ਲਿੰਗਾਇਤ, ਮੁਸਲਿਮ, ਇਸਾਈ, ਸਿੱਖ, ਦਲਿਤ, ਪੱਛੜੇ ਅਤੇ ਕਬੀਲੇ ਇੱਕ ਥਾਂ ਜੁੜੇ
ਫ਼ਤਹਿਗੜ੍ਹ ਸਾਹਿਬ, 14 ਫਰਵਰੀ- “ਬੇਸ਼ਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 1995 ਤੋਂ ਹੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਹਰ ਸਾਲ ਨਿਰੰਤਰ 12 ਫਰਵਰੀ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮਨਾਉਦੇ ਹੋਏ ਪੰਜਾਬੀਆਂ ਅਤੇ ਸਿਖ ਕੌਮ ਉਤੇ ਹੋਣ ਵਾਲੇ ਜ਼ਬਰ-ਜੁਲਮ ਵਿਰੁਧ ਆਵਾਜ਼ ਬੁਲੰਦ ਕਰਨ ਦੇ ਨਾਲ-ਨਾਲ ਸੰਤਾਂ ਦੀ ਸੋਚ ‘ਤੇ ਅਧਾਰਿਤ ਆਪਣਾ ਖ਼ਾਲਿਸਤਾਨ ਸਟੇਟ ਕਾਇਮ ਕਰਨ ਲਈ ਆਪਣੀ ਮੰਜ਼ਿਲ ਵਲ ਅਗੇ ਵਧਣ ਹਿਤ ਜਮਹੂਰੀਅਤ ਅਤੇ ਅਮਨਮਈ ਲੀਹਾਂ ਤੇ ਸੰਘਰਸ਼ ਕਰਦਾ ਆ ਰਿਹਾ ਹੈ, ਪਰ ਜੋ ਇਸ ਸਾਲ 12 ਫਰਵਰੀ 2018 ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਪਵਿਤਰ ਅਤੇ ਸ਼ਹੀਦਾਂ ਦੀ ਧਰਤੀ ਉਤੇ ਦੀਵਾਨ ਟੋਡਰ ਮਲ ਹਾਲ ਵਿਖੇ ਸੰਤ ਜੀ ਦਾ 71ਵਾਂ ਜਨਮ ਦਿਹਾੜਾ ਪੂਰੀ ਸ਼ਾਨੋ-ਸੌਕਤ ਅਤੇ ਸਰਧਾ ਨਾਲ ਮਨਾਉਦੇ ਹੋਏ ਸਮਾਗਮ ਹੋਇਆ ਹੈ, ਇਸਨੇ ਉਚੇਚੇ ਤੌਰ ‘ਤੇ ਅਤੇ ਫੈਸਲਾਕੁੰਨ ਨਤੀਜਾ ਕਢਦੇ ਹੋਏ ਲਿੰਗਾਇਤ, ਮੁਸਲਿਮ, ਇਸਾਈ, ਸਿਖ ਧਰਮ ਦੇ ਨਾਲ-ਨਾਲ ਦਲਿਤਾਂ, ਪਛੜੇ ਵਰਗਾਂ, ਕਬੀਲਿਆਂ ਤੋਂ ਇਲਾਵਾ ਬਾਮਸੇਫ਼, ਭਾਰਤੀ ਮੁਕਤੀ ਪਾਰਟੀ, ਮੁਸਲਿਮ ਪ੍ਰਸ਼ਨਲ ਲਾਅ ਬੋਰਡ, ਹੁਰੀਅਤ ਕਾਨਫਰੰਸ ਅਤੇ ਇਥੋਂ ਦੀ ਕੁਲ ਆਬਾਦੀ ਦੇ 85% ਮੂਲ ਨਿਵਾਸੀਆ ਨੂੰ ਇਕ ਮਜ਼ਬੂਤ ਸਾਂਝਾ ਸਿਆਸੀ ਅਤੇ ਧਾਰਮਿਕ ਪਲੇਟਫਾਰਮ ਪ੍ਰਦਾਨ ਕਰ ਦਿਤਾ ਹੈ । ਜੋ ਕਿ ਪਹਿਲੀ ਵਾਰ ਐਨੇ ਵਡੇ ਪਧਰ ਉਤੇ ਇੰਡੀਆਂ ਦੇ ਵਖ-ਵਖ ਧਰਮਾਂ, ਸੰਗਠਨਾਂ, ਸਿਆਸੀ ਪਾਰਟੀਆਂ ਅਤੇ ਕਬੀਲਿਆਂ ਦੇ ਆਗੂਆਂ ਨੇ ਇਕਤਰ ਹੋ ਕੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਜਿਨ੍ਹਾਂ ਨੂੰ ਹਿੰਦੂਤਵ ਹੁਕਮਰਾਨ, ਮੀਡੀਆ, ਪ੍ਰੈਸ ਮੰਦਭਾਵਨਾ ਅਧੀਨ ਅਤਵਾਦੀ, ਵਖਵਾਦੀ, ਗਰਮਦਲੀਏ ਆਦਿ ਨਾਮ ਦੇ ਕੇ ਬਦਨਾਮ ਕਰਨ ਦੀਆਂ ਕਾਰਵਾਈਆ ਕਰਦਾ ਰਿਹਾ ਹੈ, ਉਨ੍ਹਾਂ ਸੰਤ ਭਿੰਡਰਾਂਵਾਲਿਆਂ ਨੂੰ ਉਪਰੋਕਤ ਸਭ ਆਗੂਆਂ ਤੇ ਧਰਮਾਂ ਨੇ ਮਨੁਖੀ ਕਦਰਾ-ਕੀਮਤਾ ਦਾ ‘ਮਸੀਹਾ‘ ਕਰਾਰ ਦਿੰਦੇ ਹੋਏ ਹਿੰਦੂਤਵ ਦੀ ਗੁਲਾਮੀ ਤੋਂ ਆਜ਼ਾਦੀ ਪ੍ਰਾਪਤ ਕਰਨ ਦਾ ਪ੍ਰਣ ਤੇ ਤਹਈਆ ਵੀ ਕੀਤਾ ਹੈ। ਜੋ ਕਿ ਬਹੁਤ ਹੀ ਦੂਰਅੰਦੇਸ਼ੀ ਵਾਲਾ ਅਤੇ ਆਜ਼ਾਦੀ ਪ੍ਰਾਪਤੀ ਦੀ ਮੰਜ਼ਿਲ ਵਲ ਸਮੂਹਿਕ ਤੌਰ ਤੇ ਸਾਂਝੀਆ ਕਾਰਵਾਈਆ ਨੂੰ ਵਡਾ ਬਲ ਦੇਣ ਦਾ ਮੁਖ ਕਾਰਨ ਬਣ ਚੁਕਿਆ ਹੈ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ 12 ਫਰਵਰੀ ਨੂੰ ਫ਼ਤਹਿਗੜ੍ਹ ਸਾਹਿਬ ਦੀ ਪਵਿਤਰ ਤੇ ਸ਼ਹੀਦੀ ਧਰਤੀ ਉਤੇ ਸਿਖ ਕੌਮ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਐਲਾਨੇ ਗਏ ‘20ਵੀਂ ਸਦੀ ਦੇ ਮਹਾਨ ਸਿਖ‘ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ 71ਵੇਂ ਜਨਮ ਦਿਹਾੜੇ ਦੇ ਹੋਏ ਸਮਾਗਮ ਦੇ ਆਉਣ ਵਾਲੇ ਸਮੇਂ ਵਿਚ ਪ੍ਰਭਾਵਸ਼ਾਲੀ ਅਤੇ ਫੈਸਲਾਕੁੰਨ ਨਤੀਜੇ ਨਿਕਲਣ ਅਤੇ ਕੇਵਲ ਸਿਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦਾ ਕਛ ਇਲਾਕਾ ਹੀ ਨਹੀਂ, ਬਲਕਿ ਪੂਰੇ ਇੰਡੀਆਂ ਦੇ ਖੇਤਰਫ਼ਲ ਹੀ ‘ਖ਼ਾਲਿਸਤਾਨ‘ ਸਟੇਟ ਕਾਇਮ ਹੋਣ ਦਾ ਦਾਅਵਾ ਕਰਦੇ ਹੋਏ ਅਤੇ 85% ਮੂਲ ਨਿਵਾਸੀਆ ਦਾ ਇਸ ਬੇਗਮਪੁਰਾ ਦੀ ਤਰਜ ਤੇ ਬਣਨ ਵਾਲੇ ਖ਼ਾਲਿਸਤਾਨ ਵਿਚ ਸਾਂਝਾ ਰਾਜ ਕਾਇਮ ਹੋਣ ਦੀ ਗਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਭਾਵੇ ਸਿਖ ਕੌਮ ਲੰਮੇ ਸਮੇਂ ਤੋਂ ਇਨਸਾਨੀਅਤ ਅਤੇ ਮਨੁਖੀ ਕਦਰਾ-ਕੀਮਤਾ ਨੂੰ ਮੁਖ ਰਖਕੇ ਕਸ਼ਮੀਰੀਆਂ, ਪੰਜਾਬੀਆਂ, ਸਿਖਾਂ, ਆਦਿਵਾਸੀ ਕਬੀਲਿਆਂ, ਦਲਿਤਾਂ, ਪਛੜੇ ਵਰਗਾਂ, ਕਿਸਾਨਾਂ, ਖੇਤ-ਮਜ਼ਦੂਰਾਂ ਅਤੇ ਮਿਹਨਤਕਸਾ ਆਦਿ ਉਤੇ ਹੋ ਰਹੇ ਜ਼ਬਰ-ਜੁਲਮ ਵਿਰੁਧ ਆਜ਼ਾਦੀ ਦੇ ਮਿਸ਼ਨ ਨੂੰ ਮੁਖ ਰਖਕੇ ਸੰਘਰਸ਼ ਕਰਦੀ ਆ ਰਹੀ ਹੈ । ਪਰ ਸਿਖ ਕੌਮ ਵਲੋਂ ਚਲ ਰਹੇ ਇਸ ਆਜ਼ਾਦੀ ਦੇ ਸੰਘਰਸ਼ ਨੂੰ ਮੁਕਾਰਤਾ ਨਾਲ ਭਰੇ ਹੁਕਮਰਾਨਾਂ ਅਤੇ ਹਿੰਦੂ ਮੀਡੀਏ ਤੇ ਪ੍ਰੈਸ ਵਲੋਂ ਬਦਨਾਮ ਕਰਕੇ ਕਸ਼ਮੀਰੀਆਂ, ਸਿਖਾਂ, ਮੂਲ ਨਿਵਾਸੀਆਂ ਉਤੇ ਤਸਦਦ ਜੁਲਮ ਢਾਹੁਦੀ ਆ ਰਹੀ ਸੀ । ਪਰ ਹੁਣ ਜਦੋਂ ਲਿੰਗਾਇਤ ਧਰਮ ਦੇ ਸੂਝਵਾਨ ਅਤੇ ਦੂਰਅੰਦੇਸ਼ੀ ਰਖਣ ਵਾਲੇ ਮੁਖੀ ਸਵਾਮੀ ਕਨੇਸਵਰ ਅਪਾ, ਬਾਮਸੇਫ਼ ਦੇ ਮੁਖੀ ਸ੍ਰੀ ਵਾਮਨ ਮਹੇਸ਼ਰਮ, ਕਸ਼ਮੀਰੀਆਂ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੀ ਹੁਰੀਅਤ ਕਾਨਫਰੰਸ ਦੀ ਬੀਬੀ ਜਮਰੂਦਾ ਹਬੀਬ, ਮੁਸਲਿਮ ਪਰਸਨਲ ਲਾਅ ਬੋਰਡ ਦੇ ਜਰਨਲ ਸਕਤਰ ਹਜਰਤ ਖਿਆਦ ਨੋਮਾਨੀ ਅਤੇ ਇਸਾਈ ਧਰਮ ਦੇ ਪਾਸਟਰ ਗੁਰਚਰਨ ਮਸੀਹ ਵਲੋਂ ਸੰਤ ਜੀ ਦੇ ਇਸ ਜਨਮ ਦਿਹਾੜੇ ਉਤੇ ਉਚੇਚੇ ਤੌਰ ਤੇ ਪਹੁੰਚਕੇ “ਖ਼ਾਲਿਸਤਾਨ” ਨੂੰ ਦ੍ਰਿੜਤਾ ਨਾਲ ਜਨਤਕ ਤੌਰ ਤੇ ਪ੍ਰਵਾਨਗੀ ਦੇਣ ਦਾ ਐਲਾਨ ਕਰ ਚੁਕੇ ਹਨ ਤਾਂ ਇਸ ਸਾਂਝੇ ਪਲੇਟਫਾਰਮ ਤੋਂ ਹੁਣ ਇਹ ਲਹਿਰ ਕੇਵਲ ਸਿਖ ਵਸੋਂ ਵਾਲੇ ਇਲਾਕਿਆ ਤਕ ਸੀਮਤ ਨਾ ਰਹਿ ਕੇ ਪੂਰੀ ਇੰਡੀਆਂ ਵਿਚ ਇਕ ਅਨੁਸਾਸਿਤ ਤਰੀਕੇ ਨਾਲ ਮੰਜ਼ਿਲ ਵਲ ਤੇਜ਼ੀ ਨਾਲ ਵਧੇਗੀ । ਕਿਉਂਕਿ 6743 ਵਖ-ਵਖ ਜਾਤਾਂ ਵਿਚੋਂ ਇੰਡੀਆਂ ਦੀ 85% ਆਬਾਦੀ ਉਪਰੋਕਤ ਧਰਮਾਂ ਅਤੇ ਸੰਗਠਨਾਂ ਦੀ ਹੈ । ਹੁਣ ਜਦੋਂ ਇੰਡੀਆਂ ਵਿਚ ਰਹਿਣ ਵਾਲੇ 85% ਉਹ ਨਿਵਾਸੀ ਜਿਨ੍ਹਾਂ ਨਾਲ ਮੁਕਾਰਤਾ ਅਤੇ ਫਰੇਬ ਨਾਲ 3% ਬ੍ਰਾਹਮਣਵਾਦੀ ਅਤੇ ਮੰਨੂਸਮ੍ਰਿਤੀ ਦੇ ਮਾਲਕ ਸੋਚ ਵਾਲੇ ਹੁਕਮਰਾਨ ‘ਪਾੜੋ ਤੇ ਰਾਜ ਕਰੋ‘ ਦੀ ਸੋਚ ਅਧੀਨ ਹੁਣ ਤਕ ਰਾਜ ਕਰਦੇ ਆ ਰਹੇ ਹਨ, ਹੁਣ ਉਨ੍ਹਾਂ ਦੀ ਸਿਆਸੀ ਸ਼ਕਤੀ ਦਾ ਸਿਘਾਸ਼ਨ ਪੂਰਨ ਰੂਪ ਵਿਚ ਡੋਲਣ ਲਗ ਪਿਆ ਹੈ ਇਨ੍ਹਾਂ ਫਿਰਕੂ ਅਤੇ ਮੁਕਾਰਤਾ ਨਾਲ ਭਰੇ ਹੁਕਮਰਾਨਾਂ ਨੂੰ ਕਿਸੇ ਸਮੇਂ ਵੀ ਇਹ ਰਾਜ-ਭਾਗ ਅੰਗਰੇਜ਼ਾਂ ਦੀ ਤਰ੍ਹਾਂ ਛਡਕੇ ਜਾਣਾ ਪੈ ਸਕਦਾ ਹੈ।



