ਮਾਨਸਾ, 1 ਫਰਵਰੀ (ਸੁਖਜਿੰਦਰ ਸਿੱਧੂ) -ਮਾਨਸਾ ਵਿੱਚ ਪਹਿਲੀ ਵਾਰ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਬੱਚਤ ਕਰਨ ਦੇ ਮੰਤਵ ਨਾਲ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਨੂੰ ਦਰਸਾਉਂਦੀ ਅਤੇ ਆਮ ਪਬਲਿਕ ਵਿੱਚ ਪਾਣੀ ਦੀ ਸੰਭਾਲ ਸਬੰਧੀ ਜਾਗ੍ਰਿਤੀ ਪੈਦਾ ਕਰਨ ਲਈ ਇੱਕ ਜਨਤਕ ਵੈਨ ਨੂੰ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਧਰਮਪਾਲ ਗੁਪਤਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਜਾਗਰੂਕਤਾ ਵੈਨ ਨਾਲ ਜਿੱਥੇ ਵੱਖ-ਵੱਖ ਪਿੰਡਾਂ ਦੀ ਜਨਤਾ ਨੂੰ ਪੀਣ ਵਾਲੇ ਪਾਣੀ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਮਿਲੇਗੀ ਕਿ ਟੂਟੀ ਕਿਸ ਤਰ੍ਹਾਂ ਲਗਾਉਣੀ ਹੈ, ਤਾਂ ਜੋ ਪਾਣੀ ਦੀ ਬੱਚਤ ਹੋ ਸਕੇ, ਉਥੇ ਵਿਭਾਗ ਦੀਆਂ ਚੱਲ ਰਹੀਆਂ ਵੱਖ-ਵੱਖ ਸਕੀਮਾਂ ਅਤੇ ਪੰਜਾਬ ਸਰਕਾਰ ਵੱਲੋਂ ਡਿਫਾਲਟਰ ਖਪਤਕਾਰਾਂ ਲਈ 28 ਫਰਵਰੀ 2018 ਤੱਕ ਸਿਰਫ 2000/- ਰੁਪਏ ਭਰਕੇ ਆਪਣੇ ਬਕਾਇਆ ਖੜ੍ਹੇ ਪਾਣੀ ਦੇ ਬਿੱਲ ਦਾ ਨਿਪਟਾਰਾ ਕਰਨ ਸਬੰਧੀ ਵੀ ਜਾਣਕਾਰੀ ਮਿਲੇਗੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨਿਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰਬਰ 2 ਸ਼੍ਰੀ ਰਵਿੰਦਰ ਬਾਂਸਲ ਨੇ ਦੱਸਿਆ ਕਿ ਲੋਕਾਂ ਨੂੰ ਪਾਣੀ ਦੇ ਬਚਾਅ ਸਬੰਧੀ ਜਾਗਰੂਕ ਕਰਨ ਲਈ ਮਾਨਸਾ ਵਿਖੇ 2 ਵੈਨਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਜ਼ਿਲ੍ਹੇ ਦੇ 110 ਪਿੰਡਾਂ ਨੂੰ ਕਵਰ ਕਰਣਗੀਆਂ। ਇਸ ਮੌਕੇ ਉਪ ਮੰਡਲ ਇੰਜੀਨਿਅਰ ਸ਼੍ਰੀ ਰਾਜਪਾਲ ਸਿੰਘ, ਸਹਾਇਕ ਇੰਜੀਨਿਅਰ ਸ਼੍ਰੀ ਕਰਮਜੀਤ ਸਿੰਘ, ਸ਼੍ਰੀ ਜਸਵਿੰਦਰ ਸਿੰਘ, ਬਲਾਕ ਰਿਸੋਰਸ ਕੋਆਰਡੀਨੇਟਰ ਸ਼੍ਰੀ ਚਰਨਜੀਤ ਸਿੰਘ ਤੋਂ ਇਲਾਵਾ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰਬਰ 2 ਦਾ ਸਮੂਹ ਸਟਾਫ਼ ਮੌਜੂਦ ਸਨ।
ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਬੱਚਤ ਤੋਂ ਜਾਗਰੂਕ ਕਰੇਗੀ ਜਾਗਰੂਕਤਾ ਵੈਨ



