May 27, 2026 12:36 am

ਸਿਖਣ ਲਈ ਜੀਓ ਅਤੇ ਤੁਸੀਂ ਜਿਉਣਾ ਸਿੱਖ ਜਾਓਗੇ

ਸਿਖਣ ਲਈ ਜੀਓ ਅਤੇ ਤੁਸੀਂ ਜਿਉਣਾ ਸਿੱਖ ਜਾਓਗੇ। ਜ਼ਿੰਦਗੀ ਅਸਲ ਵਿੱਚ ਇਕ ਪਾਠਸ਼ਾਲਾ ਹੀ ਹੈ। ਅਸੀਂ ਹਰ ਪਲ ਕੁਝ ਨਵਾਂ ਸਿੱਖ ਸਕਦੇ ਹਾਂ ਪਰ ਜੇ ਕੁਝ ਸਿੱਖਣਾ ਚਾਹੀਏ ਤਾਂ। ਜ਼ਿੰਦਗੀ ਦੀ ਦੌੜ ਦੌਰਾਨ ਜ਼ਰਾ ਰੁਕੋ ਅਤੇ ਸੋਚੋ ਅਤੇ ਆਪਣੇ ਆਪ ਨੂੰ ਸਵਾਲ ਕਰੋ।
1. ਕੀ ਤੁਸੀਂ ਜ਼ਿੰਦਗੀ ਜੀਅ ਰਹੇ ਹੋ?
2. ਕੀ ਤੁਸੀਂ ਜ਼ਿੰਦਗੀ ਕੱਟ ਰਹੇ ਹੋ?
3. ਕੀ ਤੁਸੀਂ ਜ਼ਿੰਦਗੀ ਦਾ ਅਨੰਦ ਮਾਣ ਰਹੇ ਹੋ?
4. ਤੁਸੀਂ ਕਿਉਂ ਜੀਅ ਰਹੇ ਹੋ?
5. ਕੀ ਤੁਸੀਂ ਆਪਣੀ ਜ਼ਿੰਦਗੀ ਦਾ ਕੋਈ ਮਕਸਦ ਬਣਾਇਆ ਹੋਇਆ ਹੈ।
ਅਜਿਹੇ ਸਵਾਲ ਲੈ ਕੇ ਜਦੋਂ ਮੈਂ ਇਕ ਸਰਵੇਖਣ ਕੀਤਾ ਤਾਂ ਨਤੀਜੇ ਬਹੁਤ ਦਿਲਚਸਪ ਨਜ਼ਰ ਆਏ। ਸਭ ਤੋਂ ਹੈਰਾਨੀਜਨਕ ਨਤੀਜਾ ਤਾਂ ਇਹ ਸੀ ਕਿ 80 ਫੀਸਦੀ ਲੋਕਾਂ ਨੇ ਆਪਣਾ ਕੋਈ ਮਕਸਦ, ਉਦੇਸ਼ ਜਾਂ ਮੰਜ਼ਿਲ ਮਿਥੀ ਹੀ ਨਹੀਂ ਸੀ। ਉਹ ਸੁਕਾ ਖੂਹ ਗੇੜ ਰਹੇ ਹਨ। ਜ਼ਿੰਦਗੀ ਕੱਟਣ, ਜੀਉਣ ਅਤੇ ਅਨੰਦ ਮਾਨਣ ਦੇ ਫਰਕ ਸਮਝਣ ਤੋਂ ਅਸਮਰਥ ਹਨ। ਹਿੰਦੋਸਤਾਨ ਵਰਗੇ ਗਰੀਬ ਦੇਸ਼ ਵਿੱਚ ਤਾਂ ਵੱਡੀ ਗਿਣਤੀ ਵਿੱਚ ਲੋਕ ਰੋਟੀ ਰੋਜ਼ੀ ਦੇ ਪ੍ਰਬੰਧ ਵਿੱਚ ਹੀ ਜ਼ਿੰਦਗੀ ਗਵਾ ਲੈਂਦੇ ਹਨ। ਉਗਦੇ ਸੂਰਜ ਦੀ ਲਾਲੀ ਨੂੰ ਤਾਂ ਉਨ੍ਹਾਂ ਨੇ ਕਿਸੇ ਤਸਵੀਰ ਵਿੱਚ ਵੀ ਨਹੀਂ ਵੇਖਿਆ ਹੋਵੇਗਾ। ਕਿਸੇ ਸਮੁੰਦਰ ਦੇ ਕਿਨਾਰੇ ਬੈਠ ਕੇ ਆਪਣੇ ਮਨਪਸੰਦ ਸਾਥੀ ਦੇ ਹੱਥ ਸਪਰਸ਼ ਮਾਨਣ ਦੀ ਕਲਪਨਾ ਕਰਨਾ ਉਨ੍ਹਾਂ ਦੀ ਸਮਰੱਥਾ ਤੋਂ ਬਾਹਰ ਹੈ। ਸਰੀਰਕ ਭੁੱਖਾਂ ਦੀ ਪੂਰਤੀ ਲਈ ਪੂਰਾ ਜੀਵਨ ਲਾ ਦਿੰਦੇ ਹਨ। ਮਾਨਸਿਕ ਅਤੇ ਆਤਮਿਕ ਸ਼ਾਂਤੀ ਬਾਰੇ ਸੋਚਣਾ ਉਨ੍ਹਾਂ ਦੇ ਹਿੱਸੇ ਨਹੀਂ ਆਇਆ।
ਇਹ 1981 ਦੀ ਗੱਲ ਹੈ ਉਦੋਂ ਉਸ਼ੋ ਨੇ ਆਪਣਾ ਨਾਮ ਭਗਵਾਨ ਰਜਨੀਸ਼ ਰੱਖਿਆ ਹੋਇਆ ਸੀ। ਮੈਂ ਉਨ੍ਹਾਂ ਦੇ ਪੂਨੇ ਵਾਲੇ ਆਸ਼ਰਮ ਵਿੱਚ ਗਿਆ। ਉਥੇ ਰਹਿਣਾ ਮਹਿੰਗਾ ਸੌਦਾ ਸੀ। ਦੋ ਕੁ ਦਿਨ ਬਾਅਦ ਹੀ ਮੈਂ ਆਪਣਾ ਪੱਤਰਕਾਰੀ ਵਾਲਾ ਕਾਰਡ ਵਿਖਾਇਆ ਅਤੇ ਆਸ਼ਰਮ ਬਾਰੇ ਪੂਰੀ ਜਾਣਕਾਰੀ ਦੀ ਸੁਵਿਧਾ ਪ੍ਰਾਪਤ ਕਰ ਲਈ। ਮਾਂ ਸ਼ੀਲਾ ਨੇ ਇਕ ਸੁਰਿੰਦਰਾ ਸਵਾਮੀ ਦੀ ਡਿਊਟੀ ਲਗਾਈ ਜਿਸ ਨੇ ਮੈਨੂੰ ਆਸ਼ਰਮ ਦਾ ਗੇੜਾ ਕਢਵਾਇਆ ਅਤੇ ਮੇਰੇ ਸਵਾਲਾਂ ਦੇ ਜਵਾਬ ਦਿੱਤੇ। ਮੈਂ ਵੇਖਿਆ ਕਿ ਉਥੇ ਭਾਰਤੀ ਲੋਕ ਬਹੁਤ ਘੱਟ ਸਨ ਜੋ ਸਨ ਵੀ ਉਹ ਵਿਨੋਦ ਖੰਨਾ ਵਰਗੇ ਅਮੀਰ ਵਰਗ ਵਿੱਚੋਂ ਸਨ। ਮੈਂ ਉਸ ਸਵਾਮੀ ਨੂੰ ਸਵਾਲ ਕੀਤਾ ਕਿ ਕੀ ਕਾਰਨ ਹੈ ਕਿ ਰਜਨੀਸ਼ ਦੇ ਚੇਲਿਆਂ ਵਿੱਚ ਭਾਰਤੀ ਲੋਕਾਂ ਦੀ ਗਿਣਤੀ ਘੱਟ ਹੈ। ਉਸ ਦਾ ਜਵਾਬ ਸੀ ‘ਮਨੁੱਖ ਤਿੰਨ ਸਟੇਜਾਂ ਵਿੱਚ ਜ਼ਿੰਦਗੀ ਗੁਜ਼ਾਰਦਾ ਹੈ। ਪਹਿਲੀ ਸਟੇਜ ਫਿਜੀਕਲ ਹੁੰਦੀ ਹੈ, ਜਿਸ ਵਿੱਚ ਖਾਣਾ, ਪੀਣਾ ਅਤੇ ਸੈਕਸ ਆਦਿ ਹੁੰਦਾ ਹੈ। ਜਦੋਂ ਲੋਕ ਇਸ ਸਟੇਜ ਤੋਂ ਸੰਤੁਸ਼ਟ ਹੋ ਜਾਂਦੇ ਹਨ ਤਾਂ ਉਹ ਅਗਲੀ ਸਟੇਜ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਸਟੇਜ ਵਿੱਚ ਮਨੁੱਖ ਸਰੀਰ ਤੋਂ ਮਨ ਦੀ ਭੁੱਖ ਪੂਰੀ ਕਰਨ ਵੱਲ ਵਧਦਾ ਹੈ। ਮਨ ਦੀ ਭੁੱਖ ਲਈ ਉਹ ਪੜ੍ਹਦਾ, ਲਿਖਦਾ, ਸੰਗੀਤ ਅਤੇ ਹੋਰ ਕਲਾਵਾਂ ਦਾ ਸਹਾਰਾ ਲੈਂਦਾ ਹੈ। ਜਦੋਂ ਉਹ ਇਸ ਸਟੇਜ ਦੇ ਕੁਝ ਪੜਾਅ ਪਾਰ ਕਰ ਜਾਂਦਾ ਹੈ ਤਾਂ ਉਹ ਆਤਮਿਕ ਸਟੇਜ ਵੱਲ ਵਧਦਾ ਹੈ। ਮਨ ਦੀ ਇਕਾਗਰਤਾ ਦੇ ਲਈ ਸਾਧਨ ਲਭਦਾ ਹੈ। ਯਤਨ ਕਰਦਾ ਹੈ। ਆਤਮਾ ਦੀ ਖੁਰਾਕ ਵੱਲ ਧਿਆਨ ਦਿੰਦਾ ਹੈ।’’ ਉਸ ਦਾ ਕਹਿਣਾ ਸੀ ਕਿ ਜ਼ਿਆਦਾ ਗਿਣਤੀ ਵਿੱਚ ਭਾਰਤੀ ਪਹਿਲੀ ਸਟੇਜ ਹੀ ਨਹੀਂ ਪਾਰ ਕਰਦੇ। ਉਹ ਤਾਂ ਸਰੀਰਕ ਭੁੱਖਾਂ ਹੀ ਪੂਰੀਆਂ ਕਰਨ ਦੇ ਹੀਲੇ-ਵਸੀਲੇ ਕਰਦੇ ਰਹਿੰਦੇ ਹਨ। ਮੈਨੂੰ ਇਹ ਹੈਰਾਨੀ ਹੋਈ ਮੇਰੇ ਇਸ ਸਰਵੇਖਣ ਦੇ ਨਤੀਜੇ 32 ਵਰ੍ਹੇ ਪਹਿਲਾਂ ਮੈਨੂੰ ਮਿਲੇ ਸਵਾਮੀ ਸੁਰਿੰਦਰਾ ਦੀ ਟਿੱਪਣੀ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਸਨ। ਸਵਾਲ ਇਹ ਉਠਦਾ ਹੈ ਕਿ ਕੀ ਮਨੁੱਖ ਸਿਰਫ ਪਹਿਲੇ ਪੜਾਅ ਦੀ ਜ਼ਿੰਦਗੀ ਜਿਊਣ ਲਈ ਹੀ ਪੈਦਾ ਹੋਇਆ ਹੈ। ਨਹੀਂ, ਅਜਿਹਾ ਨਹੀਂ ਹੈ, ਬਸ, ਮਨੁੱਖ ਵਿੱਚ ਸਫਲ ਜ਼ਿੰਦਗੀ ਜਿਉਣ ਦੀ ਚਿਣਗ ਹੋਣੀ ਚਾਹੀਦੀ ਹੈ ਅਤੇ ਜ਼ਿੰਦਗੀ ਜਿਉਣ ਦੀ ਕਲਾ ਸਿੱਖਣ ਦੀ ਇੱਛਾ ਹੋਣੀ ਚਾਹੀਦੀ ਹੈ, ਉਹ ਵੀ ਜ਼ਿੰਦਗੀ ਦੀ ਪਾਠਸ਼ਾਲਾ ਵਿੱਚੋਂ। ਸਫਲ ਮਨੁੱਖਾਂ ਦੀਆਂ ਜੀਵਨ ਕਥਾਵਾਂ ਵੀ ਸਾਡਾ ਪ੍ਰੇਰਨਾ ਸਰੋਤ ਬਣ ਸਕਦੀਆਂ ਹਨ। ਚੰਗੇ ਟੀ.ਵੀ ਪ੍ਰੋਗਰਾਮ ਵੀ ਮਾਰਗ ਦਰਸ਼ਕ ਬਨਣ ਦੀ ਸਮਰੱਥਾ ਰੱਖਦੇ ਹਨ। ਮੈਂ ਇਕ ਟੀ.ਵੀ. ਲੜੀਵਾਰ ਬਾਰੇ ਪੜ੍ਹਿਆ ਜਿਸ ਵਿੱਚ ਬਾਸਕਟ ਬਾਲ ਖਿਡਾਰੀ ਮਾਈਕਲ ਜਾਰਡਨ ਨੂੰ ਉਸ ਦੇ ਚਾਹੁਣ ਵਾਲਿਆਂ ਨੇ ਬੁਰੀ ਤਰ੍ਹਾਂ ਘੇਰਿਆ ਹੋਇਆ ਸੀ। ਉਸ ਦੇ ਨਾਮ ਦੇ ਨਾਹਰੇ ਲੱਗ ਰਹੇ ਸਨ ਮਾਇਕਲ ਆਪਣੇ ਆਪ ਨਾਲ ਸੰਵਾਦ ਰਚਾ ਰਿਹਾ ਸੀ ਕਿ ‘‘ਮੈਂ 9000 ਸ਼ਾਟ ਮਿਸ ਕੀਤੇ, ਮੈਂ ਆਪਣੇ ਖੇਡ-ਜੀਵਨ 300 ਵਾਰ ਹਾਰਿਆ ਅਤੇ 26 ਵਾਰ ਮੈਚ ਨੂੰ ਜਿੱਤਣ ਵਾਲੇ ਸ਼ਾਟ ਲਾਏ। ਇਨ੍ਹਾਂ ਹਾਰਾਂ ਕਾਰਨ ਹੀ ਮੈਂ ਜਿੱਤਿਆ। ਇਸੇ ਸੰਦਰਭ ਵਿੱਚ ਮੈਨੂੰ ਅਮਿਤਾਬ ਬਚਨ ਦੇ ਪਿਤਾ ਹਰੀ ਬੰਸ ਰਾਏ ਬਚਨ ਦੀਆਂ ਕੁੱਝ ਸਤਰਾਂ ਚੇਤੇ ਆ ਗਈਆਂ।
‘‘ਅਸਫਲਤਾ ਇਕ ਚੁਣੌਤੀ ਹੈ,
ਇਹਨੂੰ ਸਵੀਕਾਰ ਕਰੋ
ਕਮੀ ਕੀ ਰਹਿ ਗਈ,
ਦੇਖੋ ਅਤੇ ਸੁਧਾਰ ਕਰੋ
ਜਦੋਂ ਤੱਕ ਨਾ ਸਫਲ ਹੋਵੋ,
ਨੀਂਦ ਚੈਨ ਛੱਡੋ ਤੁਸੀਂ
ਸੰਘਰਸ਼ ਦੇ ਮੈਦਾਨ ’ਚੋਂ ਨਾ ਭੱਜੋ ਤੁਸੀਂ
