ਬੁਜ਼ਦਿਲਾਂ ਲਈ ਪੰਜਾਬੀਆਂ ਦੇ ਦਿਲਾਂ ਵਿੱਚ ਕੋਈ ਥਾਂ ਨਹੀਂ ਹੁੰਦੀ। ‘ਕੇਜ਼ਰੀਵਾਲ ਸਾਰਾ ਪੰਜਾਬ ਹੈ ਤੇਰੇ ਨਾਲ’ ਹੁਣ ਬਦਲ ਚੁੱਕਾ ਹੈ ਅਤੇ ਕਹਿ ਰਿਹਾ ਹੈ ਕਿ ‘ਕੇਜ਼ਰੀਵਾਲ ਹੁਣ ਕੋਈ ਵੀ ਪੰਜਾਬੀ ਨਹੀਂ ਹੈ ਤੇਰੇ ਨਾਲ।’ ਆਮ ਆਦਮੀ ਪਾਰਟੀ ਦੀ ਸਹਿਯੋਗੀ ‘ਲੋਕ ਇਨਸਾਫ਼ ਪਾਰਟੀ’ ਦੇ ਮੁਖੀ ਸ. ਸਿਮਰਜੀਤ ਸਿੰਘ ਬੈਂਸ ਨੇ ਕੇਜ਼ਰੀਵਾਲ ਵੱਲੋਂ ਮਜੀਠੀਆ ਤੋਂ ਮੰਗੀ ਮੁਆਫ਼ੀ ਨੂੰ ‘ਪੰਜਾਬੀਆਂ ਨਾਲ ਕੀਤੀ ਵੱਡੀ ਗਦਾਰੀ ਕਰਾਰ ਦਿੱਤਾ ਹੈ।’ ਸ਼੍ਰੀ ਅਰਵਿੰਦਰ ਕੇਜਰੀਵਾਲ ਨੇ ਆਪਣੇ ਮੁਆਫ਼ੀਨਾਮੇ ਵਿੱਚ ਕਿਹਾ ਹੈ ਕਿ ਮੈਂ ਨਸ਼ਾ ਤਸਕਰੀ ਬਾਰੇ ਸ. ਬਿਕਰਮ ਸਿੰਘ ਮਜੀਠੀਆ ’ਤੇ ਜਿਹੜੇ ਵੀ ਦੋਸ਼ ਲਾਏ ਸਨ, ਮੈਨੂੰ ਹੁਣ ਪਤਾ ਲੱਗਾ ਹੈ ਕਿ ਉਹ ਦੋਸ਼ ਨਿਰਅਧਾਰ ਹਨ, ਭਾਵ ਉਨ੍ਹਾਂ ’ਚ ਸਚਾਈ ਨਹੀਂ ਹੈ, ਇਸ ਲਈ ਮੈਂ ਮਜੀਠੀਆ ਖਿਲਾਫ਼ ਆਪਣੇ ਸਾਰੇ ਬਿਆਨ ਅਤੇ ਦੋਸ਼ ਵਾਪਸ ਲੈਂਦਾ ਹਾਂ ਅਤੇ ਮੁਆਫ਼ੀ ਮੰਗਦਾ ਹਾਂ। ਕੇਜਰੀਵਾਲ ਦੀ ਮੁਆਫ਼ੀ ਨੇ ਸ. ਮਜੀਠੀਆ ਨੂੰ ਬਾਗੋ ਬਾਗ ਕਰ ਦਿੱਤਾ ਹੈ। ਸ. ਮਜੀਠੀਆ ਨੇ ਬੜੇ ਸਤਿਕਾਰ ਭਰੇ ਸ਼ਬਦਾਂ ਨਾਲ ਸ਼੍ਰੀ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ। ਜਿਹੜੇ ਧੰਨਵਾਦੀ ਸ਼ਬਦਾਂ ਨਾਲ ਮਜੀਠੀਆ ਨੇ ਕੇਜਰੀਵਾਲ ਨੂੰ ਮੁਆਫ਼ ਕਰਨ ਦਾ ਐਲਾਨ ਕੀਤਾ ਉਸ ਤੋਂ ਇਹ ਸ਼ੱਕ ਸੁਭਾਵਿਕ ਹੀ ਪੈਦਾ ਹੋ ਜਾਂਦਾ ਹੈ ਕਿ ਕਿੱਤੇ ਪਰਦੇ ਪਿੱਛੇ ਵੀ ਦੋਵਾਂ ਧਿਰਾਂ ਦਾ ਕੋਈ ਅਹਿਮ ਸਮਝੌਤਾ ਤਾਂ ਨਹੀਂ ਹੋ ਗਿਆ। ਉਂਜ ਇਸ ਕਿਸਮ ਦੀਆਂ ਕਿਆਸਅਰਾਈਆਂ ਲੱਗਣੀਆਂ ਸ਼ੁਰੂ ਵੀ ਹੋ ਗਈਆਂ ਹਨ। ਸਿਆਸਤ ਵਿੱਚ ਕੁਝ ਵੀ ਹੋ ਸਕਦਾ ਹੈ। ਸ਼ਾਇਰ ਅਸ਼ੋਕ ਅੰਜੁੰਮ ਠੀਕ ਹੀ ਕਹਿੰਦਾ ਹੈ :
ਯੇ ਰਾਜਨੀਤੀ ਭੀ ਤੋ,
ਤਵਾਇਫ਼ ਸੇ ਕਮ ਨਹੀਂ
