਦਾ ਸਬੂਤ ਉਹਨਾਂ ਵਲੋਂ ਅਜਿਹੇ ਅਫਸਰਾਂ ਨੂੰ ਪੁਲਿਸ ਦੀ ਲੀਡਰਸ਼ਿਪ ਦੀ ਵਾਗਡੋਰ ਸੌਪਣਾ ਹੈ ਜੋ ਜੂਝਾਰੂਆਂ, ਸਾਧਾਰਨ ਵਿਅਕਤੀਆਂ ਅਤੇ ਰਾਜਸੀ ਵਿਰੋਧੀਆਂ ਨੂੰ ਲਤਾੜਣ ਅਤੇ ਕੁਚਲਣ ਲਈ ਮਸ਼ਹੂਰ ਸਨ।



