’84 ਦਾ ਸਿੱਖ ਕਤਲ-ਏ-ਆਮ ਇੱਕ ਵਾਰ ਮੁੜ ਚਰਚਾ ਵਿੱਚ

ਬੀਤੇ ਦਿਨੀਂ ਨਵੰਬਰ-84 ਦੇ ਸਿੱਖ ਕਤਲ-ਏ-ਆਮ ਲਈ ਗਰਦਾਨੇ ਜਾਂਦੇ ਇੱਕ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਵਲੋਂ ਇਕ ਨਿਜੀ ਟੀਵੀ ਚੈਨਲ ਪੁਰ ਹੋਈ ਗਲਬਾਤ ਦੌਰਾਨ ਦਾਅਵਾ ਕੀਤਾ ਗਿਆ ਕਿ ਜਦੋਂ ਨਵੰਬਰ-84 ਵਿੱਚ ਦਿੱਲੀ ਵਿੱਚ ਸਿੱਖਾਂ ਦੀਆਂ ਹਤਿਆਵਾਂ ਹੋ ਰਹੀਆਂ ਸਨ, ਉਸ ਸਮੇਂ ਰਾਜੀਵ ਗਾਂਧੀ ਨੇ ਸਿੱਖ ਹਤਿਆਵਾਂ ਤੋਂ ਪ੍ਰਭਾਵਿਤ ਇਲਾਕਿਆਂ ਦੇ ਹਾਲਾਤ ਦਾ ਜਾਇਜ਼ਾ ਲੈਣ (ਹਾਲਾਤ ਨੂੰ ਸੰਭਾਲਣ) ਲਈ ਦੌਰਾ ਕੀਤਾ ਸੀ, ਉਸ ਸਮੇਂ ਉਹ (ਜਗਦੀਸ਼ ਟਾਈਟਲਰ) ਵੀ ਉਨ੍ਹਾਂ ਨਾਲ ਸੀ। ਜਗਦੀਸ਼ ਟਾਈਟਲਰ ਦੇ ਇਸ ਦਾਅਵੇ ਨੂੰ ਅਕਾਲੀ ਨੇਤਾਵਾਂ ਨੇ ਪਕੜ, ਸ਼ੰਕਾ ਪ੍ਰਗਟ ਕਰ ਦਿੱਤੀ ਕਿ ਇਸਤੋਂ ਤਾਂ ਇਹ ਗਲ ਸਾਬਤ ਹੋ ਜਾਂਦੀ ਹੈ ਕਿ ਸਿੱਖ ਕਤਲ-ਏ-ਆਮ ਵਿੱਚ ਰਾਜੀਵ ਗਾਂਧੀ ਦੀ ਸਰਗਰਮ ਭੂਮਿਕਾ ਰਹੀ ਸੀ, ਜਿਸਦੇ ਚਲਦਿਆਂ ਗਾਂਧੀ ਪਰਿਵਾਰ ਪੁਰ ਸਿੱਖ ਕਤਲ-ਏ-ਆਮ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਅਜੇ ਇਹ ਚਰਚਾ ਚਲ ਹੀ ਰਹੀ ਸੀ ਕਿ ਜਗਦੀਸ਼ ਟਾਈਟਲਰ ਦੀ ਇੱਕ ਕਥਤ ਵੀਡੀਓ-ਕਲਿਪ ਸਾਹਮਣੇ ਆ ਗਈ, ਜਿਸ ਵਿੱਚ ਉਹ ਸਿੱਖ ਕਤਲ-ਏ-ਆਮ ਵਿੱਚ ਆਪਣੀ ਭੂਮਿਕਾ ਹੋਣਾ ਸਵੀਕਾਰ ਕਰ ਰਿਹਾ ਹੈ। ਜਿਸਦੀ ਜਾਂਚ ਕਰਵਾਏ ਜਾਣ ਦਾ ਆਦੇਸ਼ ਸੀਬੀਆਈ ਅਦਾਲਤ ਵਲੋਂ ਦੇ ਦਿੱਤਾ ਗਿਆ ਦਸਿਆਂ ਜਾਂਦਾ ਹੈ। ਅਜੇ ਇਨ੍ਹਾਂ ‘ਉਦਘਾਟਨਾਂ’ ਪੁਰ ਵਿਵਾਦ ਚਲ ਹੀ ਰਿਹਾ ਸੀ ਕਿ ਪੰਜਾਬ ਕਾਂਗ੍ਰਸ ਦੀ ਸਰਕਾਰ ਦੇ ਮੁੱਖੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਾਗ ਦਿੱਤਾ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਦਿੱਲੀ ਵਿੱਚ ਸਿਖਾਂ ਦਾ ਕਤਲ-ਏ-ਆਮ ਸ਼ੁਰੂ ਹੋਇਆ ਸੀ ਉਸ ਸਮੇਂ ਰਾਜੀਵ ਗਾਂਧੀ ਦਿੱਲੀ ਵਿੱਚ ਨਾ ਹੋ, ਕਲਕੱਤਾ ਤੋਂ 150 ਕਿਲੋਮੀਟਰ ਦੂਰ, ਚੋਣ ਦੌਰੇ ਪੁਰ ਸਨ। ਉਨ੍ਹਾਂ ਦੇ ਦਾਅਵੇ ਨੂੰ ਚੁਨੌਤੀ ਦਿੰਦਿਆਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੇ ਪਤ੍ਰਕਾਰ ਸੰਮੇਲਨ ਵਿੱਚ ਸਾਬਕਾ ਰਾਸ਼ਟਰਪਤੀ, ਪ੍ਰਣਬ ਮੁਕਰਜੀ, ਜੋ ਉਸ ਸਮੇਂ ਕੇਂਦ੍ਰੀ ਮੰਤ੍ਰੀ ਸਨ, ਦੀ ਪੁਸਤਕ ਦੇ, ਉਹ ਅੰਸ਼ ਅਤੇ ਸਮੇਂ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਜੋ ਵਿਦੇਸ਼ ਤੋਂ ਵਾਪਸ ਆ ਹਵਾਈ ਅੱਡੇ ਤੋਂ ਸਿਧੇ ਆਲ ਇੰਡੀਆ ਮੈਡਿਕਲ ਵਿੱਚ ਦਾਖਲ (ਜ਼ਖਮੀ) ਇੰਦਿਰਾ ਗਾਂਧੀ (ਉਸ ਸਮੇਂ ਤਕ ਇੰਦਿਰਾ ਗਾਂਧੀ ਦੀ ਮੌਤ ਹੋ ਜਾਣ ਦਾ ਅਧਿਕਾਰਤ ਐਲਾਨ ਨਹੀਂ ਸੀ ਕੀਤਾ ਗਿਆ ਹੋਇਆ) ਦਾ ਪਤਾ ਕਰਨ ਜਾ ਪਹੁੰਚੇ ਸਨ, ਜਿਥੇ ਉਨ੍ਹਾਂ ਦੀ ਕਾਰ ਅਤੇ ਸੁਰਖਿਆ ਦਸਤੇ ਪੁਰ ਹੋਏ ਹਮਲੇ ਵਿੱਚ ਨੁਕਸਾਨੀ ਕਾਰ ਅਤੇ ਸੁਰਖਿਆ ਕਾਫਲੇ ਦੇ ਜ਼ਖਮੀ ਸਿੱਖ ਫੋਜੀ ਦੇ ਉਹ ਫੋਟੋ ਜਾਰੀ ਕਰ ਦਿੱਤੇ, ਜਿਨ੍ਹਾਂ ਤੋਂ ਸਾਬਤ ਹੋ ਜਾਂਦਾ ਸੀ ਕਿ ਰਾਜੀਵ ਗਾਂਧੀ ਦੇ ਦਿੱਲੀ ਪੁਜਣ ਤੋਂ ਬਾਅਦ ਹੀ ਸਿੱਖ ਕਤਲ-ਏ-ਆਮ ਸ਼ੁਰੂ ਹੋਇਆ।
ਜਿਥੋਂ ਤਕ ਸਿੱਖ ਕਤਲ-ਏ-ਆਮ ਵਿੱਚ ਰਾਜੀਵ ਗਾਂਧੀ ਦੀ ਸਰਗਰਮ ਭੂਮਿਕਾ ਹੋਣ ਦੀ ਗਲ ਹੈ, ਉਹ ਤਾਂ ਉਸੇ ਸਮੇਂ ਸਾਬਤ ਹੋ ਗਈ ਸੀ, ਜਦੋਂ ਰਾਜੀਵ ਨੇ ਇਹ ਆਖ, ਕਿ ‘ਜਬ ਕੋਈ ਬੜਾ ਦਰਖਤ ਗਿਰਤਾ ਹੈ ਤੋ ਧਰਤੀ ਹਿਲਤੀ ਹੀ ਹੈ’ ਸਿੱਖ ਕਤਲ-ਏ-ਆਮ ਨੂੰ ਜਾਇਜ਼ ਕਰਾਰ ਦੇ ਦਿੱਤਾ ਸੀ। ਇਸਤੋਂ ਬਿਨਾਂ ਉਸ ਸਮੇਂ ਇਹ ਚਰਚਾ ਵੀ ਸੁਣਨ ਨੂੰ ਮਿਲ ਰਹੀ ਸੀ ਕਿ ਜਿਸ ਸਮੇਂ ਉਹ (ਰਾਜੀਵ) ਕਲਕਤਾ ਤੋਂ ਦਿੱਲੀ ਹਵਾਈ ਅੱਡੇ ਪੁਰ ਪੁਜੇ ਤਾਂ ਆਪਣੇ ਸਵਾਗਤ ਵਿੱਚ ਉਥੇ ਪੁਜੀ ਕਾਂਗ੍ਰਸੀਆਂ ਦੀ ਭੀੜ ਨੂੰ ਡਾਂਟਦਿਆਂ ਉਨ੍ਹਾਂ ਕਿਹਾ ਕਿ ‘ਤੁਮ ਯਹਾਂ ਕਿਆ ਕਰ ਰਹੇ ਹੋ, (ਜਬਕਿ) ਵਹਾਂ ਮੇਰੀ ਮਾਂ (ਇੰਦਿਰਾ ਗਾਂਧੀ) ਕਤਲ ਕਰ ਦੀ ਗਈ ਹੈ’। ਇਸਦੇ ਨਾਲ ਹੀ ਰੇਡੀਓ ਅਤੇ ਦੂਰਦਰਸ਼ਨ ਪੁਰ ‘ਖੂਨ ਕਾ ਬਦਲਾ ਖੂਨ’ ਦੇ ਨਾਹਰੇ ਗੂੰਜਣ ਲਗੇ। ਉਸੇ ਦੌਰਾਨ ਆਲ ਇੰਡੀਆ ਮੈਡੀਕਲ ਦੇ ਬਾਹਰ ਸਮੇਂ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਕਾਰ ਅਤੇ ਉਨ੍ਹਾਂ ਦੇ ਸੁਰਕਿਆ ਦਸਤੇ ਪੁਰ ਹਮਲਾ ਹੋਇਆ ਤੇ ਨਾਲ ਹੀ ਉਸੇ ਇਲਾਕੇ ਵਿੱਚ ਸਿੱਖਾਂ ਪੁਰ ਹਮਲੇ ਸ਼ੁਰੂ ਹੋਣ ਦੀਆਂ ਖਬਰਾਂ ਵੀ ਸੁਣਾਈ ਦੇਣ ਲਗ ਪਈਆਂ। ਅੱਖ ਝਪਕਦਿਆਂ ਹੀ ਦੇਸ਼ ਭਰ, ਵਿਸ਼ੇਸ਼ ਰੂਪ ਵਿੱਚ ਕਾਂਗ੍ਰਸੀ ਸੱਤਾ-ਅਧੀਨ ਰਾਜਾਂ ਵਿੱਚ ਸਿੱਖਾਂ ਪੁਰ ਹਮਲੇ ਹੋਣ ਅਤੇ ਉਨ੍ਹਾਂ ਦੀ ਚਲ-ਅਚਲ ਜਾਇਦਾਦ ਲੁਟੇ ਅਤੇ ਸਾੜੇ ਜਾਣ ਦੀਆਂ ਖਬਰਾਂ ਆਣ ਲਗ ਪਈਆਂ। ਜਿਥੇ-ਕਿਥੇ, ਸੜਕਾਂ ਪੁਰ ਚਲਦਿਆਂ ਕੇਸਾਂ ਅਤੇ ਪਗੜੀ-ਧਾਰੀ ਵੇਖਿਆ ਪਕੜ, ਘਰਾਂ-ਦੁਕਾਨਾਂ, ਬਸਾਂ, ਗਡੀਆਂ ਵਿਚੋਂ ਖਿੱਚ ਬਾਹਰ ਕਢ, ਗਲ ਵਿੱਚ ਟਾਇਰ ਪਾ, ਪਟਰੋਲ ਆਦਿ ਜਲਣਸ਼ੀਲ ਪਦਾਰਥ ਛਿੜਕ ਅੱਗ ਲਾ ਦਿੱਤੀ ਜਾਂਦੀ।
ਜੁਆਬ ਦੀ ਤਲਾਸ਼ ਵਿੱਚ ਸੁਆਲ : ਜਿਸਤਰ੍ਹਾਂ ਸਮੁਚੇ ਦੇਸ਼ ਵਿਚ ਸਿੱਖਾਂ ਦੇ ਕਤਲੇਆਮ ਲਈ ਇਕੋ-ਜਿਹੀ ਤਕਨੀਕ ਅਪਨਾਈ ਗਈ। ਜਿਵੇਂ ਕਿ ਇਕ ਪਾਸੇ ਸਿੱਖਾਂ ਦੇ ਗਲ ਵਿਚ ਟਾਇਰ ਪਾ, ਜਲਣਸ਼ੀਲ ਪਦਾਰਥ, ਪੈਟਰੋਲ ਆਦਿ ਛਿੜਕ ਉਨ੍ਹਾਂ ਨੂੰ ਸਾੜਿਆ ਜਾਂਦਾ ਰਿਹਾ ਤੇ ਦੂਜੇ ਪਾਸੇ ਛੋਟੇ-ਵੱਡੇ ਬਾਜ਼ਾਰਾਂ ਵਿਚ ਹਿੰਸਕ ਭੀੜ ‘ਪਹਿਲਾਂ ਤੋਂ ਹੀ ਤਿਆਰ ਸੂਚੀਆਂ’ ਲੈ, ਸਿੱਖਾਂ ਦੇ ਘਰਾਂ, ਦੁਕਾਨਾਂ, ਫੈਕਟਰੀਆਂ ਆਦਿ ਨੂੰ ਲੁਟਦੀ ਅਤੇ ਸਾੜਦੀ ਰਹੀ, ਦੇਸ਼ ਦੇ ਨਾਗਰਿਕਾਂ ਦੇ ਜਾਨ-ਮਾਲ ਦੀ ਰਖਿਅਕ, ਦੇਸ਼ ਦੀ ਪੁਲਿਸ ਤਮਾਸ਼ਬੀਨ ਬਣੀ, ਸਾਰੇ ਲੁਟਮਾਰ ਤੇ ਕਤਲੇ-ਆਮ ਦੇ ਕਾਂਡ ਨੂੰ ਜਾਂ ਤਾਂ ਵੇਖਦੀ ਜਾਂ ਫਸਾਦੀਆਂ ਦੀ ਮਦਦ ਕਰਦੀ ਰਹੀ, ਉਸਤੋਂ ਇਹ ਸੁਆਲ ਉਠਣਾ ਸੁਭਾਵਕ ਹੈ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਤੁਰੰਤ ਹੀ, ਇਕੋ ਸਮੇਂ ਸਮੁਚੇ ਦੇਸ਼ ਵਿਚ ਕਿਵੇਂ ਸਿੱਖਾਂ ਨੂੰ ਮਾਰਨ ਤੇ ਉਨ੍ਹਾਂ ਦੀਆਂ ਜਾਇਦਾਦਾਂ ਲੁਟਣ ਤੇ ਸਾੜਨ ਲਈ, ਹਿੰਸਕ ਭੀੜ ਨੂੰ, ਇਹ ਸਭ ਕੁਝ, ਪਟਰੋਲ ਤੇ ਦੂਜੇ ਜਲਣਸ਼ੀਲ ਪਦਾਰਥ, ਟਾਇਰ ਤੇ ਸਿੱਖਾਂ ਦੇ ਘਰਾਂ, ਦੁਕਾਨਾਂ, ਫੈਕਟਰੀਆਂ ਆਦਿ ਦੀਆਂ ਸੂਚੀਆਂ ਉਪਲਬਧ ਕਰਵਾ ਦਿਤੀਆਂ ਗਈਆਂ? ਕਿਤੇ ਅਜਿਹਾ ਘਲੂਘਾਰਾ ‘ਕਿਸੇ ਵਿਸ਼ੇਸ਼’ ਸਮੇਂ ਤੇ ਵਰਤਾਣ ਲਈ ਪਹਿਲਾਂ ਤੋਂ ਹੀ ਕੀਤੀ ਗਈ ਹੋਈ ਤਿਆਰੀ ਤਾਂ ਨਹੀਂ ਸੀ? ਇਹ ਤਾਂ ਨਹੀਂ ਕਿ ਕੁਝ ਦਿਨਾਂ ਬਾਅਦ ਹੀ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਦੇਸ਼ ਭਰ ਵਿੱਚ ਵੱਖ-ਵੱਖ ਥਾਂਵਾਂ ਤੇ ਹੋਣ ਵਾਲੇ ਭਰਵੇਂ ਇਕੱਠਾਂ ਵਿਚ ਇਕ ਭਿਆਨਕ ਸਾਕਾ ਵਰਤਾਣ ਲਈ ਇਹ ਤਿਆਰੀ ਕੀਤੀ ਗਈ ਹੋਈ ਸੀ? ਜਿਸਨੂੰ ਇੰਦਰਾ ਗਾਂਧੀ ਦੀ ਅਚਾਨਕ ਹਤਿਆ ਹੋ ਜਾਣ ਕਾਰਣ ਸਮੇਂ ਤੋਂ ਪਹਿਲਾਂ ਹੀ ਵਰਤਾਣਾ ਪੈ ਗਿਆ?
ਗੁਰਦੁਆਰਾ ਸੁਧਾਰ ਲਹਿਰ : ਦਿੱਲੀ ਦੇ ਇੱਕ ਸੀਨੀਅਰ ਅਕਾਲੀ ਆਗੂ, ਭੂਪਿੰਦਰ ਸਿੰਘ ਸਾਧੂ, ਜੋ ਇਸ ਸਮੇਂ ਕਾਰੋਬਾਰੀ ਉਦੇਸ਼ਾਂ ਲਈ ਵਿਦੇਸ਼ ਵਿੱਚ ਹਨ, ਨੇ ‘ਨਨਕਾਣਾ ਸਾਹਿਬ ਸਾਕੇ’ ਦੀ ਸਾਲਾਨਾ ਯਾਦ ਦੇ ਮੌਕੇ ਤੇ ਜਾਰੀ ਆਪਣੇ ਸੰਦੇਸ਼ ਵਿੱਚ ਕਿਹਾ ਕਿ ਕੋਈ ਸਮਾਂ ਸੀ, ਜਦੋਂ ਸਿੱਖ ਆਪਣੇ ਗੁਰਧਾਮਾਂ ਪੁਰ ਰਾਜਸੀ ਪਰਛਾਵਾਂ ਤਕ ਪੈਣਾ ਵੀ ਸਹਿਣ ਨਹੀਂ ਸੀ ਕਰ ਸਕਦੇ। ਕਾਰਣ ਇਹ ਸੀ ਕਿ ਜਿਥੇ ਦੂਸਰੇ ਧਰਮਾਂ ਨਾਲ ਸੰਬੰਧਤ ਸੰਸਥਾਵਾਂ ਕੇਵਲ ਇੱਕੋ ਧਰਮ ਵਿਸ਼ੇਸ਼ ਦੀਆਂ ਹੀ ਮੰਨੀਆਂ ਜਾਂਦੀਆਂ ਹਨ, ਉਥੇ ਸਿੱਖਾਂ ਦੀਆਂ ਧਾਰਮਕ ਸੰਸਥਾਵਾਂ ਗੁਰੂ ਸਹਿਬਾਨ ਦੀਆਂ ਸਿਖਿਆਵਾਂ ਤੇ ਉਪਦੇਸ਼ਾਂ ਅਨੁਸਾਰ ਸਰਬ-ਸਾਂਝੀਆਂ ਸਵੀਕਾਰੀਆਂ ਜਾਂਦੀਆਂ ਹਨ। ਜਿਸ ਕਾਰਣ ਸਿੱਖਾਂ ਨੇ ਕਦੀ ਵੀ ਨਹੀਂ ਚਾਹਿਆ ਕਿ ਅਜਿਹੇ ਲੋਕੀ ਗੁਰਧਾਮਾਂ ਦੇ ਪ੍ਰਬੰਧ ਪੁਰ ਹਾਵੀ ਹੋ ਜਾਣ, ਜੋ ਨਿਜ ਸੁਆਰਥ ਅਧੀਨ ਸਿੱਖੀ ਦੀਆਂ ਸਥਾਪਤ ਮਾਨਤਾਵਾਂ ਦਾ ਹੀ ਘਾਣ ਕਰਨ ਤੇ ਤੁਲ ਜਾਣ। ਸ. ਸਾਧੂ ਨੇ ਹੋਰ ਕਿਹਾ ਕਿ ਜਦੋਂ ਕਦੀ ਸਿੱਖਾਂ ਦੇ ਵੇਖਣ-ਸੁਣਨ ਵਿੱਚ ਆਉਂਦਾ ਕਿ ਉਨ੍ਹਾਂ ਦੀਆਂ ਧਾਰਮਕ ਸੰਸਥਾਵਾਂ, ਗੁਰਦੁਆਰਿਆਂ ਦੀ ਪਵਿਤ੍ਰਤਾ ਅਤੇ ਮਾਣ-ਮਰਿਆਦਾ ਕਾਇਮ ਰਖਣ ਦੇ ਜ਼ਿਮੇਂਦਾਰਾਂ ਨੇ ਰਾਜਨੈਤਿਕ ਸਰਪ੍ਰਸਤੀ ਪ੍ਰਾਪਤ ਕਰ ਆਪਣੀ ਜ਼ਿਮੇਂਦਾਰੀ ਇਮਾਨਦਾਰੀ ਨਾਲ ਨਿਭਾਉਣ ਦੀ ਬਜਾਏ, ਗੁਰ-ਅਸਥਾਨਾਂ ਦੀ ਨਿਜ ਹਿਤਾਂ ਲਈ ਵਰਤੋਂ ਕਰਨੀ ਸ਼ੁਰੂ ਕਰ, ਉਨ੍ਹਾਂ ਦੀ ਪਵਿਤ੍ਰਤਾ ਭੰਗ ਕਰਨ ਦੇ ਨਾਲ ਹੀ ਦੁਰਾਚਾਰ ਵਿੱਚ ਲਿਪਤ ਹੁੰਦੇ ਜਾ ਰਹੇ ਹਨ, ਤਾਂ ਉਨ੍ਹਾਂ ਦੇ ਦਿਲ ਵਿੱਚ ਚੀਸਾਂ ਉਠਣੀਆਂ ਸ਼ੁਰੂ ਹੋ ਜਾਂਦੀਆਂ। ਉਨ੍ਹਾਂ ਕਿਹਾ ਕਿ ਪਰ ਹੁਣ ਬੀਤੇ ਕੁਝ ਵਰ੍ਹਿਆਂ ਤੋਂ ਇਉਂ ਜਾਪਣ ਲਗਾ ਹੈ ਕਿ ਸਰਵੁੱਚ ਸਵੀਕਾਰੀਆਂ ਜਾਂਦੀਆਂ ਧਾਰਮਕ ਸੰਸਥਾਵਾਂ ਵਿਵਾਦਾਂ ਦੇ ਘੇਰੇ ਵਿੱਚ ਆਉਣ ਲਗ ਪਈਆਂ ਹਨ। ਜਿਸ ਕਾਰਣ ਉਨ੍ਹਾਂ ਦੀ ਸਰਵੁੱਚਤਾ ਪੁਰ ਪ੍ਰਸ਼ੰਨ-ਚਿੰਨ੍ਹ ਲਾਏ ਜਾਣ ਲਗੇ ਹਨ। ਉਨ੍ਹਾਂ ਅਨੁਸਾਰ ਹੁਣ ਤਾਂ ਇਉਂ ਜਾਪਣ ਲਗਾ ਹੈ, ਜਿਵੇਂ ਪੁਰਾਣੇ ਮਹੰਤਾਂ ਦੀ ਥਾਂ ਨਵੇਂ ਮਹੰਤਾਂ ਨੇ ਲੈ ਲਈ ਹੈ, ਜੋ ਉਨ੍ਹਾਂ ਨਾਲੋਂ ਕਿਤੇ ਵੱਧ ਆਚਰਣਹੀਨ ਹਨ। ਪਹਿਲੇ ਮਹੰਤਾਂ ਨੂੰ ਕੇਵਲ ਅੰਗ੍ਰੇਜ਼ੀ ਸਾਮਰਾਜ ਦੀ ਸਰਪ੍ਰਸਤੀ ਹਾਸਲ ਸੀ, ਜਿਸ ਕਾਰਣ ਲੋਕ ਉਨ੍ਹਾਂ ਦੇ ਕੁਕਰਮਾਂ ਵਿਰੁਧ ਉਠ ਖਲੋਤੇ ਸਨ, ਪਰ ਅਜੋਕੇ ਮਹੰਤਾਂ ਨੂੰ ਤਾਂ ਉਨ੍ਹਾਂ ਲੋਕਾਂ ਦੀ ਵੀ ਸਰਪ੍ਰਸਤੀ ਹਾਸਲ ਹੈ, ਜੋ ਸਿੱਖੀ ਦੇ ਰਖਵਾਲੇ ਹੋਣ ਦੇ ਦਾਅਵੇ ਕਰਦੇ ਰਹਿੰਦੇ ਹਨ।
ਅਤੇ ਅੰਤ ਵਿੱਚ : ਸ. ਸਾਧੂ ਦੇ ਉਪ੍ਰੋਕਤ ਕਥਨ ਦੀ ਰੋਸ਼ਨੀ ਵਿੱਚ, ਜੇ ਅੱਜ ਦੇ ਹਾਲਾਤ ਦੀ ਬੀਤੇ ਸਮੇਂ ਦੇ ਹਾਲਾਤ ਨਾਲ ਤੁਲਨਾ ਕੀਤੀ ਜਾਏ ਤਾਂ ਕੀ ਇਉਂ ਨਹੀਂ ਜਾਪਦਾ ਕਿ ਜਿਵੇਂ ਇਤਿਹਾਸ ਮੁੜ ਆਪਣੇ-ਆਪਨੂੰ ਦੁਹਰਾ ਰਿਹਾ ਹੈ ਅਤੇ ਇਤਿਹਾਸ ਦੇ ਇਸੇ ਦੁਹਰਾਉ ਨੂੰ ਵੇਖਦਿਆਂ, ਇਹ ਸੁਆਲ ਨਹੀਂ ਉਠਦਾ ਕਿ ਕੀ ਸ਼ਰਧਾਲੂ ਸਿੱਖਾਂ ਲਈ ਨਵੇਂ ਮਹੰਤਾਂ ਤੋਂ ਗੁਰਧਾਮਾਂ ਨੂੰ ਆਜ਼ਾਦ ਕਰਵਾਣ ਤੇ ਸਿੱਖੀ ਨੂੰ ਲਗ ਰਹੀ ਢਾਹ ਨੂੰ ਠਲ੍ਹ ਪਾਣ ਲਈ, ਗੁਰਦੁਆਰਾ ਸੁਧਾਰ ਅਤੇ ਸਿੰਘ ਸਭਾ ਲਹਿਰ ਵਰਗੀ ਕੋਈ ਨਵੀਂ ਲਹਿਰ ਮੁੜ ਸ਼ੁਰੂ ਕਰਨਾ ਸਮੇਂ ਦੀ ਇਕ ਜ਼ਰੂਰੀ ਮੰਗ ਬਣ ਗਈ ਹੋਈ ਹੈ।

Send this to a friend