‘‘ਸਵੇਰੇ ਸਵੇਰੇ ਨਾ ਟੀਵੀ ਦੀਆਂ ਖ਼ਬਰਾਂ ਸੁਣੋ ਅਤੇ ਨਾ ਹੀ ਅਖ਼ਬਾਰ ਪੜ੍ਹਣੇ ਚਾਹੀਦੇ ਹਨ’’ ਇਹ ਸਲਾਹ ਬ੍ਰਹਮਾ ਕੁਮਾਰੀ ਸ਼ਿਵਾਨੀ ਆਪਣੇ ਇਕ ਪ੍ਰੋਗਰਾਮ ਵਿੱਚ ਦੇ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਅਖ਼ਬਾਰਾਂ ਵਿੱਚ ਹਾਦਸਿਆਂ, ਕੱਤਲਾਂ ਅਤੇ ਮੌਤਾਂ ਦੀਆਂ ਖ਼ਬਰਾਂ ਦੀ ਭਰਮਾਰ ਹੁੰਦੀ ਹੈ। ਸਵੇਰੇ ਸਵੱਖਤੇ ਅੰਮ੍ਰਿਤ ਵੇਲੇ ਨਾਕਾਰਤਮਕ ਜਾਣਕਾਰੀ ਮਿਲਣ ਨਾਲ ਸਾਡੀ ਮਾਨਸਿਕ ਸਿਹਤ ’ਤੇ ਪੁੱਠਾ ਅਸਰ ਪੈਂਦਾ ਹੈ। ਸ਼ਾਇਰ ਅਨੀਸ ਦੇਹਲਵੀ ਠੀਕ ਹੀ ਕਹਿੰਦਾ ਹੈ :
ਅਖ਼ਬਾਰ ਬਾਂਟ ਦੇਤੇ ਹੋ,
ਹਰ ਸੁਬਹ ਸਬਕੋ ਗ਼ਮ।
ਯਾ ਰੱਬ ਵੋ ਦਿਨ ਭੀ ਹੋ,
ਕੋਈ ਅੱਛੀ ਖ਼ਬਰ ਮਿਲੇ।
ਹਿੰਦੋਸਤਾਨ ਤਾਂ ‘ਅੱਛੇ ਦਿਨਾਂ ਦੀ ਆਸ’ ਵਾਂਗ ਅੱਛੀਆਂ ਖ਼ਬਰਾਂ ਦੀ ਆਸ ਲਾ ਕੇ ਬੈਠਾ ਰਹਿੰਦਾ ਹੈ। ਮਿਲਦੀਆਂ ਹਨ ਬਲਾਤਕਾਰ ਦੀਆਂ ਖ਼ਬਰਾਂ, ਪੁੱਤਾਂ ਹੱਥੋਂ ਮਾਰੇ ਜਾ ਰਹੇ ਬਜ਼ੁਰਗ ਮਾਪਿਆਂ ਦੀਆਂ ਖ਼ਬਰਾਂ, ਸੜਕ ਹਾਦਸਿਆਂ ਵਿੱਚ ਖ਼ਤਮ ਹੋ ਰਹੇ ਪਰਿਵਾਰਾਂ ਦੀਆਂ ਖ਼ਬਰਾਂ, ਮਾਸੂਮ ਬੱਚੀਆਂ ਉਤੇ ਹੋ ਰਹੇ ਅਤਿਆਚਾਰਾਂ ਦੀਆਂ ਖਬਰਾਂ। ਕਿਸਾਨਾਂ ਦੀਆਂ ਖੁਦਕੁਸ਼ੀਆਂ ਵੀ ਰੋਜ਼ਾਨਾ ਸੁਰਖੀਆਂ ਬਣ ਰਹੀਆਂ ਹਨ। ਸ਼ਾਇਰ ਅਨਬਰ ਹਮੀਦੀ ਮੁਤਾਬਿਕ
ਕੋਈ ਸ਼ਯ ਅੱਛੀ ਨਹੀਂ,
ਕੋਈ ਸਹਰ ਅੱਛੀ ਨਹੀਂ।
ਆਜ ਭੀ ਅਖ਼ਬਾਰ ਕੀ,
ਕੋਈ ਖ਼ਬਰ ਅੱਛੀ ਨਹੀਂ।
ਸਾਡੀ ਪੱਤਰਕਾਰੀ ਨੂੰ ਵੀ ਹੁਣ ਅਜਿਹੀਆਂ ਖਬਰਾਂ ਦੀ ਆਦਤ ਜਿਹੀ ਹੋ ਗਈ ਹੈ। ਵਿਕਾਸ ਦੀ ਕੋਈ ਜਾਣਕਾਰੀ ਖ਼ਬਰ ਨਹੀਂ ਬਣਦੀ ਅੱਜ ਕੱਲ੍ਹ। ਜ਼ੁਰਮ ਅਤੇ ਕਤਲੋਗਾਰਦ ਹੀ ਚੰਗੀ ਖ਼ਬਰ ਦੀ ਨਿਸ਼ਾਨੀ ਬਣਦੇ ਜਾ ਰਹੇ ਹਨ। ਮੈਂ ਹਰ ਵਰ੍ਹੇ ਪੱਤਰਕਾਰੀ ਦੀ ਡਿਗਰੀ ਕਰਕੇ ਪੱਤਰਕਾਰੀ ਨੂੰ ਕਰਮ ਖੇਤਰ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਗੁਰੂ ਦਖਸ਼ਣਾ ਦੇ ਤੌਰ ’ਤੇ ਘੱਟੋ-ਘੱਟ ਹਫਤੇ ਵਿੱਚ ਇਕ ਅਜਿਹੀ ਖ਼ਬਰ ਦੀ ਮੰਗ ਕਰਦਾ ਹਾਂ ਜਿਸ ਦੀ ਸੁਰ ਸਕਾਰਤਮਕ ਹੋਵੇ, ਜੋ ਵਿਕਾਸਮਈ ਹੋਵੇ। ਜੋ ਦੂਜਿਆਂ ਲਈ ਪ੍ਰੇਰਨਾ ਦਾ ਸਰੋਤ ਬਣੇ, ਜੋ ਆਮ ਇਨਸਾਨ ਦੀ ਖਬਰ ਹੋਵੇ। ਜੋ ਗਰੀਬਾਂ ਦੀ ਖ਼ਬਰ ਹੋਵੇ, ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਕੇ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਲੋਕਾਂ ਦੀ ਖ਼ਬਰ ਹੋਵੇ ਅਤੇ ਹਾਸ਼ਿਆ ਦੇ ਦੂਜੇ ਪਾਸੇ ਵੱਸ ਰਹੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪੇਸ਼ ਕਰਨ ਵਾਲੀ ਖ਼ਬਰ ਹੋਵੇ। ਪਰ ਦੁੱਖ ਤਾਂ ਇਸ ਗੱਲ ਦਾ ਹੈ ਕਿ ਸਮਾਜ ਵਿੱਚ ਵਾਪਰ ਹੀ ਅਜਿਹਾ ਕੁੱਝ ਰਿਹਾ ਹੈ ਜਿਸ ਵਿੱਚੋਂ ਨਕਾਰਤਮਕ ਸੁਰ ਵਾਲੀਆਂ ਖ਼ਬਰਾਂ ਹੀ ਨਿਕਲਦੀਆਂ ਹਨ। ਪੱਤਰਕਾਰੀ ਤਾਂ ਸਮਾਜ ਦਾ ਦਰਪਣ ਹੁੰਦੀ ਹੈ। ਜੋ ਕੁੱਝ ਸਮਾਜ ਵਿੱਚ ਵਾਪਰ ਰਿਹਾ ਹੁੰਦਾ ਹੈ, ਉਹੀ ਤਾਂ ਟੀਵੀ ਦੀਆਂ ਖ਼ਬਰਾਂ ’ਚ ਵੇਖਣ ਨੂੰ ਮਿਲਦਾ ਹੈ ਅਤੇ ਅਖ਼ਬਾਰਾਂ ਦੀਆਂ ਸੁਰਖੀਆਂ ਬਣਦਾ ਹੈ।
ਇਸ ਗੱਲ ਤੋਂ ਵੀ ਉਕਾ ਹੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਡਾ ਮੀਡੀਆ ਵੀ ਕਈ ਵਾਰ ਗਲਤ ਬਿਆਨੀ ਕਰਦਾ ਹੈ। ਤੱਥਾਂ ਨੂੰ ਭੰਨ-ਤੋੜ ਕੇ ਪੇਸ਼ ਕਰਨ ਦਾ ਦੋਸ਼ ਵੀ ਮੀਡੀਆ ’ਤੇ ਲੱਗਦਾ ਰਹਿੰਦਾ ਹੈ ਅਤੇ ਦੋਸ਼ ਨਿਰਅਧਾਰ ਨਹੀਂ ਹੁੰਦਾ। ਮੀਡੀਆ ਅਤੇ ਪੱਤਰਕਾਰਾਂ ਦੀ ਸਾਜਿਸ਼ਕਾਰਾਂ ਨਾਲ ਮਿਲੀਭੁਗਤ ਦੇ ਸਬੂਤ ਵੀ ਮਿਲ ਜਾਂਦੇ ਹਨ। ਇਸ ਬਾਰੇ ਸ਼ਾਇਰ ਮਹਤਾਬ ਮੈਨਨ ਆਜ਼ਮੀ ਕਹਿੰਦਾ ਹੈ :
ਘਰ ਜਲਾਨੇ ਕੀ ਸਾਜਿਸ਼,
ਹਵਾਓਂ ਕੀ ਥੀ
