ਇਹ ਕੇਹੀ ਰੁੱਤ ਆਈ ਨੀਂ ਮਾਂਏਂ…

ਕਿਸੇ ਵਕਤ ਪੰਜ ਪਾਣੀਆਂ ਦੀ ਧਰਤੀ ਪੰਜਾਬ ਨੂੰ ਸਭ ਤੋਂ ਵੱਧ ਉਪਜਾਊ ਅਤੇ ਤਾਕਤਵਰ ਹੋਣ ਕਰਕੇ ਆਪਣੀਂ ਮਿੱਟੀ ’ਤੇ ਮਾਣ ਹੋਇਆ ਕਰਦਾ ਸੀ ਜਿਸ ਵਿੱਚ ਉਗਿਆ ਮਣਾਂ ਮੂੰਹੀ ਅੰਨ ਦੇਸ਼ ਦੇ ਅੰਨ ਭੰਡਾਰਾਂ ’ਚ ਆਪਣਾ ਅਹਿਮ ਯੋਗਦਾਨ ਪਾਉਣ ਸਦਕਾ ਪੂਰੇ ਭਾਰਤਵਰਸ਼ ਅੰਦਰ ਮੁੱਢਲੀਆਂ ਸਫ਼ਾਂ ’ਚ ਰਿਹਾ ਹੈ। ਪਰ ਅੱਜ ਪੰਜਾਂ ਪਾਣੀਆਂ ਵਿੱਚ ਜ਼ਹਿਰਾਂ ਘੁਲ਼ ਗਈਆਂ ਅਤੇ ਪੰਜਾਬ ਦੀ ਉਪਜਾਊ ਧਰਤੀ ’ਚ ਉਨ੍ਹਾਂ ਜ਼ਹਿਰਾਂ ਸਦਕਾ ਹੀ ਇੱਕ ਹੋਰ ਫ਼ਸਲ ਬੜੇ ਧੜੱਲੇ ਨਾਲ ਉਗ ਰਹੀ ਹੈ, ੳਹ ਹੈ ਖ਼ੁਦਕੁਸ਼ੀਆਂ ਦੀ ਫ਼ਸਲ।ਅੱਜ ਅੰਨ ਭੰਡਾਰ ਭਰਕੇ ਅਗਲੀਆਂ ਸਫ਼ਾਂ ’ਚ ਆਉਣ ਵਾਲਾ ਪੰਜਾਬ ਪੂਰੇ ਦੇਸ਼ ਭਰ ਵਿੱਚੋਂ ਖ਼ੁਦਕੁਸ਼ੀਆਂ ’ਚ ਮੁਹਰਲੀ ਕਤਾਰ ਵਿੱਚ ਆ ਰਿਹਾ ਹੈ।ਆਖ਼ਿਰ ਇਸ ਸਭ ਲਈ ਜ਼ਿੰਮੇਵਾਰ ਕੌਣ ਹੈ ? ਇਹ ਬਹੁਤ ਹੀ ਵਿਸੇਸ਼ ਤੌਰ ’ਤੇ ਧਿਆਨ ਦੀ ਮੰਗ ਕਰਦਾ ਸਵਾਲ ਹੈ, ਜਿਸ ਦਾ ਜਵਾਬ ਤਾਂ ਸਾਰੇ ਜਾਣਦੇ ਹਨ ਪਰ ਹੁਣ ਹੱਲ ਕੋਈ ਨਜ਼ਰ ਨਹੀਂ ਆ ਰਿਹਾ।ਪੰਜਾਬ ਵਿੱਚ ਆਈ ਹਰੀ ਕ੍ਰਾਂਤੀ ਨੇਂ ਪੰਜਾਬ ਦੇ ਕਿਸਾਨ ਦੀਆਂ ਜ਼ੇਬਾਂ ਪੈਸਿਆਂ ਨਾਲ ਭਰ ਦਿੱਤੀਆਂ ਅਤੇ ਹੋਰ ਜਿਆਦਾ ਝਾੜ ਅਤੇ ਜਿਆਦਾ ਮੁਨਾਫ਼ੇ ਲਈ ਕਿਸਾਨ ਨੂੰ ਹਾਈਬ੍ਰੈਡ ਬੀਜ਼, ਸਪਰੇਹਾਂ, ਦਵਾਈਆਂ ਅਤੇ ਖ਼ਾਦਾਂ ਦਾ ਅੰਨੇਵਾਹ ਪ੍ਰਯੋਗ ਕਰਨ ਦੀਆਂ ਸਲਾਹਾਂ ਨੇਂ ਕਿਸਾਨ ਨੂੰ 99ਵੇਂ ਦੇ ਚੱਕਰ ’ਚ ਫ਼ਸਾ ਲਿਆ, ਲੋੜ ਨਾਲੋਂ ਜਿਆਦਾ ਪਾਏ ਰੇਹਾਂ ਅਤੇ ਕੀਟਨਾਸ਼ਕਾਂ ਨੇਂ ਪਾਣੀ, ਹਵਾ ਅਤੇ ਧਰਤੀ ਨੂੰ ਪ੍ਰਦੂਸ਼ਿਤ ਕਰਕੇ ਰੱਖ ਦਿੱਤਾ।ਜਿਆਦਾ ਝਾੜ ਸਦਕਾ ਆਏ ਜਿਆਦਾ ਪੈਸਿਆਂ ਨਾਲ ਵੱਡੀਆਂ ਕੋਠੀਆਂ, ਵੱਡੀਆਂ ਕਾਰਾਂ, ਵੱਡੇ ਵਿਆਹ ਅਤੇ ਵੱਡੀਆਂ ਖ਼ੁਆਇਸਾਂ ਨੇਂ ਕਿਸਾਨ ਤੋਂ ਉਸ ਦੀਆਂ ਛੋਟੀਆਂ-ਛੋਟੀਆਂ ਖ਼ੁਸ਼ੀਆਂ ਵੀ ਖ਼ੋਹ ਲਈਆਂ।ਫ਼ਿਰ ਨਾਲ ਹੀ ਆਈ ਚਿੱਟੀ ਕ੍ਰਾਂਤੀ ਯਾਨੀ ਵੱਧ ਦੁੱਧ ਦੇ ਲਾਲਚ ਨੂੰ ਪਾਲੀਆਂ ਅਮਰੀਕਨ ਗਾਵਾਂ ਵੀ ਹੁਣ ਅਵਾਰਾਂ ਪਸ਼ੂਆਂ ਦੇ ਰੂਪ ’ਚ ਕਿਸਾਨ ਦੀਆਂ ਫ਼ਸਲਾਂ ਦਾ ਉਜਾੜਾ ਕਰਨ ਲੱਗ ਗਈਆਂ।ਲੋੜੋਂ ਵੱਧ ਵਧਾਏ ਖ਼ਰਚਿਆਂ ਅਤੇ ਖੇਤੀ ਉਪਰ ਆਉਣ ਵਾਲੇ ਖ਼ਰਚਿਆਂ ਅਤੇ ਘਟ ਰਹੇ ਮੁਨਾਫ਼ਿਆਂ, ਕੀਟਨਾਸ਼ਕਾਂ ਨਾਲ ਪੈਦਾ ਹੋਈਆਂ ਭਿਆਨਕ ’ਤੇ ਮਾਰੂ ਬਿਮਾਰੀਆਂ ਅਤੇ ਆਈਆਂ ਦੋਨੋਂ ਕ੍ਰਾਂਤੀਆਂ ਸਦਕਾ ਅਮੀਰ ਅਤੇ ਖ਼ੁਸ਼ਹਾਲ ਹੋਣ ਦਾ ਭਰਮ ਪਾਲ਼ੀ ਬੈਠਾ ਕਿਸਾਨ ਕੰਗਾਲੀ ਦੇ ਕੰਗਾਰ ’ਤੇ ਆ ਖੜ੍ਹਾ ਹੋ ਗਿਆ।ਉਪਰੋਂ ਨਕਲੀ ਦਵਾਈਆਂ, ਨਕਲੀ ਬੀਜ਼ਾਂ, ਵੱਡੇ ਹਸਪਤਾਲਾਂ ’ਚ ਨਕਲੀ ਡਕਟਰਾਂ, ਵੱਡੀਆਂ ਬਿਮਾਰੀਆਂ, ਵੱਡੀਆਂ ਕੋਠੀਆਂ, ਕਾਰਾਂ, ਵਿਆਹਾਂ, ਪਰਾਈਵੇਟ ਸਕੂਲਾਂ ਅਤੇ ਵੱਡਿਆਂ ਭੋਗਾਂ ਨੇਂ ਕਿਸਾਨ ਨੂੰ ਰੱਸਾ ਚੁੱਕ ਕੇ ਫ਼ਾਹੇ ਲੱਗਣ ਜਾਂ ਸਪਰੇਆਂ ਪੀਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਲਈ ਮਜ਼ਬੂਰ ਕਰ ਦਿੱਤਾ।