May 2, 2026 10:33 pm

ਦਾਗੀ ਪੁਲਿਸ ਅਫਸਰਾਂ ਦੀ ਸੂਚੀ ਲੋਕਾਂ ’ਚ ਲਿਆਂਦੀ ਜਾਵੇ : ਪੰਜਾਬ ਕਾਂਗਰਸ

ਚੰਡੀਗੜ੍ਹ, 29 ਜਨਵਰੀ (ਵਿਸ਼ਵ ਵਾਰਤਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨਾਂ ਸੁਰਿੰਦਰਪਾਲ ਸਿੰਘ ਸੀਬੀਆ ਤੇ ਕੇਵਲ ਸਿੰਘ ਢਿਲੋਂ ਨੇ ਉਨ੍ਹਾਂ 90 ਦਾਗੀ ਪੁਲਿਸ ਅਫਸਰਾਂ ਦੀ ਸੂਚੀ ਲੋਕਾਂ ’ਚ ਲਿਆਏ ਜਾਣ ਦੀ ਮੰਗ ਕੀਤੀ ਹੈ, ਜਿਨ੍ਹਾਂ ’ਤੇ ਭਾਰਤੀ ਚੋਣ ਕਮਿਸ਼ਨ ਨੇ ਚੋਣਾਂ ਦੌਰਾਨ ਪੱਖਪਾਤੀ ਕੰਮ ਕਰਨ ਸਬੰਧੀ ਟਿੱਪਣੀਆਂ ਕੀਤੀਆਂ ਹਨ। ਕਾਂਗਰਸ ਭਵਨ ਵਿਖੇ ਲੜੀਵਾਰ ਭੁੱਖ ਹੜ੍ਹਤਾਲ ਦੇ 11ਵੇਂ ਦਿਨ ਵਰਤ ’ਤੇ ਬੈਠੇ ਸੀਬੀਆ ਤੇ ਢਿਲੋਂ ਨੇ ਕਿਹਾ ਕਿ ਮੀਡੀਆਂ ਰਿਪੋਰਟਾਂ ਖੁਲਾਸਾ ਕਰਦੀਆਂ ਹਨ ਕਿ ਅਕਾਲੀ ਭਾਜਪਾ ਸਰਕਾਰ ਉਨ੍ਹਾਂ ਅਫਸਰਾਂ ਦਾ ਬਚਾਅ ਕਰ ਰਹੀ ਹੈ, ਜਿਹੜੇ ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਹੇਰਾਫੇਰੀ ’ਚ ਸ਼ਾਮਲ ਪਾਏ ਗਏ ਸਨ। ਕਾਂਗਰਸ ਪਾਰਟੀ ਇਨ੍ਹਾਂ ਸਾਰੇ ਪੁਲਿਸ ਅਫਸਰਾਂ ਨੂੰ ਚੋਣ ਡਿਊਟੀ ਤੋਂ ਬਾਹਰ ਰੱਖਣ ਤੇ ਇਨ੍ਹਾਂ ਦੇ ਨਾਂ ਲੋਕਾਂ ’ਚ ਲਿਆਉਣ ਦੀ ਮੰਗ ਕਰਦੀ ਹੈ, ਤਾਂ ਜੋ ਇਨ੍ਹਾਂ ਨੂੰ ਚੋਣਾਂ ਸਬੰਧੀ ਕੋਈ ਕੰਮ ਨਾ ਦਿੱਤਾ ਜਾਵੇ। ਕਾਂਗਰਸੀ ਆਗੂਆਂ ਨੇ ਪੰਜਾਬ ਸਰਕਾਰ ਤੋਂ ਦਾਗੀ ਪੁਲਿਸ ਅਫਸਰਾਂ ਬਾਰੇ ਰਿਪੋਰਟ ਮੰਗਣ ਲਈ ਭਾਰਤੀ ਚੋਣ ਕਮਿਸ਼ਨ ਦੀ ਸ਼ਲਾਘਾ ਕੀਤੀ ਹੈ। ਸੀਬੀਆ ਤੇ ਢਿਲੋਂ ਨੇ ਕਿਹਾ ਕਿ ਪੰਜਾਬ ਕਾਂਗਰਸ ਨਸ਼ਾਖੋਰੀ ਦੇ ਖਿਲਾਫ ਅੰਦੋਲਨ ਨੂੰ ਹੋਰ ਵਧਾਏਗੀ। ਕਾਂਗਰਸ ਪਾਰਟੀ ਨੇ ਆਪਣਾ ਅੰਦੋਲਨ ਪੰਜਾਬ ’ਚੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤਾ ਹੈ। ਪ੍ਰਦੇਸ਼ ਕਾਂਗਰਸ ਇਹ ਮੁੱਦਾ ਪਿੰਡ ਪੱਧਰ ’ਤੇ ਲਿਜਾ ਕੇ ਅਕਾਲੀ ਭਾਜਪਾ ਸਰਕਾਰ ਨੂੰ ਡਰੱਗ ਰੈਕੇਟ ਦੀ ਸੀ.