ਔਰ ਅਖ਼ਬਾਰ ਮੇਂ,
ਛਪ ਗਿਆ ਹਾਦਸਾ।
ਜਦੋਂ ਸਾਜਿਸ਼ਾਂ ਹਾਦਸੇ ਬਣ ਜਾਣ ਤਾਂ ਪੱਤਰਕਾਰੀ ਦੀ ਵਿਸ਼ਵਾਸ ਯੋਗਤਾ ਦਾ ਡੋਲ ਜਾਣਾ ਸੁਭਾਵਿਕ ਹੁੰਦਾ ਹੈ। ਅਜਿਹੀ ਵਿਸ਼ਾਵਸ ਯੋਗਤਾ ਦੇ ਮਾਲਕ ਅਖ਼ਬਾਰਾਂ ਨੂੰ ਲੋਕ ਪੜ੍ਹਦੇ ਨਹੀਂ ਸਗੋਂ ਉਨ੍ਹਾਂ ਵਿੱਚ ਪਕੌੜੇ ਖਾਣਾ ਪਸੰਦ ਕਰਦੇ ਹਨ। ਸ਼ਾਇਦ ਮੁਨੱਵਰ ਰਾਨਾ ਅਜਿਹੇ ਲੋਕਾਂ ਦੀ ਹੀ ਗੱਲ ਕਰ ਰਿਹਾ ਹੈ :
ਸੋ ਜਾਤੇ ਹੈਂ ਫੁਟਪਾਥ ਪੇ,
ਅਖ਼ਬਾਰ ਵਿਛਾ ਕਰ
ਮਜ਼ਦੂਰ ਕਭੀ ਨੀਂਦ ਕੀ,
ਗੋਲੀ ਨਹੀਂ ਖਾਤੇ।
ਇਸ ਗੱਲ ਵਿੱਚ ਰੱਤੀ ਜਿੰਨਾ ਵੀ ਸ਼ੱਕ ਨਹੀਂ ਕਿ ਅੱਜ ਮੀਡੀਆ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਗਿਆ ਹੈ ਅਤੇ ਇਹ ਹਿੱਸਾ ਅਜਿਹਾ ਹਿੱਸਾ ਹੈ ਜੋ ਹਰ ਪੱਖ ਤੋਂ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਮੈਂ ਬ੍ਰਹਮਾਕੁਮਾਰੀ ਸ਼ਿਵਾਨੀ ਨਾਲ ਇਸ ਗੱਲ ਵਿੱਚ ਤਾਂ ਇਤਫਾਕ ਨਹੀਂ ਰੱਖਦਾ ਕਿ ਅਸੀਂ ਅਖ਼ਬਾਰ ਪੜ੍ਹਣ ਅਤੇ ਖਬਰਾਂ ਵੇਖਣ ਤੋਂ ਗੁਰੇਜ਼ ਕਰੀਏ। ਇਹ ਕੌੜੀ ਸਚਾਈ ਨੂੰ ਵੀ ਮੰਨ ਲੈਣਾ ਚਾਹੀਦਾ ਹੈ ਕਿ ਜੋ ਕੁੱਝ ਸਮਾਜ ਵਿੱਚ ਵਾਪਰੇਗਾ ਉਹੀ ਮੀਡੀਆ ਵਿੱਚ ਸਾਨੂੰ ਨਜ਼ਰੀਂ ਪਵੇਗਾ। ਸਾਡਾ ਧਿਆਨ ਇਸ ਪਾਸੇ ਹੋਣਾ ਚਾਹੀਦਾ ਹੈ ਕਿ ਮਾੜਾ ਨਾ ਵਾਪਰੇ।
ਸੜਕ ਹਾਦਸਿਆਂ ਵਿੱਚ ਜਾਨਾਂ ਨਾ ਜਾਣ। ਸਕੂਲੋਂ ਆ ਰਹੀ ਬੱਚੀ ਨੂੰ ਕੁੱਤੇ ਨਾ ਨੌਚਣ ਅਤੇ ਬਲਾਤਕਰ ਦੀਆਂ ਘਟਨਾਵਾਂ ਨਾ ਹੋਣ। ਕਿਸਾਨ ਸਪਰੇਅ ਨਾ ਪੀਵੇ। ਜ਼ੁਰਮ ਘੱਟ ਜਾਵੇ। ਮੀਡੀਆ ਸਾਜਿਸ਼ਕਾਰਾਂ ਦਾ ਸਾਥੀ ਨਾ ਬਣੇ ਅਤੇ ਪੱਤਰਕਾਰਾਂ ਦੀ ਮੰਡੀ ਨਾ ਲੱਗੇ ਅਤੇ ਅਹਮਦ ਕਮਾਲ ਪਰਵਾਜ਼ੀ ਨੂੰ ਇਹ ਨਾ ਕਹਿਣਾ ਪਵੇ:
ਬੱਚੇ ਹੋ,
ਖੇਲਨੇ ਕੀ ਅਦਾ ਭੂਲ ਜਾਓਗੇ।
ਅਖ਼ਬਾਰ ਦੇਖਨੇ ਕੀ,
ਸ਼ੁਰੂਆਤ ਮਤ ਕਰੋ।