May 26, 2026 7:06 am

ਪੰਜਾਬੀ ਸਾਹਿਤ ਦੇ ਪਾਠਕਾਂ ਦੀ ਗਿਣਤੀ ਕਿਵੇਂ ਵਧੇ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਈ.ਏ. ਐਸ. ਟਰੇਨਿੰਗ ਸੈਂਟਰ ਦੇ ਡਾਇਰੈਕਟਰ ਵਜੋਂ ਮੈਂ ਨੈਟ ਦੀ ਤਿਆਰੀ ਦੇ ਚਾਹਵਾਨ ਵਿਦਿਆਰਥੀਆਂ ਦੀ ਇੰਟਰਵਿਊ ਲੈ ਰਿਹਾ ਸੀ। ਇਨ੍ਹਾਂ ਵਿੱਚੋਂ 50 ਤੋਂ ਵੱਧ ਪੰਜਾਬੀ ਵਿਸ਼ੇ ਦੇ ਵਿਦਿਆਰਥੀ ਸਨ। ਇਹ ਸਾਰੇ ਨੋਟ ਦੀ ਪ੍ਰੀਖਿਆ ਪਾਸ ਕਰਕੇ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੰਜਾਬੀ ਦੇ ਪ੍ਰੋਫੈਸਰ ਬਣਨ ਦਾ ਸੁਪਨਾ ਲੈ ਕੇ ਆਏ ਸਨ। ਸੁਭਾਵਿਕ ਸੀ ਕਿ ਇਨ੍ਹਾਂ ਤੋਂ ਪੰਜਾਬੀ ਸਾਹਿਤ ਅਤੇ ਭਾਸ਼ਾ ਬਾਰੇ ਸਵਾਲ ਪੁੱਛੇ ਜਾਂਦੇ।
‘‘ਤੁਸੀਂ ਪਿਛਲੇ ਇਕ ਦੋ ਮਹੀਨਿਆਂ ਦੌਰਾਨ ਪੰਜਾਬੀ ਦੀ ਕਿਹੜੀ ਕਿਤਾਬ ਪੜ੍ਹੀ ਹੈ?’’ ਇਹ ਸਵਾਲ ਸਾਰੇ ਵਿਦਿਆਰਥੀਆਂ ਨੂੰ ਪੁੱਛਿਆ ਗਿਆ। ਮੈਨੂੰ ਹੈਰਾਨੀ ਹੋਈ ਸਭ ਦਾ ਜਵਾਬ ਨਾਂਹ ਵਿੱਚ ਸੀ।
‘‘ਤੁਸੀਂ ਕਦੇ ਕੋਈ ਨਾਵਲ, ਕਹਾਣੀ ਜਾਂ ਕਵਿਤਾ ਸੰਗ੍ਰਹਿ ਪੜ੍ਹਿਆ ਵੀ ਹੈ’’ ਮੇਰਾ ਅੱਗਲਾ ਸਵਾਲ ਸੀ।
‘‘ਜੀ, ਅਸੀਂ ਤਾਂ ਸਿਰਫ਼ ਸਿਲੇਬਸ ਨਾਲ ਸਬੰਧਤ ਨੋਟਿਸ ਹੀ ਪੜ੍ਹੇ ਹਨ, ਕਦੇ ਕੋਈ ਵਾਧੂ ਕਿਤਾਬ ਨਹੀਂ ਪੜ੍ਹੀ’’ ਲਗਪਗ 90 ਫੀਸਦੀ ਵਿਦਿਆਰਥੀਆਂ ਦਾ ਜਵਾਬ ਸੀ।
‘‘ਤੁਸੀਂ ਪੰਜਾਬੀ ਸਾਹਿਤ ਦੇ ਵਿਦਿਆਰਥੀ ਹੋ। ਇਹ ਦਸੋ ਕਿ ਪਿਛਲੇ ਡੇਢ ਦਹਾਕੇ ਵਿੱਚ ਕਿਹੜੇ-ਕਿਹੜੇ ਨਾਵਲਕਾਰ, ਕਹਾਣੀਕਾਰ ਅਤੇ ਕਵੀ ਸਥਾਪਤ ਹੋਏ ਹਨ?’’ ਜਵਾਬ ਬੜਾ ਹਾਸੋਹੀਣ ਸੀ। ਨਾਨਕ ਸਿੰਘ, ਅੰਮ੍ਰਿਤਾ ਪ੍ਰੀਤਮ, ਜਸਵੰਤ ਸਿੰਘ ਕੰਵਲ, ਸ਼ਿਵ ਕੁਮਾਰ ਬਟਾਲਵੀ ਅਤੇ ਸੁਰਜੀਤ ਪਾਤਰ ਆਦਿ ਕੁੱਝ ਲੇਖਕਾਂ ਦੇ ਨਾਂ ਲਏ ਗਏ। ਪਿਛਲੇ 15 ਵਰ੍ਹਿਆਂ ਦੌਰਾਨ ਕਿਹੜੇ-ਕਿਹੜੇ ਸਾਹਿਤਕਾਰ ਪੰਜਾਬੀ ਸਾਹਿਤ ਵਿੱਚ ਸਥਾਪਿਤ ਹੋਏ। ਕਿਸੇ ਨੂੰ ਵੀ ਨਹੀਂ ਪਤਾ ਨਹੀਂ ਸੀ।
‘‘ਪੰਜਾਬੀ ਸਾਹਿਤ ਨਾਲ ਸਬੰਧਤ ਮੈਗਜ਼ੀਨਾਂ ਦੇ ਨਾਮ ਦੱਸੋ?’’
ਹੈਰਾਨੀ ਹੋਈ ਕਿ ਕਿਸੇ ਨੇ ਵੀ ‘ਹੁਣ’, ਫਿਲਹਾਲ ਅਤੇ ਸਮਦਰਸ਼ੀ ਆਦਿ ਮੈਗਜ਼ੀਨਾਂ ਦਾ ਨਾਮ ਨਹੀਂ ਲਿਆ।
ਬਹੁਤੇ ਵਿਦਿਆਰਥੀਆਂ ਨੂੰ ਪੰਜਾਬ ਵਿੱਚੋਂ ਨਿਕਲ ਰਹੇ ਪੰਜਾਬੀ ਅਖ਼ਬਾਰਾਂ ਦੇ ਨਾਮ ਵੀ ਨਹੀਂ ਪਤਾ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਬਾਰੇ ਵੀ ਪੰਜ-ਸੱਤ ਵਿਦਿਆਰਥੀਆਂ ਨੂੰ ਛੱਡਕੇ ਕਿਸੇ ਨੂੰ ਕੁੱਝ ਨਹੀਂ ਪਤਾ ਸੀ। ਉਸ ਵੇਲੇ ਤਾਂ ਹੋਰ ਵੀ ਹੈਰਾਨੀ ਹੋਈ ਜਦੋਂ ਕੁਰੂਕੇਸ਼ਤਰ ਯੂਨੀਵਰਸਿਟੀ ਤੋਂ ਐਮ ਫਿਲ ਕਰਕੇ ਆਈ ਇਕ ਕੁੜੀ ਨੇ ਕਿਹਾ ਕਿ ਉਸ ਦੇ ਸਿਕਸਟੀ ਨਾਈਨ ਪਰਸੈਂਟ ਨੰਬਰ ਸਨ ‘‘ਸਿਕਸਟੀ ਨਾਈਨ ਨੂੰ ਪੰਜਾਬੀ ਵਿੱਚ ਦੱਸੋ’’ ਮੈਂ ਕਿਹਾ। ਕਾਫੀ ਤੁਕੇ ਲਾਉਣ ਤੋਂ ਬਾਅਦ ਵੀ ਉਹ ਇਹ ਨਹੀਂ ਦੱਸ ਸੱਕੀ ਕਿ ਸਿਕਸਟੀ ਨਾਈਨ ਨੂੰ ਪੰਜਾਬੀ ਵਿੱਚ ਉਨੱਤਰ ਕਹਿੰਦੇ ਹਨ। ਬਾਕੀ ਸਾਹਿਤ ਅਕਾਦਮੀ ਦੇ ਇਨਾਮਾਂ ਬਾਰੇ ਵੀ ਘੱਟ ਹੀ ਵਿਦਿਆਰਥੀਆਂ ਨੂੰ ਜਾਣਕਾਰੀ ਸੀ। ਵਿਦਿਆਰਥੀਆਂ ਦੇ ਆਮ ਗਿਆਨ ਅਤੇ ਚਲੰਦ ਮਾਮਲਿਆਂ ਦੀ ਜਾਣਕਾਰੀ ਬਾਰੇ ਜਵਾਬ ਨੇ ਮੈਨੂੰ ਬਹੁਤ ਨਿਰਾਸ਼ ਕੀਤਾ।
ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਜੇ ਇਹ ਲੋਕ ਜੋ ਐਮ.ਏ. ਪੰਜਾਬੀ ਕਰਦੇ ਹਨ ਅਤੇ ਪੰਜਾਬੀ ਦੇ ਪ੍ਰਾਅਧਿਆਪਕ ਲੱਗਣ ਦੀ ਇੱਛਾ ਰੱਖਦੇ ਹਨ। ਇਹ ਲੋਕ ਸਾਹਿਤ ਕਿਉਂ ਨਹੀਂ ਪੜ੍ਹਦੇ। ਫਿਰ ਸਾਹਿਤ ਕੌਣ ਪੜ੍ਹ ਰਿਹਾ ਹੈ। ਪੰਜਾਬੀ ਵਿੱਚ ਅੱਜ-ਕੱਲ੍ਹ ਹਰ ਵਰ੍ਹੇ ਸੈਂਕੜੇ ਪੁਸਤਕਾਂ ਛੱਪ ਰਹੀਆਂ ਹਨ। ਪ੍ਰਕਾਸ਼ਕ ਅਮੀਰ ਹੋ ਰਹੇ ਹਨ। ਸਾਹਿਤਕਾਰ ਵੱਧ ਰਹੇ ਹਨ। ਹਰ ਹਫਤੇ ਅਖ਼ਬਾਰਾਂ ਵਿੱਚ ਪੁਸਤਕਾਂ ਦੀ ਘੁੰਡ-ਚੁਕਾਈ ਬਾਰੇ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਹਨ। ਅਖ਼ਬਾਰਾਂ ਦੇ ਐਤਵਾਰੀ ਅੰਕਾਂ ਵਿੱਚ ਸਾਹਿਤ ਸਮੀਖਿਆ ਦੇ ਕਾਲਮ ਅਧੀਨ ਅਨੇਕਾਂ ਕਿਤਾਬਾਂ ਦੇ ਰਿਵਿਊ ਛਪਦੇ ਹਨ। ਫਿਰ ਪਾਠਕ ਕਿੱਥੇ ਹਨ? ਪਾਠਕ ਕੌਣ ਹਨ? ਕੀ ਆਮ ਲੋਕਾਂ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਹੈ। ਜੇ ਹੈ ਤਾਂ ਕਿੰਨੀ ਕੁ ਗਿਣਤੀ ਵਿੱਚ ਹੋਣਗੇ ਅਜਿਹੇ ਲੋਕ? ਮੈਂ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਅਧਿਆਪਕਾਂ ਨੂੰ ਪੁੱਛਦਾ ਰਹਿੰਦਾ ਹਾਂ। ਮੈਨੂੰ ਦੁੱਖ ਹੈ ਕਿ ਬਹੁਤ ਘੱਟ ਗਿਣਤੀ ਵਿੱਚ ਅਧਿਆਪਕ ਹਨ, ਜੋ ਸਾਹਿਤ ਵਿੱਚ ਰੁਚੀ ਰੱਖਦੇ ਹਨ। ਪਟਿਆਲੇ ਲਾਗੇ ਬਹਾਦਰਗੜ੍ਹ ਸਕੂਲ ਵਿੱਚ ਪੜ੍ਹਾ ਰਹੀ ਇਕ ਅਧਿਆਪਕਾ ਦਾ ਜਵਾਬ ਤਾਂ ਸਾਨੂੰ ਬਹੁਤ ਪ੍ਰੇਸ਼ਾਨ ਕਰ ਗਿਆ ਸੀ, ਉਸ ਦਾ ਕਹਿਣਾ ਸੀ, ‘‘ਸਾਨੂੰ ਪੜ੍ਹਣ ਦੀ ਕੀ ਲੋੜ ਹੈ ਜੋ ਮੈਂ ਬੱਚਿਆਂ ਨੂੰ ਪੜ੍ਹਾਉਣਾ ਹੈ ਉਹ ਮੈਨੂੰ ਪਤਾ ਹੈ। ਮੇਰੇ ਨਤੀਜੇ ਚੰਗੇ ਆਉਂਦੇ ਹਨ। ਬਾਕੀ ਨਾਵਲ ਅਤੇ ਕਹਾਣੀਆਂ ਪੜ੍ਹਨ ਦਾ ਸਾਡੇ ਕੋਲ ਟਾਇਮ ਨਹੀਂ।’’
ਅਜਿਹੀ ਸੋਚ ਵਾਲੇ ਅਧਿਆਪਕ ਭਲਾ ਬੱਚਿਆਂ ਨੂੰ ਸਾਹਿਤ ਪੜ੍ਹਨ ਵਾਲੇ ਰਾਹ ਕਿਵੇਂ ਪਾਉਣਗੇ। ਚੰਗੀਆਂ ਪੁਸਤਕਾਂ ਨੂੰ ਪੜ੍ਹਨ ਪੜ੍ਹਾਉਣ ਦੀ ਰੁਚੀ ਕਿਵੇਂ ਪੈਦਾ ਹੋਵੇ। ਇਸ ਬਾਰੇ ਸਾਡੇ ਦਾਨਿਸ਼ਮੰਦਾਂ ਨੂੰ ਸੋਚਣ ਦੀ ਲੋੜ ਹੈ। ਸਾਡਾ ਫਰਜ਼ ਬਣ ਜਾਂਦਾ ਹੈ ਕਿ ਇਸ ਮੁੱਦੇ ਨੂੰ ਹੋਰ ਗੰਭੀਰਤਾ ਨਾਲ ਲਈਏ। ਸਿਰਫ ਅਖਬਾਰਾਂ ਵਿੱਚ ਬਿਆਨਬਾਜ਼ੀ ਨਾਲ ਕੁੱਝ ਨਹੀਂ ਸੰਵਰਨਾ। ਮੇਰੇ ਖਿਆਲ ਨਾਲ ਸਾਡੇ ਅਧਿਆਪਕ ਵਰਗ ਨੂੰ ਇਸ ਪੱਖੋਂ ਹੋਰ ਸੁਚੇਤ ਹੋ ਕੇ ਕੰਮ ਕਰਨ ਦੀ ਲੋੜ ਹੈ।
ਪਿਛਲੇ ਦਿਨਾਂ ਵਿੱਚ ਫਰੀਦਕੋਟ, ਬਠਿੰਡਾ ਅਤੇ ਪਟਿਆਲਾ ਆਦਿ ਸ਼ਹਿਰਾਂ ਵਿੱਚ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਲਈ ਹੋ ਰਹੇ ਸਮਾਗਮਾਂ ਅਤੇ ਸਰਗਰਮੀਆਂ ਤੋਂ ਇਹ ਆਸ ਬੱਝਦੀ ਹੈ ਕਿ ਜਿਵੇਂ ਆਮ ਲੋਕ ਪੰਜਾਬੀ ਦੇ ਹੱਕ ਵਿੱਚ ਉਠ ਰਹੇ ਹਨ, ਉਸੇ ਤਰ੍ਹਾਂ ਸਾਡੇ ਅਧਿਆਪਕ ਬੱਚਿਆਂ ਨੂੰ ਪੰਜਾਬੀ ਸਾਹਿਤ ਪੜ੍ਹਣ ਲਈ ਪ੍ਰੇਰਤ ਕਰਨਗੇ। ਇਹ ਪ੍ਰੇਰਨਾ ਉਸ ਵੇਲੇ ਹੀ ਪ੍ਰਭਾਵਸ਼ਾਲੀ ਹੋਵੇਗੀ ਜਦੋਂ ਅਧਿਆਪਕ ਖੁਦ ਚੰਗੇ ਪਾਠਕ ਬਣਕੇ ਵਿਖਾਉਣਗੇ।

Send this to a friend