ਚੰਡੀਗੜ੍ਹ, 24 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਪੰਜਾਬ ਮੰਤਰੀ ਮੰਡਲ ਨੇ ਨਿਰਮਾਣ ਉਦਯੋਗ ਨੂੰ ਬੜ੍ਹਾਵਾ ਦੇਣ ਵਾਸਤੇ ਇਮਾਰਤੀ ਨਿਯਮਾਂ ਨੂੰ ਸੁਖਾਲਾ ਬਣਾਉਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਇਸ ਦੇ ਨਾਲ ਸੂਬੇ ਵਿਚ ਵਧੀਆਂ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਦੇ ਲਈ ਵੀ ਸਹੂਲਤ ਮੁਹੱਈਆ ਹੋਵੇਗੀ। ਮੰਤਰੀ ਮੰਡਲ ਨੇ ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਨਿਯਮ 2018 ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦੇ ਵਿਚ ਗਰੁੱਪ ਹਾਉਸਿੰਗ, ਜਨਤਕ ਦਫਤਰ, ਹੋਟਲਾਂ, ਉਦਯੋਗਿਕ ਇਮਾਰਤਾਂ ਅਤੇ ਵਪਾਰਕ ਮੰਤਵਾਂ ਲਈ ਖ਼ਰੀਦਣਯੋਗ ਅਸੀਮਤ ਫਲੋਰ ਏਰੀਆ ਰੇਸ਼ਿਓ (ਐਫ.ਏ.ਆਰ.) ਮੁਹੱਈਆ ਕਰਵਾਈ ਗਈ ਹੈ। ਇਸ ਵਿਚ ਰਿਹਾਇਸ਼ੀ ਅੰਕਿਤ ਵਿਕਾਸ ਅਤੇ ਵਿਦਿਅਕ ਉਸਾਰੀਆਂ ਲਈ ਪ੍ਰਵਾਨਗੀਯੋਗ ਐਫ.ਏ.ਆਰ. ਵਿਚ ਵਾਧਾ ਕੀਤਾ ਗਿਆ ਹੈ। ਨਵੇਂ ਨਿਯਮ ਸਹਿ-ਵਿਭਾਗਾਂ ਅਤੇ ਆਮ ਲੋਕਾਂ ਕੋਲੋਂ ਸੁਝਾਅ ਲੈ ਕੇ ਤਿਆਰ ਕੀਤੇ ਗਏ ਹਨ।