ਬੀ.ਆਈ ਜਾਂਚ ਦਾ ਆਦੇਸ਼ ਦੇਣ ਲਈ ਮਜ਼ਬੂਰ ਕਰੇਗੀ। ਇਸ ਤੋਂ ਪਹਿਲਾਂ ਕਾਂਗਰਸ ਨੇ ਲੋਕਾਂ ਨਾਲ ਮਿਲ ਕੇ ਅਕਾਲੀ ਭਾਜਪਾ ਸਰਕਾਰ ’ਤੇ ਦਬਾਅ ਬਣਾ ਕੇ ਪ੍ਰਾਪਰਟੀ ਟੈਕਸ ਨੂੰ ਘਟਾਉਣ ਲਈ ਮਜ਼ਬੂਰ ਕੀਤਾ ਸੀ। ਪੰਜਾਬ ਦੀੇ ਜਨਤਾ, ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਲਈ ਅਕਾਲੀ ਦਲ ਤੇ ਭਾਜਪਾ ਗਠਜੋੜ ਨੂੰ ਕਦੇ ਮੁਆਫ ਨਹੀਂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਹਰੇਕ ਤੀਜ਼ਾ ਨੌਜਵਾਨ ਨਸ਼ਿਆਂ ਦਾ ਇਸਤੇਮਾਲ ਕਰ ਰਿਹਾ ਹੈ, ਇਥੋਂ ਤੱਕ ਕਿ ਸਕੂਲੀ ਬੱਚੇ ਵੀ ਨਸ਼ਿਆਂ ਦਾ ਸ਼ਿਕਾਰ ਬਣ ਰਹੇ ਹਨ। ਸਿਆਸੀ ਸਰਪ੍ਰਸਤੀ ਹੇਠ ਡਰੱਗ ਰੈਕੇਟ ਚਲਾਇਆ ਜਾ ਰਿਹਾ ਹੈ। ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਦਾ ਨਾਂ ਡਰੱਗ ਸਕੈਂਡਲ ’ਚ ਸਾਹਮਣੇ ਆਇਆ ਹੈ। ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਿਨ੍ਹਾਂ ਕਿਸੇ ਜਾਂਚ ਤੋਂ ਮਜੀਠੀਆ ਨੂੰ ਕਲੀਨ ਚਿਟ ਜਾਰੀ ਕਰ ਦਿੱਤੀ। ਭੁੱਖ ਹੜ੍ਹਤਾਲ ’ਚ ਸ਼ਾਮਿਲ ਹੋਣ ਵਾਲਿਆਂ ’ਚ ਸੰਗਰੂਰ ਤੋਂ ਜਸਦੀਪ ਚੌਹਾਨ, ਸੰਦੀਪ ਬਾਂਸਲ, ਰੋਕੀ ਬਾਂਸਲ, ਬਿੰਦਰ ਬਾਂਸਲ, ਗੁਰਤੇਜ ਗਰੇਵਾਲ, ਕਾਂਤਾ ਕਥਲਾ, ਹਰਪਾਲ ਸਿੰਘ, ਜਗਵਿੰਦਰ ਕਾਲਾ, ਸੰਜੇ ਗਾਬਾ, ਪਿਆਰਾ ਲਾਲ ਖਾਂ, ਨੱਥ ਲਾਲ ਢੀਂਗਰਾ ਤੇ ਬਰਨਾਲਾ ਤੋਂ ਸੁਖਜੀਤ ਕੌਰ ਸੁੱਖੀ ਐਮ.ਸੀ, ਕ੍ਰਿਸ਼ਨ ਕੁਮਾਰ, ਜਗਸੀਰ ਸਿੰਘ ਸੇਖਾ, ਅਮਰਜੀਤ ਸਿੰਘ ਕਾਕਾ, ਸਤਪਾਲ ਐਮ.ਸੀ, ਚੰਦ ਸਿੰਘ ਮਾਨਾ ਪਿੰਡ, ਗੁਰਦਰਸ਼ਨ ਬਰਾੜ ਸਰਪੰਚ, ਲੱਬੂ ਸਿੰਘ, ਸੁਖਵਿੰਦਰ ਸਿੰਘ, ਡਿੰਪਲ ਕੁਮਾਰ, ਕ੍ਰਿਸ਼ਨ ਕੁਮਾਰ, ਭੁਪਿੰਦਰ ਸਿੰਘ, ਗੁਰਜੀਤ ਸਿੰਘ ਬਰਾੜ ਵੀ ਸਨ।

Send this to a friend