ਭੜਕੇ ਲੋਕਾਂ ਨੇ ਠੇਕੇਦਾਰ ਦੀਆਂ ਗੱਡੀਆਂ ਅਤੇ ਠੇਕੇ ਨੂੰ ਲਗਾਈ ਅੱਗ
ਬਟਾਲਾ, 6 ਫਰਵਰੀ (ਕਾਜਲ ਅਗਰਵਾਲ, ਅਰਵਿੰਦਰ ਮਠਾਰੂ)- ਅੱਜ ਡੇਰਾ ਬਾਬਾ ਨਾਨਕ ਵਿਖੇ ਐਕਸਾਈਜ਼ ਦੀ ਗੱਡੀ ਵਲੋਂ 2 ਨੌਜਵਾਨਾ ਸੰਜੀਵ ਕੁਮਾਰ ਅਤੇ ਸੁਬੇਗ ਸਿੰਘ ਨੂੰ ਕੁਚਲ ਕੇ ਮਾਰਨ ਦਾ ਸਮਾਚਾਰ ਮਿਲਿਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਅੰਦਰ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਨੌਜਵਾਨਾਂ ਦੀ ਮੌਤ ਤੋਂ ਬਾਅਦ ਭੜਕੇ ਹੋਏ ਲੋਕਾਂ ਨੇ ਐਕਸਾਈਜ਼ ਦੀਆਂ 2 ਗੱਡੀਆਂ ਅਤੇ ਇਕ ਸ਼ਰਾਬ ਦੇ ਠੇਕੇ ਨੂੰ ਅੱਗ ਲਗਾ ਦਿੱਤੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਸਾਰ ਹੀ ਪੁਲਸ ਦੇ ਉਚ ਅਧਿਕਾਰੀ ਮੌਕੇ ਤੇ ਪਹੁੰਚ ਗਏ ਜਦਕਿ ਕਸਬੇ ਵਾਲਿਆਂ ਤਨਾਅ ਅਤੇ ਇਸ ਘਟਨਾ ਦੇ ਵਿਰੋਧ ਵਿਚ ਕਸਬੇ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਮ੍ਰਿਤਕ ਨੌਜਵਾਨ ਦੇ ਚਾਚਾ ਅਸ਼ੋਕ ਕੁਮਾਰ ਮੰਗਾ ਨੇ ਐਕਸਾਈਜ ਵਿਭਾਗ ‘ਤੇ ਸ਼ਰੇਆਮ ਦੋਸ਼ ਲਾਉਂਦਿਆਂ ਕਿਹਾ ਕਿ ਐਕਸਾਈਜ ਵਿਭਾਗ ਦੀ ਗੱਡੀ ਨੇ ਜਾਣ ਬੁੱਝ ਕੇ ਉਸ ਦੇ ਭਤੀਜੇ ਸੰਜੀਵ ਕੁਮਾਰ ਗੋਰੂ ਪੁਤਰ ਤਰਸੇਮ ਲਾਲ ਅਤੇ ਉਸ ਦੇ ਦੋਸਤ ਸੁਬੇਗ ਸਿੰਘ ਦੇਬੂ ਪੁਤਰ ਰਛਪਾਲ ਸਿੰਘ ਜੋਕਿ ਫਤਿਹਗੜ ਚੂੜੀਆਂ ਰੋਡ ਤੇ ਆਪਣੇ ਖੇਤਾਂ ਤੋਂ ਵਾਪਸ ਡੇਰਾ ਬਾਬਾ ਨਾਨਕ ਆ ਰਹੇ ਸਨ ਕਿ ਐਕਸਾਈਜ ਵਿਭਾਗ ਦੀ ਗੱਡੀ ਨੇ ਉਨ੍ਹਾਂ ਨੂੰ ਜਾਣਬੁੱਝ ਕੇ ਟੱਕਰ ਮਾਰੀ ਤੇ ਗੱਡੀ ਭਜਾ ਕੇ ਲੈ ਗਏ। ਜਦੋਂ ਲੋਕਾਂ ਨੇ ਦੋਹਾਂ ਨੌਜਵਾਨਾਂ ਨੂੰ ਕਸਬੇ ਦੇ ਸਿਵਲ ਹਸਪਤਾਲ ਲਿਆਂਦਾ ਤਾਂ ਡਾਕਟਰਾਂ ਵਲੋਂ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਭੜਕੇ ਲੋਕਾਂ ਨੇ ਕਸਬੇ ਦੇ ਐਕਸਾਈਜ ਵਿਭਾਗ ਦੇ ਇੱਕ ਮੁਲਾਜਮ ਦੀ ਕੁੱਟਮਾਰ ਕੀਤੀ, ਜਿਸ ਨੂੰ ਵੀ ਸਖਤ ਪ੍ਰਬੰਧਾਂ ਹੇਠ ਇਲਾਜ ਲਈ ਦਾਖਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਸਾਰ ਹੀ ਪੁਲਸ ਦੇ ਉਚ ਅਧਿਕਾਰੀ ਮੌਕੇ ਤੇ ਪਹੁੰਚ ਗਏ ਅਤੇ ਸਥਿਤੀ ਨੂੰ ਕੰਟਰੋਲ ਕੀਤਾ। ਖਬਰ ਲਿਖੇ ਜਾਣ ਤੱਕ ਕਸਬੇ ਵਿਚ ਤਨਾਅ ਵਾਲਾ ਮਾਹੌਲ ਹੈ ਅਤੇ ਪੁਲਸ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਚੌਕਸ ਹੈ। ਕਸਬੇ ਦੇ ਨੌਜਵਾਨਾਂ ਦੀ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਐਸ.ਐਸ.ਪੀ. ਬਟਾਲਾ ਸ. ਉਪਿੰਦਰਜੀਤ ਸਿੰਘ ਘੁੰਮਣ ਨੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵਿਖੇ ਪ੍ਰੈਸ ਕਾਂਨਫਰੰਸ ਕਰਦਿਆਂ ਦੱਸਿਆ ਕਿ ਲੋਕਲ ਸਰਾਬ ਦੇ ਠੇਕੇਦਾਰਾਂ ਦੀ ਗੱਡੀ ਵੱਲੋਂ ਅੱਗੇ ਜਾ ਰਹੀ ਸਕੂਟਰੀ ‘ਤੇ ਦੋ ਨੌਜਵਾਨਾਂ ਸੰਜੀਵ ਕੁਮਾਰ ਗੋਰੂ ਪੁਤਰ ਤਰਸੇਮ ਲਾਲ ਅਤੇ ਸੁਬੇਗ ਸਿੰਘ ਦੇਬੂ ਪੁਤਰ ਰਛਪਾਲ ਸਿੰਘ ਨੂੰ ਟੱਕਰ ਮਾਰ ਕੇ ਮਾਰ ਦਿੱਤਾ। ਉਨਾਂ ਦੱਸਿਆ ਕਿ ਇਸ ਘਟਨਾਂ ਸਬੰਧੀ ਪੁਲਿਸ ਥਾਨਾ ਡੇਰਾ ਬਾਬਾ ਨਾਨਕ ਵਿਖੇ ਮ੍ਰਿਤਕ ਸੁਬੇਗ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਪਿੰਡ ਕੋਟ ਦਲ ਪਤ ਰਾਏ ਦੇ ਪਰਿਵਾਰਕ ਮੈਂਬਰ ਬਘੇਲ ਸਿੰਘ ਪੁੱਤਰ ਰਛਪਾਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਨੰਬਰ 13 ਜੁਰਮ 302 ਅਧੀਨ ਬਿੱਲਾ ਡਰਾਇਵਰ, ਸੁਰਜੀਤ ਸਿੰਘ, ਅਮਨ ਸਿੰਘ, ਨਿਰਵੈਰ ਸਿੰਘ ਅਤੇ ਜਗਤਾਰ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਲਾਸਾਂ ਨੂੰ ਪੋਸਟ ਮਾਰਟਮ ਲਈ ਬਟਾਲਾ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਘਟਨਾ ਕਾਰਨ ਪੂਰੇ ਇਲਾਕੇ ਅੰਦਰ ਮਾਹੌਲ ਪੂਰੀ ਤਰ੍ਹਾਂ ਤਣਾਅ ਪੂਰਣ ਹੈ। ਗੰਭੀਰ ਹਲਾਤਾਂ ਨੂੰ ਦੇਖਦਿਆਂ ਪੂਰੇ ਸ਼ਹਿਰ ਦੀਆਂ ਦੁਕਾਨਾਂ ਬੰਦ ਹੋ ਗਈਆਂ ਅਤੇ ਭਾਰੀ ਗਿਣਤੀ ਵਿਚ ਪੁਲਿਸ ਫੌਰਸ ਤਾਇਨਾਤ ਕਰ ਦਿੱਤੀ ਗਈ।



