May 26, 2026 7:34 pm

ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਅੰਨ੍ਹੇ ਕਤਲ ਦੀ ਗੁੱਥੀ 24 ਘੰਟੇ ’ਚ ਸੁਲਝਾ ਕੇ 3 ਕਾਬੂ

ਫ਼ਤਹਿਗੜ੍ਹ ਸਾਹਿਬ, 16 ਮਾਰਚ (ਮਨੋਜ ਭੱਲਾ)- ਜ਼ਿਲ੍ਹਾ ਪੁਲਿਸ ਨੇ ਪਿੰਡ ਡਡਹੇੜੀ ਦੇ ਕਿਸਾਨ ਅਮਰਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਦੇ ਖੇਤ ਵਿੱਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਕਤਲ ਕੀਤੀ ਲਾਸ਼ ਦੇ ਕੇਸ ਦੀ ਗੁੱਥੀ 24 ਘੰਟੇ ਵਿੱਚ ਸੁਲਝਾ ਕੇ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਸਬੰਧੀ ਵਿਸਥਾਰ ਸਹਿਤ ਗੱਲਬਾਤ ਕਰਦਿਆਂ ਸ਼੍ਰੀਮਤੀ ਮੀਨਾ ਨੇ ਦੱਸਿਆ ਕਿ 14 ਮਾਰਚ ਨੂੰ ਪਿੰਡ ਡਡਹੇੜੀ ਦੇ ਕਿਸਾਨ ਅਮਰਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਨੇ ਥਾਣਾ ਗੋਬਿੰਦਗੜ੍ਹ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਦੇ ਖੇਤ ਵਿੱਚ ਇੱਕ ਮ੍ਰਿਤਕ ਦੀ ਲਾਸ਼ ਪਈ ਹੈ ਜੋ ਕਿ ਕਤਲ ਕਰਕੇ ਕਣਕ ਵਿੱਚ ਸੁੱਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬਾਰੇ ਕੁਝ ਵੀ ਪਤਾ ਨਹੀਂ ਸੀ ਕਿ ਉਹ ਕੌਣ ਕਿਉਂਕਿ ਉਸ ਦੇ ਚਿਹਰੇ, ਸਿਰ ਅਤੇ ਸਰੀਰ ਦੇ ਬਾਕੀ ਹਿੱਸਿਆਂ ’ਤੇ ਸੱਟਾਂ ਦੇ ਕਾਫੀ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਥਾਣਾ ਗੋਬਿੰਦਗੜ੍ਹ ਵਿਖੇ ਮੁਕੱਦਮਾ ਦਰਜ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਦੀ ਸਖਤ ਮਿਹਨਤ ਅਤੇ ਤਕਨੀਕੀ ਜਾਂਚ ਸਦਕਾ 24 ਘੰਟੇ ਦੇ ਅੰਦਰ-ਅੰਦਰ ਇਹ ਕੇਸ ਸੁਲਝਾ ਲਿਆ ਗਿਆ। ਸ਼੍ਰੀਮਤੀ ਮੀਨਾ ਨੇ ਦੱਸਿਆ ਕਿ ਪੁਲਿਸ ਜਾਂਚ ਦੌਰਾਨ ਮ੍ਰਿਤਕ ਦੀ ਪਹਿਚਾਣ ਬਤੌਰ ਛੋਟੇ ਲਾਲ ਯਾਦਵ ਪੁੱਤਰ ਹਲਕਾਇਆ ਰਾਮ ਯਾਦਵ ਵਾਸੀ ਪਿੰਡ ਢੋਗਰਾ ਥਾਣਾ ਸਟੈਈ ਜ਼ਿਲ੍ਹਾ ਛੱਤਰਪੁਰ ਮੱਧ ਪ੍ਰਦੇਸ਼ ਉਮਰ ਕਰੀਬ 30 ਸਾਲ ਵਜੋਂ ਹੋਈ। ਜਦੋਂ ਕਿ ਕਥਿਤ ਦੋਸ਼ੀਆਂ ਦੀ ਪਹਿਚਾਣ ਰਾਮ ਦੀਨ , ਮਥਰਾ ਪਾਲ ਉਰਫ ਕੰਗੂ ਵਾਸੀ ਥਾਣਾ ਸਟੈਈ ਜ਼ਿਲ੍ਹਾ ਛੱਤਰਪੁਰ ਮੱਧ ਪ੍ਰਦੇਸ਼ ਅਤੇ ਵਰਿੰਦਰ ਕੁਮਾਰ ਉਰਫ ਵਿੱਕੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਦਮਹੇੜੀ ਥਾਣਾ ਬਸੀ ਪਠਾਣਾਂ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਤਿੰਨੋ ਕਥਿਤ ਦੋਸ਼ੀਆਂ ਨੂੰ ਗੋਬਿੰਦਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਨੇ ਮੁਢਲੀ ਪੁੱਛਗਿੱਛ ਦੌਰਾਨ ਆਪਣੇ ਜੁਰਮ ਦਾ ਇਕਬਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਨ੍ਹਾਂ ਤੋਂ ਵਾਰਦਾਤ ਦੌਰਾਨ ਵਰਤੇ ਗਏ ਹਥਿਆਰ ਅਤੇ ਹੋਰ ਸਮਾਨ ਬਰਾਮਦ ਕੀਤਾ ਜਾਵੇਗਾ। ਜ਼ਿਲ੍ਹਾ ਪੁਲਿਸ ਮੁਖੀ ਨੇ ਕਤਲ ਦੀ ਵਜ੍ਹਾ ਦੱਸਦਿਆਂ ਕਿਹਾ ਕਿ ਕਥਿਤ ਦੋਸ਼ੀਆਂ ਦੀ ਕੀਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਛੋਟੇ ਲਾਲ ਅਪਰਾਧਿਕ ਕਿਸਮ ਦਾ ਵਿਅਕਤੀ ਸੀ । ਛੋਟੇ ਲਾਲ ਨੂੰ ਅਦਾਲਤ ਨੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜਾ ਸੁਣਾਈ ਸੀ ਅਤੇ ਹੁਣ ਇਹ ਮਾਣਯੋਗ ਹਾਈ ਕੋਰਟ ਜੱਬਲਪੁਰ ਵੱਲੋਂ ਜਮਾਨਤ ’ਤੇ ਆਇਆ ਹੋਇਆ ਸੀ ਅਤੇ ਦੂਸਰੇ ਕੇਸ ਵਿੱਚ ਇੱਕ ਵਿਅਕਤੀ ਦਾ ਕਤਲ ਸਬੰਧੀ ਤਫਤੀਸ਼ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਰਾਮਦੀਨ ਅਤੇ ਮਥਰਾਪਾਲ ਕੰਗੂ ਜੋ ਕਿ ਨਸਰਾਲੀ ਗੋਬਿੰਦਗੜ੍ਹ ਵਿਖੇ ਪਰਿਵਾਰਾਂ ਸਮੇਤ ਕਿਰਾਏ ਦੇ ਮਕਾਨਾਂ ਵਿੱਚ ਰਹਿੰਦੇ ਹਨ ਅਤੇ ਲੇਬਰ ਦਾ ਕੰਮ ਕਰਦੇ ਹਨ।ਉਨ੍ਹਾਂ ਦੱਸਿਆ ਕਿ ਮ੍ਰਿਤਕ ਛੋਟੇ ਲਾਲ ਵੀ ਇਨ੍ਹਾਂ ਦੇ ਨਜ਼ਦੀਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਇਹ ਇਕੱਠੇ ਹੀ ਕੰਮ ਕਰਦੇ ਸਨ। ਉਨ੍ਹਾਂ ਹੋਰ ਦੱਸਿਆ ਕਿ ਮ੍ਰਿਤਕ ਛੋਟੇ ਲਾਲ ਨੇ ਕਥਿਤ ਦੋਸ਼ੀ ਰਾਮਦੀਨ ਦੀ ਘਰਵਾਲੀ ਨਾਲ ਛੇੜ ਛਾੜ ਕੀਤੀ ਅਤੇ ਉਸ ਦੇ ਬੱਚੇ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਉਸ ਨਾਲ ਜਬਰਦਸਤੀ (ਬਲਾਤਕਾਰ) ਕੀਤੀ ਅਤੇ ਇਹ ਧਮਕੀ ਦਿੱਤੀ ਸੀ ਕਿ ਜੇ ਉਸ ਨੇ ਆਪਣੇ ਪਤੀ ਨੂੰ ਦੱਸਿਆ ਤਾਂ ਉਹ ਤੁਹਾਨੂੰ ਵੀ ਪਹਿਲਾਂ ਕੀਤੇ ਕਤਲਾਂ ਵਾਂਗ ਕਤਲ ਕਰ ਦੇਵੇਗਾ।

Send this to a friend