ਕਾਂਗਰਸ ਨਾਸਤਕ ਲੋਕਾਂ ਦੀ ਪਾਰਟੀ : ਸੁਖਬੀਰ

ਅਕਾਲੀ ਦਲ ਨੂੰ ਫਖਰ ਹੈ ਕਿ ਸ. ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਿਆ

ਸ਼੍ਰੀ ਅਨੰਦਪੁਰ ਸਾਹਿਬ, 1 ਮਾਰਚ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਥੇ ਵੀਰਵਾਰ ਨੂੰ ਹੋਲੇ ਮਹੱਲੇ ’ਤੇ ਅਕਾਲੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਕਾਂਗਰਸ ਨਾਸਤਕ ਲੋਕਾਂ ਦੀ ਪਾਰਟੀ ਹੈ ਅਤੇ ਇਸ ਨੇ ਕਿਸੇ ਵੀ ਧਾਰਮਿਕ ਸਥਾਨ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਫ਼ਖਰ ਹੈ ਕਿ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਲਈ ਸਰਦਾਰ ਪਰਕਾਸ਼ ਸਿੰਘ ਬਾਦਲ ਨੇ 2 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਸਨ। ਉਹਨਾਂ ਕਿਹਾ ਕਿ ਕਿੰਨੀ ਸ਼ਰਮ ਦੀ ਗਲ ਹੈ ਕਿ ਵਿਤ ਮੰਤਰੀ ਮਨਪ੍ਰੀਤ ਬਾਦਲ ਇਸ ਨਿਵੇਕਲੀ ਅਤੇ ਨੇਕ ਸੇਵਾ ਨੂੰ ਫਜ਼ੂਲਖਰਚੀ ਕਹਿ ਰਿਹਾ ਹੈ।
ਇਥੇ ਹੋਲਾ ਮੁਹਲਾ ਦੇ ਪਵਿਤਰ ਮੌਕੇ ਉਤੇ ਇਕ ਭਾਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਿਰਫ ਉਹਨਾਂ ਕੌਮਾਂ ਨੇ ਤਰਕੀ ਕੀਤੀ ਕਿ ਜਿਹਨਾਂ ਨੇ ਆਪਣੇ ਸਭਿਆਚਾਰ ਅਤੇ ਵਿਰਾਸਤ ਨੂੰ ਸੰਭਾਲਿਆ।ਉਹਨਾਂ ਕਿਹਾ ਕਿ ਬਾਦਲ ਸਾਹਿਬ ਨੇ ਵਿਰਾਸਤੇ-ਖਾਲਸਾ, ਛੋਟਾ ਅਤੇ ਵਡਾ ਘਲੂਘਾਰਾ ਦੀਆਂ ਯਾਦਗਾਰਾਂ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਅਤੇ ਅੰਮ੍ਰਿਤਸਰ ਵਿਖੇ ਵਿਰਾਸਤੀ ਮਾਰਗ ਨੂੰ ਤਿਆਰ ਕਰਵਾਇਆ। ਉਹਨਾਂ ਕਿਹਾ ਕਿ ਅਜ ਸਾਡੇ ਬਚੇ ਆਪਣੇ ਸ਼ਾਨਦਾਰ ਅਮੀਰ ਵਿਰਸੇ ਬਾਰੇ ਜਾਣਨ ਲਈ ਇਹਨਾਂ ਯਾਦਗਾਰਾਂ ਨੂੰ ਵੇਖਣ ਆਉਂਦੇ ਹਨ। ਆਪਣੀਆਂ ਜੜ੍ਹਾਂ ਨਾਲ ਦੁਬਾਰਾ ਜੁੜਣ ਵਾਸਤੇ ਦੁਨੀਆਂ ਭਰ ਤੋਂ ਹਜ਼ਾਰਾਂ ਹੀ ਪੰਜਾਬੀ ਵਿਰਾਸਤੇ-ਖਾਲਸਾ ਦੇ ਦਰਸ਼ਨ ਕਰ ਚੁਕੇ ਹਨ। ਉਹਨਾਂ ਕਿਹਾ ਕਿ ਇਹ ਕਹਿਣਾ ਕਿ ਇਹਨਾਂ ਆਲਮੀ ਪਧਰ ਦੀਆਂ ਯਾਦਗਾਰਾਂ ਨੂੰ ਤਿਆਰ ਕਰਕੇ ਪੈਸੇ ਦੀ ਬਰਬਾਦੀ ਕੀਤੀ ਗਈ ਹੈ, ਸਚਮੁਚ ਹੀ ਬੇਹਦ ਸ਼ਰਮਨਾਕ ਗਲ ਹੈ।ਸਰਦਾਰ ਬਾਦਲ ਨੇ ਕਿਹਾ ਕਿ ਆਪਣੇ ਸਭਿਆਚਾਰ ਅਤੇ ਵਿਰਾਸਤ ਦਾ ਸਨਮਾਨ ਨਾ ਕਰਨ ਵਾਲੀ ਸਰਕਾਰ ਤੋਂ ਅਜਿਹੀ ਆਸ ਹੀ ਰਖੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਬਣਨ ਮਗਰੋਂ ਵੀ ਸ੍ਰੀ ਦਰਬਾਰ ਸਾਹਿਬ ਮਥਾ ਟੇਕਣ ਨਹੀਂ ਸਨ ਗਏ।  ਹਾਲ ਹੀ ਵਿਚ ਜਦੋਂ ਉਹਨਾਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੀਟਿੰਗ ਕੀਤੀ ਸੀ, ਉਸ ਸਮੇਂ ਵੀ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਜਾਣ ਵਾਸਤੇ ਵਕਤ ਨਹੀਂ ਕਢਿਆ।  ਕਾਂਗਰਸ ਸਰਕਾਰ ਬਾਰੇ ਬੋਲਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਦੇਣੀ ਜਾਰੀ ਰਖੀ ਸੀ, ਜਦਕਿ ਕਾਂਗਰਸ ਸਰਕਾਰ ਜਲਦੀ ਹੀ ਕਿਸਾਨਾਂ ਉਤੇ ਬਿਜਲੀ ਦੇ ਬਿਲ ਲਾਉਣ ਦੀ ਤਿਆਰੀ ਕਰੀ ਬੈਠੀ ਹੈ ।