ਪਕੜਾ ਹੈ ਇਸਕਾ ਹਾਥ,
ਉਧਰ ਛੋੜ ਰਹੀ ਹੈ।
ਪੰਜਾਬ ਵਿੱਚ ਵੀ ਅਜਿਹਾ ਹੀ ਕੁੱਝ ਹੋ ਰਿਹਾ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੇ ਉਹ ਵਿਧਾਇਕ ਜੋ ਕੇਜਰੀਵਾਲ ਨੂੰ ਆਪਣਾ ਲੀਡਰ ਮੰਨਦੇ ਸਨ, ਅੱਜ ਉਸ ਤੋਂ ਬਾਗੀ ਹੋ ਗਏ ਹਨ। ‘ਆਪ’ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਤਾਂ ਅਸਤੀਫਾ ਦੇਣ ਵਿੱਚ ਮਿੰਟ ਲਾਇਆ। ਅਸਲ ’ਚ ਪੰਜਾਬ ਦੀ ‘ਆਪ’ ਲੀਡਰਸ਼ਿਪ ਆਪਣੇ ਆਪ ਨੂੰ ਠੱਗੀ ਹੋਈ ਮਹਿਸੂਸ ਕਰ ਰਹੀ ਹੈ।
ਠੱਗੇ ਹੋਏ ਮਹਿਸੂਸ ਕਰਨ ਵੀ ਕਿਉਂ ਨਾ, ਕਿਉਂਕਿ ਸਮੇਤ ਸ. ਸੁਖਪਾਲ ਸਿੰਘ ਖਹਿਰਾ ਸ਼੍ਰੀ ਕੇਜਰੀਵਾਲ ਨੇ ਕਿਸੇ ਨੂੰ ਵੀ ਆਪਣੇ ਮੁਆਫ਼ੀਨਾਮੇ ਦੀ ਭਿਣਕ ਤੱਕ ਨਹੀਂ ਪੈਣ ਦਿੱਤੀ। ਇਹ ਸਭ ਕੁੱਝ ਗੁਪਤ ਤਰੀਕੇ ਨਾਲ ਕੀਤਾ ਗਿਆ। ਇਹੀ ਕਾਰਨ ਹੈ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਵਰਕਰ ਬੜੀ ਹੈਰਾਨੀ ਨਾਲ ਇਕ ਦੂਜੇ ਨੂੰ ਕਹਿੰਦੇ ਸੁਣੇ ਜਾ ਸਕਦੇ ਹਨ
‘ਯੇ ਤੋ ਕਭੀ ਸੋਚਾ ਹੀ ਨਹੀਂ ਥਾ
ਹਮ ਤੋਂ ਬਹੁਤ ਹੈਰਾਨ ਹੁਏ’
ਦੂਜੇ ਪਾਸੇ ਜਿਹੜੇ ਲੋਕ ਅਰਵਿੰਦ ਕੇਜਰੀਵਾਲ ਦੀ ਕਾਰਜਸ਼ੈਲੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ, ਉਹ ਜਾਣਦੇ ਹਨ ਕਿ ਕੇਜਰੀਵਾਲ ਵਿਰੋਧੀਆਂ ਉਪਰ ਇਸ ਕਿਸਮ ਦੇ ਦੋਸ਼ ਲਾਉਂਦੇ ਹੀ ਰਹਿੰਦੇ ਹਨ। 2013 ਵਿੱਚ ਸ਼ੀਲਾ ਦੀਕਸ਼ਿਤ ਦੇ ਸਿਆਸੀ ਸਕੱਤਰ ਪਵਨ ਨੇ ਕੇਜਰੀਵਾਲ ’ਤੇ ਕੇਸ ਕੀਤਾ ਸੀ ਕਿਉਂਕਿ ਕੇਜਰੀਵਾਲ ਨੇ ਸ਼ੀਲਾ ਵਿਰੁੱਧ ਕਈ ਗਲਤ ਗੱਲਾਂ ਆਖੀਆਂ ਸਨ। ਇਸੇ ਤਰ੍ਹਾਂ ਅਮਿਤ ਸਿੱਬਲ ਨੇ ਵੀ ਕੇਜਰੀਵਾਲ ’ਤੇ ਕੇਸ ਕੀਤਾ ਸੀ। ਅਮਿਤ ਦਾ ਕਹਿਣਾ ਸੀ ਕਿ ਕੇਜਰੀਵਾਲ ਨੇ ਉਨ੍ਹਾਂ ਉਪਰ ਇਲਜਾਮ ਲਾਇਆ ਸੀ ਕਿ ਇਕ ਟੈਲੀਕਾਮ ਕੰਪਨੀ ਦੀ ਪੈਰਵੀ ਕਰਨ ਲਈ ਉਨ੍ਹਾਂ ਆਪਣੇ ਪਿਤਾ ਦੇ ਅਹੁਦੇ ਦਾ ਫਾਇਦਾ ਲਿਆ ਸੀ। ਭਾਰਤੀ ਜਨਤਾ ਪਾਰਟੀ ਦੇ ਨੇਤਾ ਸ਼੍ਰੀ ਨਿੱਤਨ ਗਡਕਰੀ ਨੇ ਵੀ ਕੇਜਰੀਵਾਲ ਉਪਰ ਮਾਨਹਾਨੀ ਦਾ ਕੇਸ ਕੀਤਾ। ਦੇਸ਼ ਦੇ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਨੇ ਵੀ ਕੇਜਰੀਵਾਲ ਉਪਰ ਮਾਨਹਾਨੀ ਦੇ ਕੇਸ ਕੀਤੇ ਹੋਏ ਹਨ। ਅਵਤਾਰ ਸਿੰਘ ਭੜਾਨਾ ਨੂੰ ਵੀ ਕੇਜਰੀਵਾਲ ਨੇ ਭ੍ਰਿਸ਼ਟ ਲੀਡਰ ਕਿਹਾ ਸੀ ਅਤੇ ਮਜੀਠੀਆ ਦੀ ਮੁਆਫ਼ੀ ਵਾਂਗ ਉਸ ਤੋਂ ਵੀ ਮੁਆਫ਼ੀ ਮੰਗੀ ਸੀ। ਕੇਜਰੀਵਾਲ ਲੋਕਾਂ ਨੂੰ ਬਿਨਾਂ ਸਬੂਤ ਭ੍ਰਿਸ਼ਟ ਦਸੱਦਾ ਰਹਿੰਦਾ ਹੈ ਅਤੇ ਮੁਕੇਸ਼ ਅੰਬਾਨੀ ਵਾਂਗ ਕਈ ਉਸ ਦੀ ਪ੍ਰਵਾਹ ਨਹੀਂ ਕਰਦੇ ਅਤੇ ਕਈ ਉਪਰ ਕੇਸ ਠੋਕ ਦਿੰਦੇ ਹਨ। ਪਰ ਸ. ਮਜੀਠੀਆ ਵਾਲਾ ਕੇਸ ਇਸ ਕਰਕੇ ਵੱਖ ਹੈ ਇਥੇ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਵਕਾਰ ਦਾਅ ’ਤੇ ਲੱਗਿਆ ਹੋਇਆ ਸੀ। ਦੂਜੇ ਪਾਸੇ ਸ. ਮਜੀਠੀਆ ਬਾਦਲ ਪਰਿਵਾਰ ਦਾ ਹਿੱਸਾ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਮਾਣ -ਸਨਮਾਨ ਅਤੇ ਅਕਸ ’ਤੇ ਵੀ ਕੇਜਰੀਵਾਲ ਦੇ ਲਾਏ ਦੋਸ਼ਾਂ ਦਾ ਸਿੱਧਾ ਅਸਰ ਪੈਂਦਾ ਸੀ। ਹੁਣ ਜਦੋਂ ਕੇਜਰੀਵਾਲ ਨੇ ਦੋਸ਼ ਵਾਪਸ ਲੈ ਕੇ ਮੁਆਫ਼ੀ ਮੰਗ ਲਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਅੰਦਰ ਖੁਸ਼ੀ ਦੀ ਲਹਿਰ ਹੈ ਅਤੇ ਆਮ ਆਦਮੀ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਜਰੀਵਾਲ ਦੀ ਮੁਆਫ਼ੀ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਭਵਿੱਖ ਉਤੇ ਸੁੱਚਾ ਸਿੰਘ ਛੋਟੇਪੁਰ ਵਾਲੀ ਘਟਨਾ ਤੋਂ ਵੱਧ ਅਸਰ ਪਾਏਗੀ ਅਤੇ ਪਾਰਟੀ ਦਾ ਨੁਕਸਾਨ ਕਰੇਗੀ।