ਕਾਂਗਰਸ ਪਾਰਟੀ ਨੇ ਸਿੱਖ ਵਿਰੋਧੀ ਦੰਗਿਆਂ ਵਿੱਚ ਆਪਣੀ ਭੂਮਿਕਾ ਨੂੰ ਸਵੀਕਾਰਿਆ
ਅਗਲੇ ਦੋ ਸਾਲਾਂ ਅੰਦਰ 600 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਵੇਗੀ ਮੈਟਰੋ ਬੱਸ ਸੇਵਾ
ਸੁਖਬੀਰ ਬਾਦਲ ਨੇ 40 ਬੱਸਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ, 28 ਜਨਵਰੀ (ਮਨਿੰਦਰ ਸਿੰਘ ਗੋਰੀ, ਸੁਨੀਲ ਗੁਪਤਾ)-ਸਿੱਖ ਵਿਰੋਧੀ 1984 ਦੰਗਿਆਂ ਵਿਚ ਕਾਂਗਰਸ ਪਾਰਟੀ ਦੀ ਭੂਮਿਕਾ ਨੂੰ ਰਾਹੂਲ ਗਾਂਧੀ ਵਲੋਂ ਕਬੂਲ ਕਰ ਲੈਣ ਤੋਂ ਇਹ ਗੱਲ ਸਾਫ ਹੋ ਗਈ ਹੈ ਕਿ ਕਾਂਗਰਸ ਪਾਰਟੀ ਦੇ ਇਸ਼ਾਰੇ ’ਤੇ ਹੀ ਹਜ਼ਾਰਾਂ ਦੀ ਤਦਾਦ ਵਿਚ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਇਹ ਪ੍ਰਗਟਾਵਾ ਸ੍ਰੀ ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਨੇ ਅੱਜ ਅੰਮ੍ਰਿਤਸਰ ਸ਼ਹਿਰ ਅੰਦਰ ਤਕਰੀਬਨ 49 ਕਰੋੜ ਰੂਪੈ ਦੀ ਲਾਗਤ ਨਾਲ ਸ਼ੁਰੂ ਕੀਤੀ ਗਈ ਸਿਟੀ ਬਸ ਸਰਵਿਸ ਨੂੰ ਹਰੀ ਝੰਡੀ ਦੇਣ ਉਪੰਰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਸਿੱਖ ਕੌਮ ਨਾਲ 1984 ਵਿਚ ਕੀਤੇ ਇਸ ਅੱਤਿਆਚਾਰ ਕਾਰਨ ਸਮੁੱਚੀ ਸਿੱਖ ਕੌਮ ਨੂੰ ਕਾਂਗਰਸ
ਪਾਰਟੀ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਵਲੋਂ 1984 ਦੇ ਸਿੱਖ ਦੰਗਿਆਂ ਨੂੰ ਗੁਜਰਾਤ ਦੰਗਿਆਂ ਨਾਲ ਤੁਲਨਾ ਕਰਨਾ , ਇਕ ਕੋਝਾ ਬਿਆਨ ਹੈ। ਉਨਾਂ ਕਿਹਾ ਕਿ ਸਿੱਖ ਵਿਰੋਧੀ ਦੰਗਿਆਂ ਕਾਰਨ ਲੋਕ ਕਾਂਗਰਸ ਪਰਾਟੀ ਨੂੰ ਕਦੇ ਵੀ ਮਾਅਫ ਨਹੀ ਕਰਨਗੇ। ਉਨਾਂ ਕਿਹਾ ਕਿ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਵਲੋਂ ਇਹ ਕਹਿਣਾ ਕਿ ਜਦ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ ਕਾਰਨ ਦੇਸ਼ ਵਿਚ ਹਜ਼ਾਰਾਂ ਬੇਗੁਨਾਹ ਸਿੱਖ ਔਰਤਾਂ, ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਦਾ ਕਤਲ ਕਰ ਦਿੱਤਾ ਗਿਆ।
ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ਦੇਦਿਆਂ ਸ. ਬਾਦਲ ਨੇ ਕਿਹਾ ਕਿ ਅਗਰ ਪੰਜਾਬ ਕਾਂਗਰਸ ਕਮੇਟੀ ਵਿਚ ਥੋੜੀ ਜਿਹੀ ਵੀ ਸ਼ਰਮ ਬਾਕੀ ਹੈ ਤਾਂ ਉੁਹ ਦਿੱਲੀ ਜਾ ਕੇ ਧਰਨੇ ਦੇਵੇ ਅਤੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦੇਣ। ਚੰਡੀਗੜ੍ਹ ਵਿਚ ਪੰਜਾਬ ਕਾਂਗਰਸ ਪਾਰਟੀ ਵਲੋਂ ਦਿੱਤੇ ਜਾ ਰਹੇ ਧਰਨੇ ਨੂੰ ਸਿਰਫ ਕੁਰਸੀ ਬਚਾਉਣ ਦਾ ਜਰ੍ਹੀਆ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਕਾਂਗਰਸੀ ਨੇਤਾ ਕੇਵਲ ਸੁਰਖੀਆਂ ਵਿਚ ਰਹਿਣ ਦੇ ਖਾਤਰ ਹੀ ਇਹ ਸਾਰਾ ਪਾਖੰਡ ਕਰ ਰਹੇ ਹਨ, ਜਿਸ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਗਾਉਣਗੇ।
ਅਕਾਲੀ-ਭਾਜਪਾ ਗਠਬੰਧਨ ਨੂੰ ਅਤੁੱਟ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਸੂਬੇ ਦੇ ਸਰਬਪੱਖੀ ਵਿਕਾਸ ਵਿਚ ਅਕਾਲੀ-ਭਾਜਪਾ ਸਰਕਾਰ ਵਲੋ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ।
ਸ. ਬਾਦਲ ਨੇ ਅੱਗੇ ਕਿਹਾ ਕਿ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਲਈ ਸੂਬਾ ਸਰਕਾਰ ਵਲੋਂ ਕਰੀਬ ਦੋ ਹਜ਼ਾਰ ਰੂਪੇ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ, ਜੋ ਅਗਲੇ ਦੋ ਸਾਲਾਂ ਦੇ ਅੰਦਰ ਮੁਕੰਮਲ ਕਰ ਲਏ ਜਾਣਗੇ। ਉਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਾਸੀਆਂ ਲਈ ਸਿਟੀ ਬਸ ਸਰਵਿਸ ਸਰਵਿਸ ਤੋਂ ਇਲਾਵਾ ਆਉਣ ਵਾਲੇ ਕੁਝ ਦਿਨਾਂ ਅੰਦਰ ਕਰੀਬ 600 ਕਰੋੜ ਰੂਪੈ ਦੀ ਲਾਗਤ ਨਾਲ ਮੈਟਰੋ ਬੱਸ ਸਰਵਿਸ ਸ਼ੁਰੂ ਕਰ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਸਬੰਧੀ ਟੈਂਡਰ ਹੋ ਗਏ ਹਨ ਅਤੇ ਤਕਰੀਬਨ ਡੇਢ ਸਾਲ ਦੇ ਅੰਦਰ ਅੰਦਰ ਮੈਟਰੋ ਬੱਸਾਂ ਸੜਕਾਂ ਉੱਤੇ ਹੋਣਗੀਆਂ।
ਅੱਜ ਸ. ਬਾਦਲ ਵਲੋਂ ਅੰਮ੍ਰਿਤਸਰ ਸ਼ਹਿਰ ਅੰਦਰ 150 ਚੱਲਣ ਵਾਲੀਆਂ ਸਿਟੀ ਬੱਸਾਂ ਵਿਚੋਂ 40 ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਪਹਿਲੇ ਫੇਜ਼ ਵਿਚ ਚਾਲੂ ਕੀਤੀਆਂ ਗਈਆਂ ਇਹ ਬੱਸਾਂ ਰੂਟ ਨੰਬਰ ਇਕ ਤਹਿਤ ਦਬੁਰਜੀ ਤੋਂ ਗੇਟ ਵੇਅ ਸ੍ਰੀ ਅੰਮ੍ਰਿਤਸਰ, ਰੂਟ ਨੰਬਰ-2 ਤਹਿਤ ਦਬੁਰਜੀ ਤੋਂ ਮੀਰਾਂ ਕੋਟ ਵਾਇਆ ਸ੍ਰੀ ਦਰਬਾਰ ਸਾਹਿਬ ਅਤੇ ਰੂਟ ਨੰਬਰ-3 ਤਹਿਤ ਪੈਟਰੋਲ ਪੰਪ ਵੇਰਕਾ ਤੋਂ ਵਾਇਆ ਦੁਰਗਿਆਣਾ ਮੰਦਰ ਜਾਣਗੀਆਂ। ਇਨਾਂ ਬੱਸਾਂ ਵਿਚ ਏ.ਸੀ ਅਤੇ ਨਾਨ ਏ.ਸੀ ਬੱਸਾਂ ਸ਼ਾਮਿਲ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਅਨਿਲ ਜੋਸ਼ੀ ਸਥਾਨਕ ਸਰਕਾਰਾਂ ਮੰਤਰੀ ਪੰਜਾਬ, ਸਈ ਇੰਦਰਬੀਰ ਸਿੰਘ ਬੁਲਾਰੀਆਂ ਮੁੱਖ ਸੰਸਦੀ ਸਕੱਤਰ ਪੰਜਾਬ, ਸ੍ਰੀ ਬਖਸ਼ੀ ਰਾਮ ਅਰੋੜਾ ਮੇਅਰ ਅੰਮ੍ਰਿਤਸਰ, ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਸ੍ਰੀ ਜਤਿੰਦਰ ਸਿੰਘ ਔਲਖ ਕਮਿਸ਼ਨਰ ਪੁਲਿਸ ਅੰਮ੍ਰਿਤਸਰ,ਸ੍ਰੀ ਡੀ.ਪੀ.ਐਸ ਖਰਬੰਦਾ ਕਮਿਸ਼ਨਰ ਨਗਰ ਨਿਗਮ, ਭਾਜਪਾ ਨੇਤਾ ਤਰੁਣ ਚੁੱਘ, ਸਮੂਹ ਕੌਸਲਰ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।



