ਧੂਰੀ, 5 ਮਾਰਚ (ਅਨਵਰ)- ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਅਕਾਲੀ ਦਲ ਵਿਰੁੱਧ ਕੂੜ ਪ੍ਰਚਾਰ ਕਰਕੇ ਪੰਜਾਬ ਦੀ ਸੱਤਾਂ ’ਤੇ ਕਾਬਜ਼ ਹੋਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਿਤ ਹੋਈ ਹੈ ਅਤੇ ਇਸ ਸਰਕਾਰ ਦੇ ਰਾਜ ਨੇ ਪੰਜਾਬ ਵਾਸੀਆਂ ਨੂੰ ਔਰਗਜ਼ੇਬ ਦਾ ਰਾਜ ਯਾਦ ਕਰਵਾ ਦਿੱਤਾ ਹੈ ਅਤੇ ਪੰਜਾਬ ਦੇ ਲੋਕ ਮੁੜ ਅਕਾਲੀ ਦਲ ਦੀ ਸਰਕਾਰ ਪੰਜਾਬ ’ਚ ਬਣਾਉਣਾ ਚਾਹੁੰਦੇ ਹਨ। ਸ੍ਰੀ ਪਰਮਿੰਦਰ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਮਨਵਿੰਦਰ ਸਿੰਘ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਸਨ, ਉਨ੍ਹਾਂ ’ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ, ਸਗੋਂ ਕਰਜਾ ਮੁਆਫੀ ਦੇ ਨਾਮ ’ਤੇ ਕਿਸਾਨਾਂ ਦਾ ਮਜਾਕ ਉਡਾਇਆ ਜਾ ਰਿਹਾ ਹੈ। ਪੰਜਾਬ ’ਚ ਹੋਈਆਂ ਨਗਰ ਕੌਸਲ, ਨਗਰ ਨਿਗਮ ਚੋਣਾਂ ’ਚ ਕਾਂਗਰਸ ਦੀ ਹੋਈ ਜਿੱਤ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਜਿੱਤ ਲੋਕਤਾਂਤਰਿਕ ਨਹੀਂ ਹੈ, ਸਗੋਂ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਵੀਡਿਓ ਨੇ ਇਹ ਸਪੱਸਟ ਕਰ ਦਿੱਤਾ ਹੈ ਕਿ ਇਹ ਜਿੱਤ ਲੈਣ ਲਈ ਕਾਂਗਰਸ ਅਤੇ ਪ੍ਰਸ਼ਾਸ਼ਨ ਨੇ ਲੋਕਤੰਤਰ ਦਾ ਘਾਣ ਕੀਤਾ ਹੈ ਅਤੇ ਪੋਲਿੰਗ ਬੂਥਾਂ ’ਤੇ ਕਬਜ਼ੇ ਕਰਕੇ ਜਿੱਤ ਲਈ ਹੈ।
ਉਨ੍ਹਾਂ ਐਸ.ਐਸ.ਏ ਅਧਿਆਪਕਾਂ ਦੀ ਤਨਖਾਹ ’ਤੇ ਸਰਕਾਰ ਵੱਲੋਂ 75% ਲਗਾਏ ਜਾ ਰਹੇ ਕੱਟ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਇਸ ਫੈਸਲੇ ਨੂੰ ਤੁਗ਼ਲਕੀ ਫੈਸਲਾ ਦੱਸਦੇ ਹੋਏ ਇਸਦੀ ਨਿੰਦਾ ਕਰਦਿਆਂ ਕਿਹਾ ਕਿ ਅਧਿਆਪਕਾਂ ਨਾਲ ਇਹ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ’ਚ ਅਕਾਲੀ ਦਲ ਦੀ ਜਿੱਤ ਹੋਵੇਗੀ, ਕਿਉਕਿ ਕਾਂਗਰਸ ਦੇ ਰਾਜ ਵਿੱਚ ਕਿਸੇ ਵਿਅਕਤੀ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਲੋਕਾਂ ਤੇ ਨਜਾਇਜ ਤਸ਼ੱਦਦ ਕਰਕੇ ਉਨ੍ਹਾਂ ਨਾਲ ਬਦਲਾਖੋਰੀ ਲਈ ਜਾ ਰਹੀ ਹੈ, ਜਿਸਨੂੰ ਅਕਾਲੀ ਦਲ ਕਦੇ ਵੀ ਪ੍ਰਵਾਨ ਨਹੀਂ ਕਰੇਗਾ। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵੱਡੀ ਤਾਦਾਦ ’ਚ ਸੇਵਾ ਕੇਂਦਰਾਂ ਨੂੰ ਬੰਦ ਕਰਨ ਦੇ ਫੈਸਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਨੇ ਲੋਕਾਂ ਦੀ ਖੱਜਲ ਖੁਆਰੀ ਰੋਕਣ ਲਈ ਇਹ ਸੇਵਾ ਕੇਂਦਰ ਖੋਲੇ ਸਨ ਤਾਂ ਕਿ ਲੋਕਾਂ ਦੇ ਕੰਮਕਾਰ ਘਰ ਬੈਠੇ ਹੀ ਹੋ ਸਕਣ, ਪਰ ਕਾਂਗਰਸ ਸਰਕਾਰ ਨੇ ਇਹ ਸੇਵਾ ਕੇਂਦਰ ਬੰਦ ਕਰਕੇ ਲੋਕ ਵਿਰੋਧੀ ਹੋਣ ਦਾ ਫੈਸਲਾ ਦਿੱਤਾ ਹੈ, ਸਗੋਂ ਇਸ ਨਾਲ ਸੂਬੇ ’ਚ ਜਿੱਥੇ ਬੇਰੁਜਗਾਰੀ ਵਧੇਗੀ, ਉਥੇ ਲੋਕਾਂ ਦੀ ਖੱਜਲ ਖੁਆਰਤਾ ਵੱਧਣ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਐਸ.ਜੀ.ਪੀ.ਸੀ. ਮੈਂਬਰ ਭੂਪਿੰਦਰ ਸਿੰਘ ਭਲਵਾਨ, ਗੁਰਵਿੰਦਰ ਸਿੰਘ ਗਿੱਲ ਕਹੇਰੂ, ਗੁਰਵਿੰਦਰ ਸਿੰਘ ਜਵੰਧਾ ਭਸੌੜ, ਰਾਜ ਸਿੰਘ ਜਵੱਧਾ, ਸਵਰਨਜੀਤ ਸਿੰਘ ਹਰਚੰਦਪੁਰ, ਸੁਖਵਿੰਦਰ ਸਿੰਘ ਈਸੀ, ਮਨਜਿੰਦਰ ਸਿੰਘ ਚਹਿਲ, ਇੰਦਰਜੀਤ ਸਿੰਘ ਸ਼ਿੰਟੂ, ਈਸ਼ਰ ਸਿੰਘ ਅਤੇ ਗੋਬਿੰਦ ਸਿੰਘ, ਜਸਵਿੰਦਰ ਸਿੰਘ ਪ੍ਰਧਾਨ ਆਦਿ ਵੀ ਹਾਜ਼ਰ ਸਨ।