ਚੰਡੀਗੜ੍ਹ – ਕਲਗੀਧਰ ਸੇਵਕ ਜਥੇ ਵਲੋਂ ਚੰਡੀਗੜ੍ਹ ਦੇ ਸੈਕਟਰ 43 ਦੇ ਬੱਸ ਅੱਡੇ ਵਿੱਚ ਧਰਨਾ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਇਕ ਸਿੱਖ ਡ੍ਰਾਈਵਰ ਦੀ ਪੱਗ ਉਤਾਰਨ ਵਾਲੇ ਪੁਲੀਸ ਮੁਲਾਜਮਾਂ ਵਿਰੁੱਧ ਸਖਤ ਕਾਰਵਾਈ ਕੀਤੀਜਾਵੇ| ਇਸ ਮੌਕੇ ਸੰਬੋਧਨ ਕਰਦਿਆਂ ਜਥੇ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਕਿ ਬੀਤੇ ਦਿਨੀਂ ਸੈਕਟਰ 15 ਵਿਚ ਚੰਡੀਗੜ੍ਹ ਪੁਲੀਸ ਦੇ ਮੁਲਾਜਮਾਂ ਵਲੋਂ ਸਿੱਖ ਡ੍ਰਾਈਵਰ ਸਤਬੀਰ ਸਿੰਘ ਵਸਨੀਕ ਬਲੌਂਗੀ ਦੀ ਭਾਰੀ ਕੁੱਟਮਾਰ ਕਰਕੇ ਉਸਦੀ ਪੱਗ ਉਤਾਰ ਕੇ ਪੱਗ ਦੀ ਬੇਅਦਬੀ ਕਰ ਦਿੱਤੀ ਸੀ| ਕਿਸੇ ਵਿਅਕਤੀ ਨੇ ਇਸ ਪੂਰੀ ਘਟਨਾ ਦੀ ਵੀਡੀਓ ਰਿਕਾਰਡਿੰਗ ਕਰਕੇ ਸ਼ੋਸਲ ਮੀਡੀਆ ਉਪਰ ਪਾ ਦਿਤੀ ਜੋ ਕਿ ਵਾਇਰਲ ਹੋ ਗਈ| ਇਸ ਘਟਨਾ ਕਾਰਨ ਪੂਰੀ ਦੁਨੀਆਂ ਵਿੱਚ ਹੀ ਵਸਦੇ ਸਿੱਖਾਂ ਵਿੱਚ ਰੋਸ ਦੀ ਲਹਿਰ ਫੈਲ ਗਈ| ਉਹਨਾਂ ਕਿਹਾ ਕਿ ਜੇ ਇਸ ਡ੍ਰਾਈਵਰ ਨੇ ਕੋਈ ਗਲਤੀ ਕੀਤੀ ਸੀ ਤਾਂ ਕਾਨੂੰਨ ਅਨੁਸਾਰ ਉਸ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਸੀ ਪਰ ਪੁਲੀਸ ਮੁਲਾਜਮਾਂ ਨੇ ਉਸਦੀ ਜਨਤਕ ਤੌਰ ਤੇ ਕੁਟਮਾਰ ਕਰਕੇ ਉਸਦੀ ਪੱਗ ਉਤਾਰ ਕੇ ਪੱਗ ਦੀ ਵੀ ਬੇਅਦਬੀ ਕੀਤੀ | ਉਹਨਾਂ ਮੰਗ ਕੀਤੀ ਕਿ ਇਸ ਸਿੱਖ ਡ੍ਰਾਈਵਰ ਦੀ ਪੱਗ ਦੀ ਬੇਅਦਬੀ ਕਰਨ ਅਤੇ ਜਨਤਕ ਤੌਰ ਤੇ ਕੁਟਮਾਰ ਕਰਨ ਵਾਲੇ ਪੁਲੀਸ ਮੁਲਾਜਮਾਂ ਵਿਰੁਧ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ| ਉਹਨਾਂ ਚਿਤਾਵਨੀ ਦਿੱਤੀ ਕਿ ਜੇ ਇਹਨਾਂ ਪੁਲੀਸ ਮੁਲਾਜਮਾਂ ਵਿਰੁੱਧ ਜਲਦੀ ਹੀ ਕਾਰਵਾਈ ਨਾ ਕੀਤੀ ਗਈ ਤਾਂ ਜਲਦੀ ਹੀ ਵੱਡਾ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ| ਇਸ ਧਰਨੇ ਵਿੱਚ ਵੱਖ ਵੱਖ ਵਾਹਨਾਂ ਦੇ ਡ੍ਰਾਈਵਰ ਭਾਈਚਾਰੇ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ|
ਸਿੱਖ ਡਰਾਇਵਰ ਦੀ ਪੱਗ ਦੀ ਬੇਅਦਬੀ ਕਰਨ ਵਿਰੁੱਧ ਕਲਗੀਧਰ ਸੇਵਕ ਜਥੇ ਵਲੋਂ ਧਰਨਾ



