ਅੰਮ੍ਰਿਤਸਰ, 11 ਫਰਵਰੀ (ਮਨਿੰਦਰ ਸਿੰਘ ਗੋਰੀ)- ਆਮ ਆਦਮੀ ਪਾਰਟੀ ਵਲੋਂ ਦਿੱਲੀ ਸਿੱਖ ਕਤਲੇਆਮ ਦੀ ਜਾਂਚ ਲਈ ਸਪੈਸ਼ਲ ਜਾਂਚ ਕਮਿਸ਼ਨ ਸਥਾਪਿਤ ਕੀਤੇ ਜਾਣ ’ਤੇ ਬੀਬੀ ਜਗਦੀਸ਼ ਕੌਰ ਨੇ ਆਮ ਆਦਮੀ ਪਾਰਟੀ ਦੇ ਮੁਖੀ ਸ੍ਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ ਕਿ ਚਲੋ ਕਿਸੇ ਨੇ ਤਾਂ ਸਾਡੇ ਜ਼ਖਮਾਂ ’ਤੇ ਮਲ੍ਹਮ ਰੱਖਣ ਦੀ ਪਹਿਲ ਕੀਤੀ ਹੈ। ਆਪਣੀ ਰਿਹਾਇਸ਼ ਵਿਖੇ ਗੱਲਬਾਤ ਕਰਦਿਆਂ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਦਿੱਲੀ ਵਿੱਚ ਜੋ ਨਵੰਬਰ 1984 ਵਿੱਚ ਸਿੱਖਾਂ ਨਾਲ ਵਾਪਰਿਆ ,ਉਸਨੂੰ ਯਾਦ ਕਰਦਿਆਂ ਤੇ ਇਸ ਕਤਲੇਆਮ ਨੂੰ ਅੰਜਾਮ ਦੇਣ ਵਾਲਿਆਂ ਨੂੰ ਸ਼ਰੇਆਮ ਤੇ ਸ਼ਾਨ ਨਾਲ ਘੂੰਮਦੇ ਫਿਰਦੇ ਵੇਖ ਕਾਲਜੇ ਨੂੰ ਹੌਲ ਪੈਂਦਾ ਹੈ। ਉਨ੍ਹਾਂ ਕਿਹਾ ਅਨਗਿਣਤ ਗੈਰ ਸਰਕਾਰੀ ਸੰਸਥਾਵਾਂ ਨੇ ਇਨਸਾਫ ਦਿਵਾਣ ਦੀ ਕੋਸ਼ਿਸ਼ ਵੀ ਕੀਤੀ ਹੈ ਲੇਕਿਨ 1984 ਵਿਚ
ਮਿਲੇ ਜਖਮਾਂ ਨੂੰ ਮਲ੍ਹਮ ਲਾਣ ਲਈ ਆਮ ਆਦਮੀ ਪਾਰਟੀ ਨੇ ਮਹਿਜ ਇੱਕ ਸਾਲ ਵਿਚ ਆਪਣਾ ਵਾਅਦਾ ਪੂਰਾ ਕੀਤਾ ਹੈ।ਨਵੰਬਰ 84 ਦੇ ਸਿੱਖ ਕਤਲੇਆਮ ਵਿਚ ਭਾਜਪਾ ਤੇ ਆਰ.ਐਸ. ਐਸ.ਆਗੂਆਂ ਤੇ ਵਰਕਰਾਂ ਦੀ ਸ਼ਮੂਲੀਅਤ ਬਾਰੇ ਪੁਛੇ ਜਾਣ ਤੇ ਬੀਬੀ ਜਗਦੀਸ਼ ਕੌਰ ਨੇ ਦੱਸਿਆ ਕਿ ਦਿੱਲੀ ਦਾ ਇਲਾਕਾ ਰਜਿੰਦਰ ਨਗਰ ,ਅਜੇਹੇ ਆਗੂਆਂ ਖਿਲਾਫ ਮੁਢਲੇ ਤੌਰ ਤੇ 40 ਦੇ ਕਰੀਭ ਲਿਖਤੀ ਸ਼ਿਕਾਇਤਾਂ ਜੋ ਪੁਲਿਸ ਅਤੇ ਰਾਜਨੀਤਕ ਆਪਰਾਧੀਆਂ ਦੀ ਮਿਲੀ ਭੁਗਤ ਨਾਲ ਦਬਾ ਦਿੱਤੀਆਂ ਗਈਆਂ,ਕਾਫੀ ਹਨ। ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਸਪੈਸ਼ਲ ਜਾਂਚ ਕਮਿਸ਼ਨ ਦੀ ਮੰਗ ਤਾਂ ਸ਼੍ਰੋਮਣੀ ਅਕਾਲੀ ਦਲ ਇਕ ਲੰਮੇ ਸਮੇਂ ਤੋਂ ਕਰ ਰਿਹਾ ਸੀ ਲੇਕਿਨ ਹੁਣ ਇਸਦਾ ਵਿਰੋਧ ਕਿਉਂ ,ਇਹ ਤਾਂ ਅਕਾਲੀ ਦਲ ਹੀ ਦੱਸ ਸਕਦਾ ਹੈ। ਦਿੱਲੀ ਵਿਖੇ ਨਵੰਬਰ 84 ਸਿੱਖ ਕਤਲੇਆਮ ਦੀ ਯਾਦਗਾਰ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਯਾਦਗਾਰ ਇਕ ਮਿਸਾਲ ਹੋਣੀ ਚਾਹੀਦੀ ਹੈ ਜਿਥੇ ਕਤਲੇਆਮ ਦੌਰਾਨ ਮਾਰੇ ਗਏ ਲੋਕਾਂ ਦੀਆਂ ਤਸਵੀਰਾਂ ਤੇ ਪਤੇ ਵੀ ਦਰਜ ਹੋਣ ,ਯਾਦਗਾਰ ਨੂੰ ਮਹਿਜ ਇਕ ਫੁੱਲ ਦਾ ਨਕਸ਼ਾ ਬਣਾਕੇ ਸਮੇਟ ਦੇਣਾ ਕਦਾਚਿਤ ਜਾਇਜ ਨਹੀ ਹੈ। ਇਸ ਮੌਕੇ ਬੀਬੀ ਜਗਦੀਸ਼ ਕੌਰ ਦੇ ਸਪੁਤਰ ਗੁਰਦੀਪ ਸਿੰਘ ਗੋਲਡੀ ਵੀ ਉਨ੍ਹਾ ਦੇ ਨਾਲ ਸਨ।



