ਬਠਿੰਡਾ, 15 ਜੁਲਾਈ (ਪੀ.ਟੀ.)- ਬਠਿੰਡਾ ਦੇ ਪਾਵਰ ਹਾਊਸ ਰੋਡ ‘ਤੇ ਸਥਿਤ ਜਿੰਦਲ ਹਾਰਟ ਇੰਸਟੀਚਿਊਟ ‘ਚ ਇਕ ਨਰਸ ਨੇ ਫਾਹਾ ਲਾ ਕੇ ਆਤਮਹੱਤਿਆ ਕਰ ਲਈ। ਉਹ ਹਸਪਤਾਲ ਦੇ ਹੋਸਟਲ ‘ਚ ਆਪਣੇ ਕਮਰੇ ‘ਚ ਮ੍ਰਿਤਕ ਪਾਈ ਗਈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਮ੍ਰਿਤਕ ਨਰਸ ਦੀ ਰੂਮ ਮੇਟ ਕਮਰੇ ‘ਚ ਗਈ ਤਾਂ ਉਸ ਨੇ ਆਪਣੀ ਸਹੇਲੀ ਨੂੰ ਪੱਖੇ ਨਾਲ ਲਟਕਦਾ ਦੇਖਿਆ। ਉਸ ਨੇ ਤੁਰੰਤ ਇਸ ਦੀ ਸੂਚਨਾ ਹਸਪਤਾਲ ਦੇ ਡਾਕਟਰਾਂ ਨੂੰ ਦਿੱਤੀ। ਡਾਕਟਰਾਂ ਨੇ ਪੁਲਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਸ ਨੇ ਲੜਕੀ ਦੀ ਮਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ। ਅਮਨਦੀਪ ਮਾਨਸਾ ਦੀ ਅਨਾਜ ਮੰਡੀ ਦੀ ਰਹਿਣ ਵਾਲੀ ਹੈ ਅਤੇ ਪਿਛਲੇ 10 ਮਹੀਨਿਆਂ ਤੋਂ ਜਿੰਦਲ ਹਾਰਟ ਇੰਸਟੀਚਿਊਟ ‘ਚ ਨਰਸ ਵਜੋਂ ਕੰਮ ਕਰ ਰਹੀ ਸੀ। ਉਹ ਹਸਪਤਾਲ ‘ਚ ਬਣੇ ਕਮਰੇ ‘ਚ ਰਹਿੰਦੀ ਸੀ। ਮ੍ਰਿਤਕਾ ਦੀ ਰੂਮ ਮੇਟ ਨੇ ਦੱਸਿਆ ਕਿ ਰਾਤ ਨੂੰ ਜਦੋਂ ਉਹ ਆਪਣੀ ਡਿਊਟੀ ‘ਤੇ ਗਈ ਤਾਂ ਅਮਨਦੀਪ ਨੇ ਖੁਦ ਨੂੰ ਫਾਂਸੀ ਲਗਾ ਲਈ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਮ੍ਰਿਤਕ ਨਰਸ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਨਰਸ ਦਾ ਮੋਬਾਇਲ ਫੋਨ ਵੀ ਕਬਜ਼ੇ ‘ਚ ਲੈ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮੋਬਾਇਲ ਫੋਨ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਰਸ ਵਲੋਂ ਕੀਤੀਆਂ ਗਈਆਂ ਕਾਲਾਂ ਦੀ ਡੀਟੇਲ ਵੀ ਕਢਾਈ ਜਾ ਰਹੀ ਹੈ। ਪੁਲਸ ਨੂੰ ਉਮੀਦ ਹੈ ਕਿ ਆਤਮਹੱਤਿਆ ਦੇ ਕਾਰਨਾਂ ਦਾ ਪਤਾ ਲਗਾਉਣ ਵਿਚ ਨਰਸ ਦਾ ਮੋਬਾਇਲ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ।



