Skip to content
Independent perspectives. Global stories.
BREAKING

ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਦੁਨੀਆਂ ਭਰ ’ਚ ਨਾਮ ਕਮਾਇਆ : ਸੁੰਨੜ

Share this story

ਜਲੰਧਰ, 9 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪਰਵਾਸ ਅਧਿਐਨ ਕੇਂਦਰ, ਪੰਜਾਬ ਵਲੋਂ ਪੰਜਾਬੀ ਦੇ ਬਹੁ-ਪੱਖੀ ਪਰਵਾਸੀ ਲੇਖਕ ਸ. ਸੁਰਿੰਦਰ ਸਿੰਘ ਸੁੰਨੜ ਨਾਲ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੇ ਅਰੰਭ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਕੇਂਦਰ ਦੇ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਨਾਗਰਾ ਨੇ ਸ਼੍ਰੀ ਸੁੰਨੜ ਦਾ ਕਾਲਜ ਵਿਚ ਆਉਣ ਤੇ ਉਨ੍ਹਾਂ ਦਾ ਸੁਆਗਤ ਕੀਤਾ। ਇਸ ਮੌਕੇ ਡਾ. ਸੁਖਦੇਵ ਸਿੰਘ ਨਾਗਰਾ ਨੇ ਸ੍ਰੀ ਸੁੰਨੜ ਵੱਲੋਂ ਪੰਜਾਬੀ ਸ਼ਬਦ ਸਭਿਆਚਾਰਕ ਵਿਚ ਪਾਏ ਵਡਮੁੱਲੇ ਯੋਗਦਾਨ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਆਪਣੇ ਭਾਸ਼ਣ ਦੌਰਾਨ ਸੁੰਨੜ ਸਾਹਿਬ ਨੇ ਆਪਣੇ ਅੰਦਰ ਸੁਲਘਦੀ ਰਚਨਾਤਮਕ ਚੰਗਿਆੜੀ ਨੂੰ ਪ੍ਰਚੰਡ ਕਰਨ ਵਿਚ ਲਾਇਲਪੁਰ ਖ਼ਾਲਸਾ ਦੇ ਅਧਿਆਪਕਾਂ ਅਤੇ ਆਪਣੇ ਸਹਿਪਾਠੀਆਂ ਨੂੰ ਯਾਦ ਕੀਤਾ। ਸ਼੍ਰੀ ਸੁੰਨੜ ਨੇ ਯੂ.ਐਸ.ਏ. ਵਿਚ ਆਰਥਕ ਤੌਰ ਤੇ ਸਥਾਪਿਤ ਹੋਣ ਉਪਰੰਤ ਅਰੰਭੇ ਰਚਨਾਤਮਕ ਕਾਰਜ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਪੰਜਾਬੀ ਭਾਸ਼ਾ, ਸਹਿਤ ਅਤੇ ਸਭਿਆਚਾਰਕ ਦੇ ਮਸਲੇ ਹੀ ਉਹਨਾਂ ਦੇ ਫਿਕੁਰ ਦਾ ਉਭਰਵਾਂ ਹਿੱਸਾ ਹਨ। ਸਮਾਗਮ ਦੇ ਅਖੀਰ ਵਿਚ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਧੰਨਵਾਦੀ ਸ਼ਬਦਾਂ ਵਿਚ ਕਿਹਾ ਕਿ ਸ਼੍ਰੀ ਸੁਰਿੰਦਰ ਸਿੰਘ ਸੁੰਨੜ ਪੰਜਾਬੀ ਦੇ ਸੰਜੀਦਾ ਸੁਹਿਰਦ, ਸੰਵੇਦਨਸ਼ੀਲ, ਸੂਖਮਭਾਵੀ ਅਤੇ ਸਮਰਪਣ ਭਾਵਨਾ ਵਾਲੇ ਲੇਖਕ ਹਨ ਅਤੇ ਉਨ੍ਹਾਂ ਨੇ ਸੰਸਾਰ-ਭਰ ਵਿੱਚ ਘੁੰਮ ਫਿਰ ਕੇ ਇਹ ਮਾਣਮੱਤਾ ਅਨੁਭਵ ਕੀਤਾ ਹੈ ਕਿ ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਦੁਨੀਆ ਭਰ ਵਿੱਚ ਦੇਸ਼ ਕੌਮ ਦਾ ਨਾਮ ਰੋਸ਼ਨ ਕੀਤਾ ਹੈ। ਇਸ ਸਮੇਂ ਤੇ ਕਾਲਜ ਦੇ ਪ੍ਰਿੰਸੀਪਲ .ਡਾ. ਗੁਰਪਿੰਦਰ ਸਿੰਘ ਸਮਰਾ ਨੇ ਸ਼੍ਰੀ ਸੁੰਨੜ ਨੂੰ ਇਕ ਯਾਦਗਾਰੀ ਚਿਨ੍ਹ ਦੇ ਕੇ ਸਨਮਾਨਤ ਕੀਤਾ। ਇਸ ਅਵਸਰ ਤੇ ਕਾਲਜ ਦੇ ਵਿਦਿਆਰਥੀਆਂ ਤੋਂ ਇਲਾਵਾ ਪੰਜਾਬੀ ਵਿਭਾਗ ਦੇ ਅਧਿਆਪਕ ਸਹਿਬਾਨ ਵਿਸ਼ੇਸ਼ ਤੌਰ ਤੇ ਹਾਜਿਰ ਸਨ। ਉਨ੍ਹਾਂ ਵਿਚੋਂ ਡਾ. ਹਰਜਿੰਦਰ ਸਿੰਘ ਸੇਖੋਂ, ਡਾ. ਸੁਰਿੰਦਰਪਾਲ ਮੰਡ, ਪ੍ਰੋ. ਕੁਲਦੀਪ ਸੋਢੀ, ਡਾ. ਨਿਰਮਲ ਜੀਤ ਕੌਰ ਅਤੇ ਪ੍ਰੋ. ਸੁਖਰਾਜ ਕੌਰ ਨੇ ਸ਼੍ਰੀ ਸੁੰਨੜ ਨਾਲ ਸੰਵਾਦ ਵੀ ਰਚਾਇਆ ਜਿਸਨੂੰ ਸ਼੍ਰੀ ਸੁੰਨੜ ਨੇ ਭਾਵਪੂਰਤ ਸ਼ਬਦਾਂ ਨਾਲ ਸੰਪੂਰਨ ਕੀਤਾ।

WRITTEN BY