ਸ੍ਰੀ ਆਨੰਦਪੁਰ ਸਾਹਿਬ, 2 ਫਰਵਰੀ (ਦਵਿੰਦਰਪਾਲ ਸਿੰਘ, ਅੰਕੁਸ਼)- ਸਿਖਾਂ ਦੇ ਕੌਮੀ ਤਿਓਹਾਰ ਹੋਲੇ ਮਹਲੇ ਮੌਕੇ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਖਾਸ ਖਿਚ ਦਾ ਕੇਂਦਰ ਰਹਿਣ ਵਾਲੀਆਂ ਨਿਹੰਗ ਸਿੰਘ ਫੌਜ਼ਾਂ ਵਲੋਂ ਅਜ ਇਤਿਹਾਸਿਕ ਚਰਨਗੰਗਾ ਸਟੇਡੀਅਮ ਦਾ ਦੌਰਾ ਕੀਤਾ ਗਿਆ। ਇਸ ਮੌਕੇ ਤੇ ਖਾਸ ਤੌਰ ’ਤੇ ਪਹੁੰਚੇ ਬਾਬਾ ਬੁਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਨੇ ਦਸਿਆ ਕਿ ਖੁਦ ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਇਹ ਕਿਹਾ ਹੈ ਕਿ ਉਹ ਆਉਂਦੇ ਸਮੇਂ ‘ਚ ਇਸ ਸਟੇਡੀਅਮ ਨੂੰ ਅਤਿ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਕਰਵਾਉਣਗੇ ਤਾਂ ਜੋ ਲਖਾਂ ਦੀ ਗਿਣਤੀ ‘ਚ ਪਹੁੰਚਣ ਵਾਲੀ ਸੰਗਤ ਨੂੰ ਸਹੂਲਤ ਪ੍ਰਦਾਨ ਹੋ ਸਕੇ।ਅਜ ਬਾਅਦ ਦੁਪਹਿਰ ਚਰਨਗੰਗਾ ਸਟੇਡੀਅਮ ਵਿਖੇ ਬਾਬਾ ਬਲਵੀਰ ਸਿੰਘ ਦੇ ਨਾਲ ਮੇਲਾ ਅਫਸਰ ਕਮ ਐਸ ਡੀ ਐਮ ਸ੍ਰੀ ਆਨੰਦਪੁਰ ਸਾਹਿਬ ਉਚੇਚੇ ਤੌਰ ਤੇ ਹਾਜ਼ਰ ਹੋਏ।ਉਨ੍ਹਾਂ ਸਮੁਚੇ ਸਟੇਡੀਅਮ ਦਾ ਦੌਰਾ ਕਰਕੇ ਜਿਥੇ ਜਾਇਜ਼ਾ ਲਿਆ ਉਥੇ ਹੀ ਨਿਹੰਗ ਸਿੰਘਾਂ ਦੀ ਸਹੂਲਤ ਦੇ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਅਤੇ ਸਮੁਚੀ ਸੰਗਤ ਦੀ ਸਹੂਲਤ ਅਤੇ ਸੁਰਖਿਆ ਪ੍ਰਬੰਧਾਂ ਨੂੰ ਸੁਚਾਰੂ ਢੰਗ ਦੇ ਨਾਲ ਕਰਨ ‘ਤੇ ਵਿਚਾਰ ਕੀਤਾ। ਇਹੀ ਨਹੀਂ ਉਨ੍ਹਾਂ ਵਲੋਂ ਖਾਸ ਤੌਰ ਤੇ ਮੀਡੀਆ ਕਰਮੀਆਂ ਦੇ ਲਈ ਵੀ ਇੰਤਜ਼ਾਮ ਕਰਨ ਦੇ ਲਈ ਚਰਚਾ ਕੀਤੀ ਗਈ। ਜਿਸਤੋਂ ਬਾਅਦ ਗਲਬਾਤ ਕਰਦੇ ਹੋਏ ਬਾਬਾ ਬਲਵੀਰ ਸਿੰਘ ਨੇ ਕਿਹਾ ਕਿ ਬੁਹਤ ਹੀ ਖੁਸ਼ੀ ਵਾਲੀ ਗਲ ਹੈ ਕਿ ਸੂਬੇ ਵਿਚ ਸਰਕਾਰ ਬਣਨ ਤੋਂ ਬਾਅਦ ਖੁਦ ਸਰਕਾਰ ਨੇ ਇਸ ਸਟੇਡੀਅਮ ਦੀ ਹਾਲਤ ‘ਚ ਸੁਧਾਰ ਲਿਆਉਣ ਦੇ ਲਈ ਕਮਰ ਕਸੀ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਧਾਇਕ ਤੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਮੈਨੂੰ ਇਹ ਭਰੋਸਾ ਦੁਆਇਆ ਹੈ ਕਿ ਉਹ ਜਿਥੇ ਸਟੇਡੀਅਮ ਦੀ ਹਾਲਤ ਸੁਧਾਰਨ ‘ਚ ਯਤਨਸ਼ੀਲ ਰਹਿਣਗੇ ਉਥੇ ਹੀ ਸ੍ਰੀ ਆਨੰਦਪੁਰ ਸਾਹਿਬ ਦੇ ਵਿਕਾਸ ‘ਚ ਵੀ ਕੋਈ ਕਸਰ ਬਾਕੀ ਨਹੀਂ ਛਡਣਗੇ। ਜਦਕਿ ਮੇਲਾ ਅਫਸਰ ਕਮ ਐਸ ਡੀ ਐਮ ਰਕੇਸ਼ ਕੁਮਾਰ ਗਰਗ ਨੇ ਕਿਹਾ ਕਿ ਸਾਡੀ ਇਹ ਕੌਸ਼ਿਸ਼ ਹੈ ਕਿ ਮਹਲੇ ਦੌਰਾਨ ਨਿਹੰਗ ਸਿੰਘਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਅਸੀਂ ਸਾਰੇ ਪ੍ਰਬੰਧਾਂ ਨੂੰ ਸਮੇਂ ਸਿਰ ਨੇਪਰੇ ਚਾੜ ਦੇਵਾਂਗੇ। ਇਸ ਮੌਕੇ ਬਾਬਾ ਜਸਾ ਸਿੰਘ, ਜਗਦੀਸ਼ ਸਿੰਘ ਬਰਾੜ, ਸੁਖਪ੍ਰੀਤ ਸਿੰਘ, ਮਲੂਕ ਸਿੰਘ, ਲਾਡੀ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਕਾਹਲੋਂ, ਗੁਰਤੇਜ ਸਿੰਘ ਆਦਿ ਵੀ ਹਾਜ਼ਰ ਸਨ।
ਸਰਕਾਰ ਨੇ ਸਮਾਂ ਰਹਿੰਦੇ ਸਟੇਡੀਅਮ ਨੂੰ ਠੀਕ ਕਰਵਾਉਣ ਦਾ ਦਿੱਤਾ ਭਰੋਸਾ : ਬਾਬਾ ਬਲਵੀਰ ਸਿੰਘ



