ਅੰਮ੍ਰਿਤਸਰ, 12 ਮਾਰਚ (ਬਿਕਰਮਜੀਤ ਸਿੰਘ, ਰਾਜੇਸ਼ ਡੈਨੀ)- ਸੰਤ ਸਮਾਜ ਦੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਨਾਨਕਸ਼ਾਹੀ ਕੈਲੰਡਰ ਦੇ ਉਲਟ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਮਨਘੜਤ ਤਰੀਕੇ ਨਾਲ ਸੰਗਰਾਂਦਾਂ ਅਤੇ ਗੁਰਪੁਰਬ ਦੀਆਂ ਤਰੀਕਾਂ ਉਲੀਕ ਕੇ ਜਾਰੀ ਕੀਤੇ ਅਖੌਤੀ ਕਲੰਡਰ ਦਾ ਸਖ਼ਤ ਨੋਟਿਸ ਲਿਆ ਹੈ। ਉਕਤ ਮਿਸ਼ਨਰੀ ਕਾਲਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਨੂੰ ਚੁਨੌਤੀ ਦੇਣ ਪ੍ਰਤੀ ਸਖ਼ਤ ਤਾੜਨਾ ਕਰਦਿਆਂ ਪੰਥ ਵਿਚ ਦੁਬਿਧਾ ਖੜੀ ਕਰਨ ਤੋਂ ਬਾਜ ਆਉਣ ਲਈ ਕਿਹਾ ਹੈ। ਜਾਰੀ ਬਿਆਨ ‘ਚ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ, ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ, ਸੰਤ ਬਾਬਾ ਹਰਭਜਨ ਸਿੰਘ ਨਾਨਕਸਰ, ਸੰਤ ਬਾਬਾ ਲਖਾ ਸਿੰਘ ਨਾਨਕਸਰ, ਸੰਤ ਬਾਬਾ ਸੁਖਦੇਵ ਸਿੰਘ ਭੁਚੋਵਾਲੇ, ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ,ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਸੰਤ ਬਾਬਾ ਸੁਖਚੈਨ ਸਿੰਘ ਧਰਮਪੁਰਾ ਸਕਤਰ ਜਨਰਲ ਸੰਤ ਸਮਾਜ, ਭਾਈ ਅਜਾਇਬ ਸਿੰਘ ਅਭਿਆਸੀ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਮੇਜਰ ਸਿੰਘ ਵਾਂ, ਸੰਤ ਗੁਰਭੇਜ ਸਿੰਘ ਖਜਾਲਾ, ਸੰਤ ਬਾਬਾ ਸਜਨ ਸਿੰਘ ਗੁਰੂ ਕੇ ਬੇਰ ਸਾਹਿਬ,ਸੰਤ ਸੁਖਵੰਤ ਸਿੰਘ ਚੰਨਣਕੇ, ਸੰਤ ਬੁਧ ਸਿੰਘ ਨਿਕੇ ਘੁੰਮਣਾਂ ਵਾਲੇ , ਸੰਤ ਕਵਲਜੀਤ ਸਿੰਘ ਨਾਗੀਆਣਾ ਅਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅੰਤ੍ਰਿਕ ਕਮੇਟੀ ਮੈਂਬਰ ਸ਼੍ਰੋਮਣੀ ਕਮੇਟੀ ਨੇ ਮਿਸ਼ਨਰੀ ਕਾਲਜ ਦੀ ਉਕਤ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵਲੋਂ ਪੰਥ ਦੀ ਏਕਤਾ ਲਈ 5 ਮਾਰਚ ਨੂੰ ਨਾਨਕਸ਼ਾਹੀ ਸੰਮਤ 550 ( 2018- 19) ਦਾ ਪੰਥ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਜਾਰੀ ਕਰਦਿਆਂ ਇਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ।