ਅੰਮ੍ਰਿਤਸਰ, 18 ਫਰਵਰੀ-‘ਆਸਟਰੇਲੀਆ ਖੇਤੀ, ਖੇਡਾਂ ਅਤੇ ਸੈਰ ਸਪਾਟਾ ਸਨਅਤ ਵਿਚ ਪੰਜਾਬ ਦਾ ਸਹਿਯੋਗ ਕਰਨ ਲਈ ਰਾਜ਼ੀ ਹੈ ਅਤੇ ਛੇਤੀ ਹੀ ਇੰਨਾਂ ਖੇਤਰਾਂ ਵਿਚ ਸੰਭਾਵਨਾਵਾਂ ਤਲਾਸ਼ਣ ਲਈ ਪੰਜਾਬ ਤੋਂ ਉਚ ਪੱਧਰੀ ਵਫਦ ਆਸਟਰੇਲੀਆ ਭੇਜਿਆ ਜਾਵੇਗਾ।’ ਉਕਤ ਸਬਦਾਂ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਮਾਮਾਲੇ ਮੰਤਰੀ ਪੰਜਾਬ ਸ. ਨਵਜੋਤ ਸਿੰਘ ਸਿੱਧੂ ਨੇ ਆਸਟਰੇਲੀਆ ਦੇ ਹਾਈ ਕਮਿਸ਼ਨਰ ਮੈਡਮ ਹਰਿੰਦਰ ਸਿੱਧੂ, ਜੋ ਕਿ ਅੰਮ੍ਰਿਤਸਰ ਦੇ ਦੌਰੇ ’ਤੇ ਆਏ ਹੋਏ ਸਨ, ਨਾਲ ਵਿਸਥਾਰਤ ਮੀਟਿੰਗ ਮਗਰੋਂ ਪ੍ਰੈਸ ਮਿਲਣੀ ਵਿਚ ਕੀਤਾ। ਸ. ਸਿੱਧੂ ਨੇ ਕਿਹਾ ਕਿ ਆਸਟਰੇਲੀ ਖੇਡ ਤਕਨੀਕ ਤੇ ਖੇਤੀ ਉਤਪਾਦਾਂ ਦੀ ਵਿਸ਼ਵ ਪੱਧਰੀ ਮਾਰਕਟਿੰਗ ਲਈ ਆਪਣੀ ਪਛਾਣ ਬਣਾ ਚੁੱਕਾ ਹੈ ਅਤੇ ਆਸਟਰੇਲੀਆ ਦੇ ਸਾਥ ਨਾਲ ਸਾਬਕਾ ਹਾਕੀ ਕਪਤਾਨ ਸ. ਪ੍ਰਗਟ ਸਿੰਘ ਅਤੇ ਸੁਖਬੀਰ ਸਿੰਘ ਗਰੇਵਾਲ ਆਸਟਰੇਲੀਆ ਨਾਲ ਰਾਬਤਾ ਰੱਖ ਰਹੇ ਹਨ ਅਤੇ ਆਸਟਰੇਲੀਆ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਮੁਹਾਲੀ ਤੋਂ ਇਲਾਵਾ ਪਟਿਆਲਾ ਵਿਖੇ ਬਣਨ ਵਾਲੀ ਨਵੀਂ ਖੇਡ ਯੂਨੀਵਰਸਿਟੀ ਲਈ ਆਸਟਰੇਲੀਆ ਖੇਡ ਤਕਨੀਕ, ਕੋਚਾਂ ਨੂੰ ਸਿਖਲਾਈ ਅਤੇ ਖਿਡਾਰੀਆਂ ਨੂੰ ਖੇਡ ਹੁਨਰ ਦੇਣ ਵਿਚ ਪੰਜਾਬ ਦਾ ਸਹਿਯੋਗ ਦੇਵੇਗਾ। ਸ. ਸਿੱਧੂ ਨੇ ਕਿਹਾ ਕਿ ਇਸ ਤੋਂ ਇਲਾਵਾ ਆਸਟਰੇਲੀਆ ਦਾ ਸੈਰ ਸਪਾਟਾ ਵਿਭਾਗ ਪੰਜਾਬ ਦੇ ਸੈਰ-ਸਪਾਟਾ ਸਨਅਤ ਨੂੰ ਵਿਸ਼ਵ ਪੱਧਰ ’ਤੇ ਪਹੁੰਚਾਉਣ ਵਿਚ ਮਦਦ ਕਰੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ, ਅਸ਼ੀਸ ਸ਼ਰਮਾ ਡਾਇਰੈਕਟਰ ਆਸਟਰੇਲੀਆ ਵਪਾਰ ਅਤੇ ਨਿਵੇਸ਼ ਕਮਿਸ਼ਨ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ ਅਤੇ ਆਸਟਰੇਲੀਆ ਦੇ ਕਈ ਅਧਿਕਾਰੀ ਵੀ ਹਾਜ਼ਰ ਸਨ।
ਆਸਟਰੇਲੀਆ ਖੇਤੀ, ਖੇਡਾਂ ਅਤੇ ਸੈਰ ਸਪਾਟਾ ਵਿਚ ਪੰਜਾਬ ਦਾ ਸਹਿਯੋਗ ਕਰਨ ਲਈ ਤਿਆਰ



