ਅੰਮ੍ਰਿਤਸਰ ਦੀ ਅਦਾਲਤ ਵਿੱਚ ਮੰਗੀ ਲਿਖਤੀ ਮੁਆਫ਼ੀ
ਨਵੀਂ ਦਿਲੀ/ਅੰਮ੍ਰਿਤਸਰ, 15 ਮਾਰਚ- ਦਿੱਲੀ ੇਦ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਮੁਖੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਸਾਬਕਾ ਅਕਾਲੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਬਿਕਰਮ ਸਿੰਘ ਮਜੀਠੀਆ ਉਪਰ ਲਗਾਏ ਨਸ਼ਾ ਤਸਕਰੀ ਦੇ ਕਥਿਤ ਦੋਸ਼ ਵਾਪਿਸ ਲੈ ਲਏ ਹਨ। ਸ੍ਰੀ ਕੇਜਰੀਵਾਲ ਨੇ ਲਿਖਤੀ ਰੂਪ ਵਿੱਚ ਇਨ੍ਹਾਂ ਦੋਸ਼ਾਂ ਪ੍ਰਤੀ ਸ. ਮਜੀਠੀਆ ਤੋਂ ਮੁਆਫੀ ਵੀ ਮੰਗੀ ਹੈ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਸ. ਮਜੀਠੀਆ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸ੍ਰੀ ਅਰਵਿੰਦ ਕੇਜਰੀਵਾਲ ਵਲੋਂ ਲਿਖੀ ਚਿੱਠੀ ਨੂੰ ਵੀ ਮੀਡੀਆ ਲਈ ਜਾਰੀ ਕੀਤਾ। ਇਸ ੌਮੌਕੇ ’ਤੇ ਸ. ਮਜੀਠੀਆ ਨੇ ਕਿਹਾ ਕਿ ਜੋ ਲੋਕ ਮੇਰਾ ਅਸਤੀਫਾ ਮੰਗਦੇ ਸਨ, ਮੇਰੇ ’ਤੇ ਝੂਠੇ ਦੋਸ਼ ਲਗਾ ਕੇ ਮੈਨੂੰ ਜੇਲ੍ਹ ਭੇਜਣ ਦੀ ਗਲ ਕਰਦੇ ਸਨ, ਅਜ ਉਨ੍ਹਾਂ ਨੇ ਅਦਾਲਤ ’ਚ ਲਿਖਤੀ ਰੂਪ ‘ਚ ਆਪਣੀ ਗਲਤੀ ਦੀ ਮੁਆਫੀ ਮੰਗੀ ਹੈ। ਅੰਮ੍ਰਿਤਸਰ ’ਚ ਦਰਜ ਹੋਏ ਮਾਣਹਾਨੀ ਦੇ ਕੇਸ ’ਚ ਦਿਲੀ ਦੇ ਮੁਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਚਿਠੀ ਰਾਹੀਂ ਮੁਆਫੀ ਭੇਜੀ ਹੈ। ਮਜੀਠੀਆ ਨੇ ਦਸਿਆ ਕਿ ਉਨ੍ਹਾਂ ਮੇਰੇ ਖਿਲਾਫ ਦਿਤੇ ਆਪਣੇ ਸਾਰੇ ਬਿਆਨ ਵਾਪਸ ਲੈ ਲਏ ਹਨ।ਅੰਮ੍ਰਿਤਸਰ ਵਿਖੇ ਸਥਾਨਕ ਅਦਾਲਤ ’ਚ ਪੇਸ਼ੀ ਦੌਰਾਨ ਆਮ ਆਦਮੀ ਪਾਰਟੀ ਦੇ ਇੱਕ ਹੋਰ ਨੇਤਾ ਅਤੇ ਇਸ ਮਾਮਲੇ ਵਿੱਚ ਸਹਿ ਮੁਲਜ਼ਿਮ ਅਸ਼ੀਸ਼ ਖੇਤਾਨ ਕੋਰਟ ‘ਚ ਪਹੁੰਚੇ ਸਨ ਅਤੇ ਉਨ੍ਹਾਂ ਨੇ ਖੁਦ ਵੀ ਮੁਆਫੀ ਮੰਗੀ ਤੇ ਸ੍ਰੀ ਕੇਜਰੀਵਾਲ ਦਾ ਮੁਆਫੀਨਾਮਾ ਵੀ ਅਦਾਲਤ ‘ਚ ਪੇਸ਼ ਕੀਤਾ।ਸ. ਮਜੀਠੀਆ ਨੇ ਇਸੇ ਮੁਆਫੀਨਾਮੇ ਦੇ ਚਲਦੇ ਮਾਣਹਾਨੀ ਦਾ ਕੇਸ ਵਾਪਸ ਲੈ ਲਿਆ।