ਆਪਣੀ ਆਦਤ ਨਾਲ ਮੈਂ ਆਪਣੀ ਐਮ.ਏ ਭਾਗ ਪਹਿਲਾ ਦੀ ਕਲਾਸ ਵਿੱਚ ਦਸ ਪੰਦਰਾਂ ਮਿੰਟ ਪਹਿਲਾਂ ਹੀ ਆਇਆ ਤੇ ਆਪਣੀ ਪੱਕੀ ਸੀਟ ’ਤੇ ਜਾ ਬੈਠਾ। ਬਾਕੀ ਵਿਦਿਆਰਥੀ ਵੀ ਕਲਾਸ ਵਿੱਚ ਆਉਣ ਲੱਗ ਪਏ ਤੇ ਜਮਾਤ ਭਰ ਗਈ। ਪਰ ਅੱਜ ਸਮੇਂ ਦੇ ਪੂਰੇ ਪਾਬੰਦ ਪ੍ਰੋਫੈਸਰ ਸਾਹਿਬ ਵੀ ਪੰਜ ਮਿੰਟ ਪਹਿਲਾਂ ਹੀ ਕਲਾਸ ਵਿੱਚ ਆ ਗਏ ਤੇ ਆਉਣ ਸਾਰ ਸਭ ਤੋਂ ਪਹਿਲਾਂ ਓਹਨਾਂ ਨੇ ਮੈਨੂੰ ਖੜਾ ਕਰ ਲਿਆ। ਪ੍ਰੌਫੈਸਰ ਸਾਹਿਬ ਨੇ ਅੱਜ ਮੈਨੂੰ ਥੋੜ੍ਹਾ ਜਿਹਾ ਸ਼ਿਕਨ ਨਾਲ ਵੇਖਿਆ ਤੇ ਖੜ੍ਹੇ ਰਹਿਣ ਲਈ ਹੀ ਕਿਹਾ ਤੇ ਓਹਨਾਂ ਅੱਜ ਆਪਣਾ ਲੈਕਚਰ ਠਸਤਿਕਾਰੂ ਵਿਸ਼ੇ ਤੇ ਦੇਣਾ ਸ਼ੁਰੂ ਕਰ ਦਿੱਤਾ। ਮੈਂ ਝੱਟ ਸਮਝ ਗਿਆ ਸੀ ਕਿ ਹਰਜੀਤ ਸਿਆਂ ਤੂੰ ਕੁਝ ਗਲਤ ਕੀਤਾ ਹੈ।
ਦਰਅਸਲ ਲੰਘੇ ਦਿਨ ਪ੍ਰੋਫੈਸਰ ਸਾਹਿਬ ਮੈਂਨੂੰ ਯੂਨੀਵਰਸਿਟੀ ਵਿੱਚ ਸ਼ਾਮ ਦੀ ਸੈਰ ਕਰਦੇ ਹੋਏ ਮਿਲੇ ਤੇ ਮੈਂ ਭੱਜ ਕੇ ਓਹਨਾਂ ਦੇ ਸਤਿਕਾਰ ਵੱਜੋਂ ਪੈਰੀ ਹੱਥ ਲਗਾ ਦਿੱਤੇ ਸਨ।ਸਗੋਂ ਓਦੋਂ ਓਹਨਾਂ ਮੇਰੇ ਹੱਥ ਫੜ ਕੇ ਘੁੱਟ ਕੇ ਹੈਲੋ ਕੀਤੀ ਸੀ।ਯੂਨੀਵਰਸਿਟੀ ਵਿੱਚ ਨਵੇਂ ਨਵੇਂ ਆਏ ਸੀ ਤਾਂ ਅਜੇ ਨਵੇਂ ਰੰਗਰੂਟ ਵਰਗੇ ਹੀ ਸੀ। ਓਸ ਵੇਲੇ ਤਾਂ ਮੈਨੂੰ ਸਮਝ ਨਈਂ ਆਇਆ ਪਰ ਅੱਜ ਕਲਾਸ ਵਿੱਚ ਖੜਿਆ ਮੈਂਨੂੰ ਸਮਝ ਆ ਗਈ ਸੀ ਕਿ ਅੱਜ ਕਲਾਸ ਇਕੱਲੀ ਮੇਰੀ ਹੀ ਲੱਗੇਗੀ ਜੋ ਸਾਰੀ ਕਲਾਸ ਲਈ ਇਕ ਸੁਚਾਰੂ ਸੇਧ ਬਣੂ। ਪ੍ਰੋਫੂਸਰ ਸਾਹਿਬ ਸਮਝਾ ਰਹੇ ਸੀ ਕੇ ਯੂਨੀਵਰਸਿਟੀ ਇਕ ਸਮੁੰਦਰ ਵਾਂਗ ਹੈ,ਹਰ ਸਾਲ ਏਥੇ ਵਿਦਿਆਰਥੀ ਆਉਂਦੇ ਆ ਤੇ ਜਾਂਦੇ ਆ, ਪਰ ਇਹ ਸਮੁੰਦਰ ਓਸ ਲਈ ਹੀ ਵੱਡਮੁੱਲਾ ਹੈ ਜੋ ਏਸ ਸਮੁੰਦਰ ਵਿੱਚੋਂ ਮੋਤੀਆਂ ਨੂੰ ਇਕੱਠਾ ਕਰਦਾ ਹੈ। ਕਾਲਜਾਂ ਤੋਂ ਅੱਗੇ ਵੱਧ ਕੇ ਯੂਨੀਵਰਸਿਟੀਆਂ ਗਿਆਨ ਦਾ ਖੁੱਲਾ ਖਜਾਨਾ ਹੁੰਦੀਆਂ ਹਨ। ਪ੍ਰੋਫੈਸਰ ਸਾਹਿਬ ਦੀ ਇਕ ਲਿਖਤ ਅਨੁਸਾਰ ਜਿਵੇਂ ਸਕੂਲ ਚਿਹਰੇ ਤੋਂ,ਖੁਸ਼ਬੂ ਫੁੱਲ ਤੋਂ ਅਤੇ ਸਵਾਦ ਭੋਜਨ ਤੋਂ ਵੱਖ ਨਹੀਂ ਕੀਤਾ ਜਾ ਸਕਦਾ ,ਉਵੇਂ ਹੀ ਗਿਆਨ ਯੂਨੀਵਰਸਿਟੀ ਤੋਂ, ਅਰਥ ਸ਼ਬਦ ਤੋਂ ਅਤੇ ਵਿਦਿਆਰਥੀ ਅਧਿਆਪਕਾਂ ਤੋਂ ਵੱਖ ਕਰਨੇ ਸੰਭਵ ਨਹੀਂ ਹੁੰਦੇ। ਯੂਨੀਵਰਸਿਟੀ ਦਾ ਅਧਿਆਪਕ , ਅਧਿਆਪਕ ਹੋਣ ਦੇ ਨਾਲ ਫਿਲਾਸਫਰ ਵੀ ਹੁੰਦਾ ਹੈ ਅਤੇ ਵਿਦਿਆਰਥੀ, ਵਿਦਿਆਰਥੀ ਵੀ ਹੁੰਦਾ ਹੈ ਅਤੇ ਨਾਲ ਖੋਜਾਰਥੀ ਵੀ। ਸੋ ਏਥੇ ਪੜਦਾ ਤੇ ਪੜਾਉਂਦਾ ਹਰ ਇਕ ਸ਼ਖਸ ਸਮਾਨ ਹੈ ।ਸਤਿਕਾਰ ਏਥੇ ਸਭ ਦਾ ਲਾਜਮੀ ਹੈ ਪਰ ਸਤਿਕਾਰ ਦੇ ਢੰਗ ਤਰੀਕਿਆਂ ਨੂੰ ਸਮਝਣ ਦੀ ਲੋੜ ਹੈ। ਕਿਸੇ ਦਾ ਸਤਿਕਰ ਕਰਨ ਲਈ ਭੱਜ ਕੇ ਪੈਰੀ ਹੱਥ ਲਾਉਣੇ ਲਾਜਮੀ ਨਹੀਂ ਹੁੰਦੇ, ਸਤਿਕਾਰ ਦੋਵੇਂ ਹੱਥ ਜੋੜ ਥੋੜਾ ਜਿਹਾ ਗਰਦਨ ਚ ਝੁਕਾਆ ਪਾ ਕੇ ਸਤਿ ਸ੍ਰੀ ਅਕਾਲ ਬੁਲਾਉਣ ਨਾਲ ਵੀ ਵਧੇਰੇ ਚੰਗਾ ਕੀਤਾ ਜਾ ਸਕਦਾ ਹੈ। ਇਹ ਗੱਲ ਓਹਨਾਂ ਵਿਸ਼ੇਸ਼ ਰੂਪ ਵਿੱਚ ਜੋਰ ਦਿੰਦਿਆ ਕਿਹਾ ਕਿ ਪੈਰੀ ਹੱਥ ਲਾਉਣ ਗਲਤ ਵੀ ਨਹੀਂ ਹੈ। ਪਰ ਇਸਦੇ ਸਹੀ ਅਰਥ ਸਮਝਣੇ ਵੀ ਲਾਜਮੀ ਹਨ।
ਪੁਰਾਤਨ ਸਮੇਂ ਤੋਂ ਅਸੀਂ ਲੋਕ ਗੁਲਾਮੀ ਦੇ ਲੰਮੇ ਦੌਰ ਕਾਰਨ ਏਨੇ ਇਸ ਦੇ ਆਦੀ ਹੋ ਗਏ ਹਾਂ ਕਿ ਅਸੀਂ ਆਪਣੇ ਪਰਵਾਜਾਂ ਦੀ ਤਾਕਤ ਨੂੰ ਵਿਸਾਰ ਦਿੱਤਾ ਹੈ ਕਿ ਅਸੀ ਵੀ ਕਿਸੇ ਤੋਂ ਅੱਗੇ ਉਡ ਸਕਦੇ ਹਾਂ । ਪ੍ਰੋਫੈਸਰ ਸਾਹਿਬ ਦਾ ਇਕ ਇਕ ਬੋਲ ਮੇਰੇ ਜਹਿਨ ਵਿੱਚ ਬਹਿੰਦਾ ਜਾ ਰਿਹਾ ਸੀ । ਓਸ ਦਿਨ ਤੋਂ ਹੁਣ ਤੱਕ ਸਤਿਕਾਰ ਦਾ ਜੋ ਢੰਗ ਓਹਨਾਂ ਸਿਖਿਆ ਓਸ ਬਦੌਲਤ ਸਮਾਜ ਦੇ ਉਲਝੇ ਹੋਏ ਤਾਣੇ ਬਾਣੇ ਵਿੱਚ ਸਿਰੜ ਨਾਲ ਤੁਰਣ ਦਾ ਸਲੀਕਾ ਮਿਲਿਆ। ਜਿਸ ਨੇ ਜਿੰਦਗੀ ਵਿੱਚ ਆਈਆਂ ਬਹੁਤ ਕਰਵਟਾਂ ਨੂੰ ਸੁਲਝਾਉਣ ਤੇ ਸਮਝਣ ਦੇ ਸਮਰੱਥ ਵਧਾਇਆ। ਪ੍ਰੋਫੈਸਰ ਸਾਹਿਬ ਕੋਲ ਪੜਣ ਦਾ ਓਹ ਸਮਾਂ ਜਿੰਦਗੀ ਦਾ ਸਭ ਤੋਂ ਸੁਨਹਿਰੀ ਤੇ ਯਾਦਗਾਰ ਸੀ, ਜਿਸਨੇ ਜਿੰਦਗੀ ਵਿੱਚ ਆਉਣ ਵਾਲੀਆਂ ਹਰ ਖੁਸ਼ੀਆਂ ਹਰ ਗਮੀਆਂ, ਹਰ ਉਲਝਣਾ ਤੇ ਹਰ ਸੁਲਝਣਾ ਲਈ ਸਾਡੇ ਚਿਹਰਿਆਂ ਤੇ ਉਕਾਰ ਦਿੱਤਾ ਠਜੀ ਆਇਆਂ ਨੂੂੰ ।