ਹੁਣ ਗੱਲ ਉਸ ਦੀ ਵੀ ਕਰ ਲਈਏ ਜੋ ਕਿਸਾਨ ਦੇ ਮੋਢੇ ਨਾਲ ਮੋਢਾ ਜੋੜਕੇ ਹਮੇਸ਼ਾਂ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਰਿਹਾ ਅਤੇ ਬਰਾਬਰ ਹੱਡ ਡਾਹ ਕੇ ਮਿਹਨਤ ਕਰਦਾ ਰਿਹਾ ਪਰ ਆਰਥਿਕ ਪੱਖੋਂ ਕਿਸਾਨ ਨਾਲੋਂ ਬਹੁਤ ਜਿਆਦਾ ਪੱਛੜ ਗਿਆ।ਕਿਸਾਨ ਦੇ ਪਰਿਵਾਰ ਵਿਚਲੀ ਸਾਂਝ ਤੋਂ ਸੀਰੀ ਬਣਿਆ, ਫਿਰ ਖੇਤ ਮਜ਼ਦੂਰ, ਪਰ ਫਿਰ ਮਸ਼ੀਨੀ ਯੁੱਗ ਦੀ ਬਦੌਲਤ ਖੇਤੀ ਮਸ਼ਿਨਰੀ ਦੀ ਆਈ ਹਨੇਰੀ ਨੇਂ ਉਸਨੂੰ ਖੇਤਾਂ ’ਚ ਕੱਢ ਸ਼ਹਿਰ ਵੱਲ ਜਾਣ ਨੂੰ ਮਜ਼ਬੁਰ ਕਰ ਦਿੱਤਾ।ਹੁਣ ਉਹ ਰੋਜ਼ ਸਵੇਰੇ ਰੋਟੀਆਂ ਦਾ ਡੱਬਾ ਸਾਇਕਲ ’ਤੇ ਟੰਗਕੇ ਦਸ ਤੋ ਵੀਹ ਕਿਲੋਮੀਟਰ ਦੂੁਰ ਕਿਸੇ ਸ਼ਹਿਰ ਦੇ ਚੌਂਕ ’ਚ ਜਾ ਕੇ ਖੜ੍ਹ ਜਾਂਦਾ ਹੈ, ਜਿੱਥੇ ਉਸਦੀ ਕਿਰਤ ਵਿਕਦੀ ਹੈ। ਜਦੋਂ ਕਦੇ ਕੋਈ ਉਸਦੀ ਕਿਰਤ ਖ਼ਰੀਦਣ ਵਾਲਾ ਨਹੀਂ ਆਉਂਦਾ ਤਾਂ ਉਹ ਸਾਇਕਲ ਨਾਲ ਬੰਨੀਆਂ ਰੋਟੀਆਂ ਖਾਕੇ ਖਾਲੀ ਹੱਥ ਘਰੇ ਆਉ ਹੈ ਤਾਂ ਉਸ ਦਾ ਦਿਲ ਹੀ ਪੁੱਛਿਆ ਜਾਣਦਾ ਹੈ ਕਿ ਕੀ ਬੀਤਦੀ ਹੈ ? ਜਦੋਂ ਦਿਨੋਂ ਦਿਨ ਕੋਠੇ ਜਿੱਠੀ ਹੋ ਰਹੀ ਧੀ ਨੂੰ ਵਿਆਉਣ ਲਈ, ਬਿਮਾਰੀਆਂ ’ਤੇ ਲਾਉਣ ਲਈ ਅਤੇ ਬੱਚਿਆਂ ਦੀਆਂ ਫ਼ੀਸਾਂ ਭਰਨ ’ਤੇ ਕਿਤਾਬਾਂ ਲੈ ਕੇ ਦੇਣ ਲਈ ਵੀ ਪੱਲੇ ਕੁੱਝ ਨਹੀਂ ਹੁੰਦਾ ਤਾਂ ਮਜ਼ਦੂਰ ਵੀ ਜ਼ਿੰਦਗੀ ਅੱਗੇ ਹਾਰ ਜਾਂਦਾ ਹੈ।ਇਹ ਹਲਾਤ ਬਣ ਚੁੱਕੇ ਹਨ ਮੇਰੇ ਰੰਗਲੇ ਦੇਸ਼ ਪੰਜਾਬ ਦੇ ਜਿਸਦੇ ਖੇਤਾਂ, ਸੜਕਾਂ ’ਤੇ ਘਰਾਂ ’ਚ ਹੁਣ ਮੌਤ ਆਦਮ-ਬੋ-ਆਦਮ-ਬੋ ਕਰਦੀ ਫ਼ਿਰਦੀ ਹੈ। ਸਰਕਾਰਾਂ ਮੂਕ ਦਰਸ਼ਕ ਬਣਕੇ ਨੀਰੋ ਵਾਲੀ ਬੰਸ਼ਰੀ ਬਜਾਉਣ ’ਚ ਮਗਨ ਹਨ, ਵੋਟਾਂ ਮੌਕੇ ਝੂਠੇ ਵਾਅਦੇ ਅਤੇ ਦਾਵਿਆਂ ਨਾਲ ਵੱਡੇ-ਵੱਡੇ ਲਾਰੇ ਲਾਕੇ ਭੋਲੇ-ਭਾਲੇ ਵੋਟਰਾਂ ਨੂੰ ਮਾਇਆ ਦੇ ਜ਼ਾਲ ਵਿੱਚ ਫ਼ਸਾ ਲਿਆ ਜਾਂਦਾ ਹੈ।ਖ਼ੁਦਕੁਸ਼ੀਆਂ ਕਰਨ ਵਾਲਿਆਂ ਨੂੰ ਧਰਵਾਸ, ਹੌਸ਼ਲਾ ਅਤੇ ਪੱਕਾ ਹੱਲ ਦੇਣ ਦੀ ਬਜਾਇ ਗ੍ਰਾਂਟਾਂ ਅਤੇ ਨੌਕਰੀਆਂ ਦਾ ਲਾਲਚ ਦੇ ਕੇ ਸਗੋਂ ਖ਼ੁਦਕੁਸ਼ੀਆਂ ਲਈ ਉਕਸਾਇਆ ਜਾ ਰਿਹਾ।ਦਿਨ ਪ੍ਰਤੀ ਦਿਨ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ, ਪਰ ਹੱਲ ਬਾਰੇ ਕੋਈ ਗੰਭੀਰਤਾ ਨਾਲ ਨਹੀਂ ਸੋਚ ਰਿਹਾ। ਅਜਿਹੀਆਂ ਘੁੰਮਣਘੇਰੀਆਂ, ਦੂਸ਼ਣਬਾਜੀਆਂ ਅਤੇ ਖ਼ੁਦਕੁਸ਼ੀਆਂ ਵਾਲੇ ਚੱਰਕਵਿਊ ’ਚ ਫ਼ਸੇ ਪੰਜਾਬ ਲਈ ਤਾਂ ਹੁਣ ਦੁਆ ਹੀ ਕੰਮ ਕਰ ਸਕਦੀ ਹੈ ਕਿਉਂਕਿ ਹੁਣ ਦਵਾਈਆਂ ਨੇਂ ਤਾਂ ਆਪਣਾਂ ਕੰਮ ਕਰਨਾਂ ਛੱਡ ਦਿੱਤਾ ਹੈ।

Send this to a friend