ਉਹਨਾਂ ਕਿਹਾ ਕਿ ਇਸ ਸਰਕਾਰ ਨੇ ਤਾਂ 800 ਸਕੂਲਾਂ ਨੂੰ ਵੀ ਤਾਲਾ ਜੜ ਦਿਤਾ ਹੈ। ਇਹ ਪੰਜਾਬ ਵਿਚ ਹੋਣ ਵਾਲਾ ਸਾਲਾਨਾ ਵਿਸ਼ਵ ਕਬਡੀ ਕਪ ਕਰਾਉਣ ਤੋਂ ਵੀ ਇਨਕਾਰ ਕਰ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਕਰਕੇ ਹੀ ਅਕਾਲੀ ਦਲ ਨੇ ਆ ਰਹੇ ਬਜਟ ਸੈਸ਼ਨ ਦੇ ਪਹਿਲੇ ਹੀ ਦਿਨ ਸਰਕਾਰ ਨੂੰ ਕੁੰਭਕਰਨੀ ਨੀਂਦ ਵਿਚੋਂ ਜਗਾਉਣ ਲਈ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਦਸਿਆ ਕਿ ਕਿਸ ਤਰ੍ਹਾਂ ਸਾਰੇ ਕੰਮ ਕਾਰ ਰੁਕੇ ਪਏ ਹਨ। ਉਹਨਾਂ ਕਿਹਾ ਕਿ ਆਪਣਾ ਕੋਈ ਵੀ ਵਾਅਦਾ ਪੂਰਾ ਕਰਨ ਦੀ ਥਾਂ ਉਲਟਾ ਕਾਂਗਰਸ ਸਰਕਾਰ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ  ਵਲੋਂ ਲੋਕਾਂ ਨੂੰ ਦਿਤੀਆਂ ਸਹੂਲਤਾਂ ਵੀ ਖੋਹ ਲਈਆਂ ਹਨ। ਇਸ ਮੌਕੇ ਉਤੇ ਬੋਲਦਿਆਂ ਸ੍ਰੀ ਆਨੰਦਪੁਰ ਸਾਹਿਬ ਦੇ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗਲ ਹੈ ਕਿ ਸੂਬਾਈ ਵਜ਼ਾਰਤ ਨੇ ਹਾਲ ਹੀ ਵਿਚ ਫੈਸਲਾ ਕੀਤਾ ਹੈ ਕਿ ਇਹ ਸੂਬੇ ਅੰਦਰ ਗੁੰਡਾ ਟੈਕਸ ਅਤੇ ਗੈਰਕਾਨੂੰਨੀ ਖਣਨ ਦੀ ਆਗਿਆ ਨਹੀਂ ਦੇਵੇਗੀ। ਉਹਨਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਪਿਛਲੇ ਇਕ ਸਾਲ ਤੋਂ ਇਹ ਦੋਵੇਂ ਗਤੀਵਿਧੀਆਂ ਬੇਰੋਕ ਜਾਰੀ ਰਹੀਆਂ ਹਨ।ਉਹਨਾਂ ਵਿਚ ਪੰਜਾਬ ਵਿਚ ਪ੍ਰਸਾਸ਼ਨ ਦੀ ਹਾਲਤ ਇਹ ਹੈ ਕਿ ਕਰਮਚਾਰੀਆਂ ਨੂੰ ‘ਮੁਖ ਮੰਤਰੀ ਦੀ ਤਲਾਸ਼ ਹੈ‘ ਦਾ ਨੋਟਿਸ ਜਾਰੀ ਕਰਨਾ ਪਿਆ ਹੈ, ਕਿਉਂਕਿ  ਉਹ ਮਹੀਨਿਆਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸ਼ਕਲ ਵੀ ਨਹੀਂ ਦੇਖ ਪਾਏ ਹਨ। ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਦਸਿਆ ਕਿ ਕਿਸ ਤਰ੍ਹਾਂ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਮੁਕੰਮਲ ਕਰਜ਼ਾ ਮੁਆਫੀ, ਘਰ ਘਰ ਨੌਕਰੀ ਅਤੇ ਸਮਾਜ ਭਲਾਈ ਦੇ ਲਾਭਾਂ ਵਿਚ ਵਾਧੇ ਆਦਿ ਤੋਂ ਮੁਕਰ ਚੁਕੀ ਹੈ। ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਗੁਲਜ਼ਾਰ ਸਿੰਘ ਰਣੀਕੇ, ਮਦਨ ਮੋਹਨ ਮਿਤਲ, ਚਰਨਜੀਤ ਸਿੰਘ ਅਟਵਾਲ, ਬੀਬੀ ਜੰਗੀਰ ਕੌਰ, ਸੋਹਣ ਸਿੰਘ ਠੰਡਲ, ਮਨਜੀਤ ਸਿੰਘ ਜੀਕੇ ਅਤੇ ਮਨਜਿੰਦਰ ਸਿੰਘ ਸਿਰਸਾ ਸ਼ਾਮਿਲ ਸਨ।

Send this to a friend