ਕੁਝ ਕੀਤੇ ਬਿਨਾਂ ਜੈ ਜੈ ਕਾਰ ਨਹੀਂ ਹੁੰਦੀ
ਕੋਸ਼ਿਸ਼ ਕਰਨ ਵਾਲਿਆਂ ਦੀ ਹਾਰ ਨਹੀਂ ਹੁੰਦੀ।
ਸਫਲ ਹੋਣ ਦਾ ਚਾਹਵਾਨ ਮਨੁੱਖ ਅਜਿਹੇ ਪ੍ਰੋਗਰਾਮ ਜਾਂ ਅਜਿਹੀਆਂ ਲਿਖਤਾਂ ਤੋਂ ਪ੍ਰੇਰਨਾ ਲੈ ਕੇ ਆਪਣੇ ਕੰਮ ਵਿੱਚ ਜੁੱਟ ਜਾਵੇਗਾ। ਬਰਤਾਨੀਆਂ ਵਿੱਚ ਰਹਿੰਦੇ ਮੇਰੇ ਇਕ ਮਿੱਤਰ ਦੀ ਜ਼ਿੰਦਗੀ ਭਰ ਦੀ ਕਮਾਈ ਨਸਲੀ ਵਿਤਕਰੇ ਦੀ ਨਫ਼ਰਤ ਵਿੱਚ ਨਿਕਲੀ ਅੱਗ ਦੀ ਭੇਟ ਚੜ੍ਹ ਗਈ।
‘ਮੈਂ ਦੁਖੀ ਤਾਂ ਬਹੁਤ ਹੋਇਆ ਪਰ ਫਿਰ ਮੈਂ ਮਾਛੀਵਾੜੇ ਵੱਲ ਮੂੰਹ ਕੀਤਾ। ਮੈਨੂੰ ਟਿੰਡ ਦਾ ਸਰਹਾਨਾ ਲਏ ਹੋਏ ਚਿਹਰੇ ਦਾ ਨੂਰ ਨਜ਼ਰ ਆਇਆ ਅਤੇ ਮੈਂ ਮੁੜ ਚੜ੍ਹਦੀਕਲਾ ਵਿੱਚ ਹੋ ਗਿਆ।’’ ਅੱਜ ਉਹ ਮੁੜ ਸਫਲ ਮਨੁੱਖਾਂ ਦੀ ਸੂਚੀ ਵਿੱਚ ਸ਼ਾਮਲ ਹੈ।
ਮੈਂ ਬਹੁਤ ਵਾਰ ਅਜਿਹੇ ਸੁਪਨੇ ਲੈਣ ਦੀ ਗੱਲ ਲਿਖੀ ਹੈ ਜੋ ਮਨੁੱਖ ਨੂੰ ਸੌਣ ਨਹੀਂ ਦਿੰਦੇ। ਜੋ ਮਨੁੱਖ ਸੁਪਨੇ ਨਹੀਂ ਸਿਰਜਦੇ, ਉਦੇਸ਼ ਨਹੀਂ ਮਿੱਥਦੇ, ਆਪਣੀ ਮੰਜ਼ਿਲ ਨਿਧਾਰਤ ਨਹੀਂ ਕਰਦੇ ਉਹ ਕਿਤੇ ਵੀ ਨਹੀਂ ਪਹੁੰਚਦੇ। ਮਨੁੱਖ ਤਮਾਮ ਉਮਰ ਦੌਲਤ, ਸ਼ੋਹਰਤ ਅਤੇ ਸੱਤਾ ਹਾਸਲ ਕਰਨ ਦੀ ਕਾਮਨਾ ਕਰਦਾ ਹੈ ਅਤੇ ਅੱਜ ਇਹ ਹੀ ਸਫਲਤਾ ਦਾ ਮਾਪਦੰਡ ਹੈ। ਉਦੇਸ਼ਹੀਣ ਮਨੁੱਖ ਸਫਲ ਮਨੁੱਖ ਕਦੇ ਵੀ ਨਹੀਂ ਬਣ ਸਕਦਾ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਹੀ ਦਿਸ਼ਾ ਵੱਲ ਅੱਗੇ ਵਧਣ ਤਾਂ ਬਚਪਨ ਵਿੱਚ ਵੀ ਹੀ ਉਨ੍ਹਾਂ ਨੂੰ ਆਪਣੀ ਮੰਜ਼ਿਲ ਨਿਧਾਰਤ ਕਰਨ ਲਈ ਉਤਸ਼ਾਹਿਤ ਕਰੋ। ਬੱਚੇ ਦੀ ਜ਼ਿੰਦਗੀ ਦੇ ਮੁੱਢਲੇ 10 ਸਾਲ ਹਰ ਕਿਸਮ ਦੀ ਸਿਖਲਾਈ ਦੇ ਵਰ੍ਹੇ ਹਨ। ਬੱਚਾ ਰੁੜਨਾ ਸਿੱਖਦਾ ਹੈ। ਤੁਰਨਾ ਸਿੱਖਦਾ ਹੈ, ਬੋਲਣਾ ਸਿਖਦਾ ਹੈ। ਖੇਡ ਖੇਡ ਵਿੱਚ ਸਰੀਰਕ ਤਾਕਤ ਵਧਾਉਂਦਾ ਹੈ। ਇਨ੍ਹਾਂ ਵਰ੍ਹਿਆਂ ਵਿੱਚ ਉਸ ਦੀ ਭਾਸ਼ਾ ਦੇ ਗਿਆਨ ਵਿੱਚ ਵਾਧਾ ਕਰਨ ਦੀ ਸਮਰੱਥਾ ਹੁੰਦੀ ਹੈ। ਚੰਗਾ ਸੰਚਾਰਕ ਬਨਣ ਲਈ ਉਤਸ਼ਾਹਤ ਕਰਨਾ ਬਣਦਾ ਹੈ। ਅੱਜ ਹਰ ਖੇਤਰ ਵਿੱਚ ਚੰਗਾ ਬੁਲਾਰਾ ਹੋਣਾ ਜ਼ਰੂਰੀ ਹੁੰਦਾ ਹੈ। ਜ਼ਿੰਦਗੀ ਦਾ ਇਹੀ ਵਕਤ ਹੈ ਜਦੋਂ ਉਸ ਨੂੰ ਭਵਿੱਖ ਲਈ ਛੋਟੇ-ਛੋਟੇ ਸੁਪਨੇ ਸਿਰਜਣ ਦੀ ਜਾਚ ਆਉਣੀ ਚਾਹੀਦੀ ਹੈ। ਇਸ ਉਮਰ ਵਿੱਚ ਉਸ ਨੂੰ ਮਾਂ-ਪਿਉ ਅਤੇ ਪੂਰੇ ਪਰਿਵਾਰ ਦੇ ਪਿਆਰ ਅਤੇ ਸਰਪ੍ਰਸਤੀ ਦੀ ਲੋੜ ਹੁੰਦੀ ਹੈ। ਜੋ ਮਾਪੇ ਆਪਣੇ ਬੱਚਿਆਂ ਨੂੰ ਵਕਤ ਨਹੀਂ ਦਿੰਦੇ ਉਹ ਉਸ ਦੇ ਭਵਿੱਖ ਨਾਲ ਧ੍ਰੋਹ ਕਮਾਉਂਦੇ ਹਨ। ਮਨੁੱਖੀ ਜ਼ਿੰਦਗੀ ਦਾ ਦੂਜਾ ਪੜਾਅ 10 ਤੋਂ 20 ਵਰ੍ਹਿਆਂ ਤੱਕ ਦਾ ਮਿਥਿਆ ਜਾ ਸਕਦਾ ਹੈ। ਬੱਚਿਆਂ ਲਈ ਇਹ ਸਮਾਂ ਬਹੁਤ ਅਹਿਮੀਅਤ ਰੱਖਦਾ ਹੈ। ਬੱਚਾ ਬਚਪਨ ਤੋਂ ਕਿਸ਼ੋਰ ਅਵਸਥਾ ਵਿੱਚ ਪਹੁੰਚਦਾ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਮੁਕਾਬਲਾ ਹੋਣਾ ਹੁੰਦਾ ਹੈ। ਦੋਸਤੀ, ਮੋਹ, ਮੁਹੱਬਤ ਦਾ ਸਮਾਂ ਹੁੰਦਾ ਹੈ। ਸਰੀਰ ਵਿੱਚ ਕਾਮ ਦਾ ਵੇਗ ਵੱਧ ਰਿਹਾ ਹੁੰਦਾ ਹੈ। ਸਰੀਰਕ ਅਤੇ ਜਜ਼ਬਾਤੀ ਤੌਰ ’ਤੇ ਕਈ ਸਮੱਸਿਆਵਾਂ ਨਾਲ ਦੋ ਹੱਥ ਕਰਨ ਦਾ ਸਮਾਂ ਹੁੰਦਾ ਹੈ। ਇਕ ਗਲਤ ਕਦਮ ਬੱਚੇ ਨੂੰ ਡੂੰਘੀ ਖਾਈ ਧਕੇਲ ਸਕਦਾ ਹੈ। ਅਜਿਹੇ ਮੌਕੇ ਵੱਡੀਆਂ ਮੰਜ਼ਿਲਾਂ ਸਰ ਕਰਨ ਦੇ ਚਾਹਵਾਨ ਬੱਚੇ ਹਮੇਸ਼ਾਂ ਸਕਾਰਤਮਕ ਸੋਚ ਦੇ ਧਾਰਨੀ ਰਹਿੰਦੇ ਹਨ। ਇਹ ਪੜਾਅ ਉਤੇ ਬੱਚਿਆਂ ਦੀ ਸਖਸ਼ੀਅਤ ਵਿੱਚ ਸੰਜਮ ਦਾ ਗੁਣ ਭਰਨਾ ਬਹੁਤ ਜ਼ਰੂਰੀ ਹੁੰਦਾ ਹੈ। ਸਫਲਤਾ ਦੀ ਰੀਲ ਅਤੇ ਅਸਫਲਤਾ ਦਾ ਸੰਜਮ ਨਾਲ ਮੁਕਾਬਲਾ ਕਰਨਾ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ। ਸਮੇਂ ਦੀ ਸਹੀ ਵਰਤੋਂ ਜੇ ਇਸ ਉਮਰ ਵਿੱਚ ਆ ਜਾਵੇ ਤਾਂ ਸਾਰੀ ਉਮਰ ਬੰਦਾ ਸਹੀ ਰਾਹ ’ਤੇ ਤੁਰਨ ਦਾ ਸਮਰੱਥ ਬਣ ਜਾਂਦਾ ਹੈ। ਵਿਰੋਧੀ ਲਿੰਗ ਦਾ ਸਤਿਕਾਰ ਕਰਨਾ ਅਤੇ ਉਨ੍ਹਾਂ ਦਾ ਇਕ ਦੂਜੇ ਪ੍ਰਤੀ ਸਕਾਰਤਮਿਕ ਨਜ਼ਰੀਏ ਨਾਲ ਵੇਖਣਾ ਕਿਸੇ ਸਖਸ਼ੀਅਤ ਦਾ ਵੱਡਾ ਗੁਣ ਹੁੰਦਾ ਹੈ। ਸਿਹਤ ਦੇ ਨਜ਼ਰੀਏ ਤੋਂ ਵੀ ਬੱਚਿਆਂ ਨੂੰ ਕੀ ਖਾਣਾ ਚਾਹੀਦਾ ਹੈ ਕੀ ਨਹੀਂ, ਸਮਝਾਉਣਾ ਅਤਿ ਜ਼ਰੂਰੀ ਹੈ।

Send this to a friend