ਮਮਦੋਟ, 9 ਫਰਵਰੀ (ਲਛਮਣ ਸਿੰਘ ਸੰਧੂ)- ਬਲਾਕ ਮਮਦੋਟ ਅਧੀਨ ਆਉਂਦੇ ਪਿੰਡ ਕੜ੍ਹਮਾ ਵਿਖੇ ਚੋਰਾਂ ਵੱਲੋ ਸਰਕਾਰੀ ਹਾਈ ਸਕੂਲ, ਕੜ੍ਹਮਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਸਕੂਲ ਵਿੱਚ 2 ਐਲ.ਸੀ.ਡੀ. ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁੱਖੀ ਸ੍ਰੀਮਤੀ ਸ਼ਿਵਾਨੀ ਮੋਂਗਾ ਅਤੇ ਰਮਨ ਸ਼ਰਮਾਂ ਸਾਇੰਸ ਅਧਿਆਪਕ ਨੇ ਦੱਸਿਆ ਕਿ 7 ਜਨਵਰੀ ਸ਼ਾਮ ਸਕੂਲ ਛੁੱਟੀ ਹੋ ਜਾਣ ਉਪਰੰਤ ਉਹ ਸਕੂਲ ਦੇ ਤਾਲੇ ਆਪਣੀ ਨਿਗਰਾਨੀ ਹੇਠ ਲਗਵਾ ਕੇ ਗਏ ਸਨ। ਜਦੋਂ ਅੱਜ ਸਵੇਰੇ ਸਕੂਲ ਲੱਗਣ ਦੇ ਸਮੇ ਤੇ ਉਹ ਸਕੂਲ ਪੁਹੰਚੇ ਤਾਂ ਸਕੂਲ ਦੀ ਰਮਸਾ ਬਿਲਡਿੰਗ ਦੇ ਤਾਲੇ ਟੁੱਟੇ ਹੋਏ ਸਨ । ਇਹ ਕਿ ਜਦੋ ਉਹ ਅਤੇ ਸਟਾਫ ਮੈਂਬਰ ਬਿਲਡਿੰਗ ਵਿੱਚ ਪੁਹੰਚੇ ਤਾਂ ਫਸਟ ਫਲੋਰ ਤੇ ਬਣੀ ਆਰ.ਓ.ਟੀ ਲੈਬ ਅਤੇ ਆਈ.ਸੀ.ਟੀ ਲੈਬ ਵਿੱਚ ਲੱਗੀਆ ਦੋ ਐਲ.ਸੀ.ਡੀ ਮੌਜੂਦ ਨਹੀ ਸਨ। ਇਸ ਸਬੰਧੀ ਉਹਨਾ ਨੇ ਐਸ.ਐਮ.ਸੀ ਚੈਅਰਮੈਨ ਸੁਖਜੀਤ ਸਿੰਘ ਉਪਲ ਅਤੇ ਪਿੰਡ ਦੀ ਸਰਪੰਚ ਗੁਰਮੇਲ ਸਿੰਘ ਨੂੰ ਜਾਣੂ ਕਰਵਾਉਣ ਉਪਰੰਤ ਇਸ ਦੀ ਲਿਖਤੀ ਤੌਰ ਤੇ ਸੂਚਨਾ ਪੁਲਿਸ ਸਟੇਸ਼ਨ ਲੱਖੋ ਕੇ ਬਹਿਰਾਮ ਅਤੇ ਜ਼ਿਲ੍ਹਾ ਸਿੱਖਿਆ ਦਫਤਰ (ਸਸ) ਵਿਖੇ ਦੇ ਦਿੱਤੀ ਹੈ। ਇਸ ਸਬੰਧੀ ਜਦੋ ਅਸ਼ੋਕ ਕੁਮਾਰ ਐਸ.ਐਚ.ਓ ਲੱਖੋ ਕੇ ਬਹਿਰਾਮ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਸਬੰਧੀ ਬਣਦੀ ਕਾਰਵਾਈ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਚੋਰ ਜਲਦੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਸ਼ਰਾਰਤੀ ਅਨਸਰਾਂ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਨੂੰ ਸੁਚਿਤ ਕੀਤਾ ਜਾਵੇ ਤਾਂ ਜੋ ਅਜਿਹੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ।
ਪਿੰਡ ਕੜ੍ਹਮਾ ਵਿਖੇ ਚੋਰਾਂ ਨੇ ਬਣਾਇਆ ਸਿੱਖਿਆ ਦੇ ਮੰਦਿਰ ਨੂੰ ਨਿਸ਼ਾਨਾ



