ਨਵੀਂ ਦਿੱਲੀ ’ਚ ਕੌਮੀ ਵਕਫ ਵਿਕਾਸ ਨਿਗਮ ਦਾ ਕੀਤਾ ਉਦਘਾਟਨ
ਨਵੀਂ ਦਿੱਲੀ, 29 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਅਤੇ ਪ੍ਰੋਤਸਾਹਨ ਲਈ ਯੂ.ਪੀ.ਏ. ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨਵੀਂ ਦਿੱਲੀ ਵਿੱਚ ਕੌਮੀ ਵਕਫ ਵਿਕਾਸ ਨਿਗਮ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਸ ਨਾਲ ਪਾਰਦਰਸੀ ਢੰਗ ਨਾਲ ਸਮੂਦਾਇਕ ਉਦੇਸ਼ਾਂ ਲਈ ਵਕਫ ਸੰਮਤੀਆਂ ਤੇ ਸਕੂਲ, ਕਾਲਜ, ਹਸਪਤਾਲਾਂ ਨੂੰ ਕਾਇਮ ਕਰਨ ਲਈ ਗਤੀਸ਼ੀਲ ਵਿੱਤ ਸਰੋਤਾਂ ਨੂੰ ਹੱਲਾਸ਼ੇਰੀ ਮਿਲੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਸ਼ ਵਿੱਚ ਘੱਟ ਗਿਣਤੀਆਂ ਦੀ ਭਲਾਈ ਲਈ ਚੁਕਿਆ ਗਿਆ ਇੱਕ ਹੋਰ ਕਦਮ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ 4 ਲੱਖ 90 ਹਜ਼ਾਰ ਤੋਂ ਵੱਧ ਵਕਫ਼ ਸੰਪਤੀਆਂ ਰਜਿਸਟਰਡ ਹਨ ਜਿਨ੍ਹਾਂ ਤੋਂ ਸਾਲਾਨਾ 163 ਕਰੋੜ ਰੁਪਏ ਦੀ ਆਮਦਨ ਹੁੰਦੀ ਹੇੈ। ਸੱਚਰ ਕਮੇਟੀ ਦੀਆਂ ਮੁਲਾਂਕਣ ਮੁਤਾਬਿਕ ਇਨ੍ਹਾਂ ਸੰਪਤੀਆਂ ਦਾ ਵਿਕਾਸ ਕਰਕੇ ਇਨ੍ਹਾਂ ਤੋਂ 12 ਹਜ਼ਾਰ ਕਰੋੜ ਰੁਪਏ ਸਾਲਾਨਾ ਆਮਦਨ ਹੋਣ ਦੀ ਆਸ ਹੈ। ਇਸ ਨਾਲ ਵਕਫ਼ ਸੰਪਤੀ ਦੇ ਪ੍ਰਸ਼ਾਸਨ ਵਿੱਚ ਪਾਰਦਰਸ਼ਿਤਾ ਆਵੇਗੀ। ਉਨ੍ਹਾਂ ਨੇ ਕਿਹਾ ਕਿ ਘੱਟ ਗਿਣਤੀਆਂ ਮਾਮਲਿਆਂ ਬਾਰੇ ਵੱਖਰੇ ਮੰਤਰਾਲਾ ਸਥਾਪਤ ਹੋਇਆ 8 ਸਾਲ ਮੁਕੰਮਲ ਹੋਏ ਹਨ। ਯੂ.ਪੀ.ਏ. ਸਰਕਾਰ ਨੇ ਸਤਾ ਵਿੱਚ ਆਉਣ ਮਗਰੋਂ ਦੋ ਸਾਲਾਂ ਵਿੱਚ ਹੀ ਘੱਟ ਗਿਣਤੀਆਂ ਦੇ ਵਿਕਾਸ ਦੀਆਂ ਵਿਸ਼ੇਸ਼ ਲੋੜਾਂ ’ਤੇ ਧਿਆਨ ਦੇਣ ਲਈ ਹਰ ਸੰਭਵ ਮਦਦ ਦੇਣ ਦਾ ਫੈਸਲਾ ਕਰਦੇ ਹੋਏ ਘੱਟ ਗਿਣਤੀਆ ਬਾਰੇ ਵੱਖਰੇ ਮੰਤਰਾਲੇ ਦਾ ਗਠਨ ਕੀਤਾ ਸੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਹਾਲ ਵਿੱਚ ਹੀ ਵਕਫ਼ ਕਾਨੂੰਨ ਵਿੱਚ ਸੋਧ ਕੀਤੀ ਹੈ ਜਿਸ ਨਾਲ ਕੇਂਦਰੀ ਵਕਫ਼ ਕੌਂਸਿਲ ਨੂੰ ਮਜ਼ਬੂਤੀ ਮਿਲੀ ਹੈ ਤੇ ਇਸ ਨੂੰ ਹੁਣ ਇਹ ਤਾਕਤ ਵੀ ਹਾਸਿਲ ਹੈ ਕਿ ਉਹ ਰਾਜ ਵਕਫ਼ ਬੋਰਡਾਂ ਨੂੰ ਵਕਫ਼ ਸੰਪਤੀਆਂ ਸਬੰਧੀ ਹਦਾਇਤਾਂ ਜਾਰੀ ਕਰ ਸਕਦਾ ਹੈ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਘੱਟ ਗਿਣਤੀਆਂ ਦੀ ਭਲਾਈ ਲਈ ਨਵਾਂ 15 ਸੂਤਰੀ ਪ੍ਰੋਗਰਾਮ ਤੇ ਘੱਟ ਗਿਣਤੀਆਂ ਦੀ ਬਹੁ ਵਸੋਂ ਵਾਲੇ ਖੇਤਰਾਂ ਦੇ ਵਿਕਾਸ ਦਾ ਪ੍ਰੋਗਰਾਮ ਦਾ ਮੰਤਵ ਘੱਟ ਗਿਣਤੀ ਭਾਈਚਾਰੇ ਨੂੰ ਵਿਕਾਸ ਵਿੱਚ ਲੋੜੀਂਦੀ ਹਿੱਸੇਦਾਰੀ ਦੇਣਾ ਹੈ ਉਨ੍ਹਾਂ ਨੇ ਕਿਹਾ ਕਿ ਵਜ਼ੀਫ਼ਾ ਯੋਜਨਾਵਾਂ ਦਾ ਘੱਟ ਗਿਣਤੀ ਵਰਗ ਦੇ ਬੱਚਿਆਂ ਨੂੰ ਚੋਖਾ ਫਾਇਦਾ ਪੁੱਜਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਵਾਡਕੋ ਦੀ ਸਥਾਪਨਾ ਘੱਟ ਗਿਣਤੀ ਮੰਤਰਾਲੇ ਦਾ ਇੱਕ ਵਧੀਆ ਉਪਰਾਲਾ ਹੈ ਤੇ ਉਨ੍ਹਾਂ ਨੂੰ ਯਕੀਨ ਹੈ ਕਿ ਇਹ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਆਰਥਿਕ ਸਮਾਜਿਕ ਵਿਕਾਸ ਵਿੱਚ ਸਹਾਈ ਹੋਵੇਗਾ।